nabaz-e-punjab.com

ਵਿਜੀਲੈਂਸ ਬਿਊਰੋ ਵੱਲੋਂ ਥਾਣੇਦਾਰ ਤੇ ਮੁੱਖ ਮੁਨਸ਼ੀ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਪੰਜਾਬ ਵਿਜੀਲੈਂਸ ਬਿਊਰੋ ਦੇ ਮੁਹਾਲੀ ਯੂਨਿਟ ਦੇ ਡੀਐਸਪੀ ਹਰਵਿੰਦਰ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੱਜ ਇੱਥੋਂ ਦੇ ਫੇਜ਼-8 ਸਥਿਤ ਸਨਅਤੀ ਏਰੀਆ ਪੁਲੀਸ ਚੌਕੀ ਦੇ ਏਐਸਆਈ ਕ੍ਰਿਸ਼ਨ ਕੁਮਾਰ ਅਤੇ ਮੁੱਖ ਮੁਨਸ਼ੀ ਅਜੈ ਗਿੱਲ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰਾਈਵੇਟ ਫਰਮ ਦੇ ਮਾਲਕ ਕਰਨ ਸਿੰਘ ਵਾਸੀ ਪਿੰਡ ਨਾਹਲਨ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਸੈਕਟਰ-53 ਦੀ ਸ਼ਿਕਾਇਤ ’ਤੇ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਦੇ ਡੀਐਸਪੀ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਪੁਲੀਸ ਚੌਕੀ ਨੇੜੇ ਹੀ ਸਿਮਰਨ ਲੋਨ ਨਾਮ ਦੀ ਪ੍ਰਾਈਵੇਟ ਫਰਮ ਹੈ। ਬੀਤੀ 27 ਜਨਵਰੀ ਨੂੰ ਮੁੱਖ ਮੁਨਸ਼ੀ ਅਜੈ ਗਿੱਲ ਆਪਣੇ ਨਾਲ 4-5 ਪੁਲੀਸ ਕਰਮਚਾਰੀਆਂ ਨਾਲ ਉਸ ਦੇ ਦਫ਼ਤਰ ਵਿੱਚ ਆਇਆ ਅਤੇ ਉਹ ਹੁਣੇ ਪੁਲੀਸ ਚੌਕੀ ਆਉਣ ਕਿਉਂਕਿ ਉਹ (ਪੀੜਤ) ਇੱਥੇ ਸਾਰਾ ਫਰਾਡ ਕੰਮ ਕਰਦੇ ਹਨ। ਇਸ ਸਬੰਧੀ ਉਨ੍ਹਾਂ ਨੇ ਪੁਲੀਸ ਨੂੰ ਉਸ ਦੇ ਖ਼ਿਲਾਫ਼ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਕਰਤਾ ਅਨੁਸਾਰ ਪੁਲੀਸ ਕਰਮਚਾਰੀ ਧੱਕੇ ਨਾਲ ਉਸ ਦੇ ਦਫ਼ਤਰ ਚੋਂ ਕਾਫ਼ੀ ਦਸਤਾਵੇਜ਼, ਲੈਪਟਾਪ ਅਤੇ ਪ੍ਰਿੰਟਰ ਅਤੇ ਹੋਰ ਸਮਾਨ ਚੁੱਕ ਕੇ ਆਪਣੇ ਨਾਲ ਲੈ ਗਏ। ਜਦੋਂ ਉਹ (ਪੀੜਤ) ਪੁਲੀਸ ਚੌਕੀ ਪੁੱਜਾ ਤਾਂ ਅਜੈ ਗਿੱਲ ਨੇ ਕਿਹਾ ਕਿ ਜੇਕਰ ਇਹ ਸਾਰਾ ਸਮਾਨ ਰਿਲੀਜ਼ ਕਰਵਾਉਣਾ ਹੈ ਤਾਂ 20 ਹਜ਼ਾਰ ਰੁਪਏ ਦੇਣੇ ਪੈਣਗੇ।
ਉਸ ਨੇ ਮੌਕੇ ’ਤੇ ਹੀ ਆਪਣੇ ਕਿਸੇ ਦੋਸਤ ਤੋਂ 8 ਹਜ਼ਾਰ ਲੈ ਕੇ ਪੁਲੀਸ ਨੂੰ ਦਿੱਤੇ ਗਏ। ਇਸ ਤਰ੍ਹਾਂ ਪੁਲੀਸ ਨੇ ਕੁੱਝ ਦਸਤਾਵੇਜ਼ ਅਤੇ ਪ੍ਰਿੰਟਰ ਉਸ ਨੂੰ ਦੇ ਦਿੱਤਾ ਅਤੇ ਬਾਕੀ ਸਮਾਨ ਆਪਣੇ ਕੋਲ ਰੱਖ ਲਿਆ। ਤਿੰਨ ਦਿਨਾਂ ਬਾਅਦ 30 ਜਨਵਰੀ ਨੂੰ ਮੁੱਖ ਮੁਨਸ਼ੀ ਦੁਬਾਰਾ ਉਸ ਦੇ ਦਫ਼ਤਰ ਵਿੱਚ ਆਇਆ ਅਤੇ ਉਸ ਨੂੰ ਧਮਕਾਉਂਦੇ ਹੋਏ ਕਿਹਾ ਕਿ ਥਾਣੇਦਾਰ ਕ੍ਰਿਸ਼ਨ ਕੁਮਾਰ ਅਤੇ ਇਕ ਹੋਰ ਥਾਣੇਦਾਰ ਅੱਗੇ ਪੇਸ਼ ਹੋਵੇ। ਥਾਣੇਦਾਰ ਨੇ ਬੀਤੇ ਕੱਲ੍ਹ 2 ਫਰਵਰੀ ਨੂੰ ਪੀੜਤ ਕਰਨ ਸਿੰਘ ਨੂੰ ਕਿਹਾ ਕਿ ਲੈਪਟਾਪ ਅਤੇ ਬਾਕੀ ਸਮਾਨ ਲੈਣਾ ਹੈ ਤਾਂ 25 ਹਜ਼ਾਰ ਰੁਪਏ ਦੇਣੇ ਪੈਣਗੇ। ਨਹੀਂ ਤਾਂ ਉਸ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇਗਾ। ਮਜਬੂਰੀਵਸ਼ ਉਸ ਨੇ ਮੌਕੇ ’ਤੇ 15 ਹਜ਼ਾਰ ਰੁਪਏ ਦੇ ਦਿੱਤੇ। ਬਕਾਇਆ ਰਾਸ਼ੀ 10 ਹਜ਼ਾਰ ਰੁਪਏ ਲੈਂਦੇ ਹੋਏ ਏਐਸਆਈ ਕ੍ਰਿਸ਼ਨ ਕੁਮਾਰ ਨੂੰ ਅੱਜ ਮੌਕੇ ’ਤੇ ਰੰਗੇ ਹੱਥੀ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਥਾਣੇਦਾਰ ਕੋਲੋਂ ਬੀਤੇ ਦਿਨੀਂ ਰਿਸ਼ਵਤ ਵਜੋਂ ਲਏ 15 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ। ਜਦੋਂਕਿ ਮੁੱਖ ਮੁਨਸ਼ੀ ਅਜੈ ਗਿੱਲ ਤੋਂ ਚੈੱਕ, ਲੈਪਟਾਪ ਬਰਾਮਦ ਕਰਕੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਥਾਣੇਦਾਰ ਅਤੇ ਮੁੱਖ ਮੁਨਸ਼ੀ ਨੂੰ ਭਲਕੇ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਇਸ ਮਾਮਲੇ ਵਿੱਚ ਸ਼ਾਮਲ ਹੋਰਨਾਂ ਪੁਲੀਸ ਮੁਲਾਜ਼ਮਾਂ ਬਾਰੇ ਪਤਾ ਕਰਕੇ ਉਨ੍ਹਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾਵੇਗਾ। ਜੇਕਰ ਉਨ੍ਹਾਂ ਦਾ ਰੱਤੀ ਭਰ ਵੀ ਮਿਲੀਭੁਗਤ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…