
ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ
ਨਬਜ਼-ਏ-ਪੰਜਾਬ, ਮੁਹਾਲੀ, 16 ਅਪਰੈਲ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਥਾਣੇ ਅਧੀਨ ਆਉਂਦੀ ਪੁਲੀਸ ਚੌਕੀ ਕਲਵਾ ਦੇ ਇੰਚਾਰਜ ਸਬ-ਇੰਸਪੈਕਟਰ (ਐਸਆਈ) ਹਰਮੇਸ਼ ਕੁਮਾਰ ਨੂੰ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਮੁਲਜ਼ਮ ਦੇ ਖ਼ਿਲਾਫ਼ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਫਲਾਇੰਗ ਸਕੂਐਡ-1 ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਅਨੁਸਾਰ ਇਹ ਕਾਰਵਾਈ ਜ਼ਿਲ੍ਹਾ ਜਲੰਧਰ ਦੀ ਸਬ-ਡਵੀਜ਼ਨ ਫਿਲੌਰ ਦੇ ਪਿੰਡ ਤੂਰਾ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਸ਼ਿਕਾਇਤ ਕਰਤਾ ਨੇ ਚੌਂਕੀ ਇੰਚਾਰਜ ’ਤੇ ਗੈਰ-ਕਾਨੂੰਨੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਸਬ ਇੰਸਪੈਕਟਰ ਹਰਮੇਸ਼ ਕੁਮਾਰ ਨੇ ਉਸ ਵਿਰੁੱਧ ਦਰਜ ਇੱਕ ਪੁਲੀਸ ਕੇਸ ਵਿੱਚ ਉਸ ਦੀ ਮਦਦ ਕਰਨ ਬਦਲੇ 1,50,000 ਰੁਪਏ ਦੀ ਰਿਸ਼ਵਤ ਮੰਗੀ ਹੈ।
ਸ਼ਿਕਾਇਤਕਰਤਾ ਅਨੁਸਾਰ ਉਕਤ ਚੌਂਕੀ ਇੰਚਾਰਜ ਪਹਿਲਾਂ ਹੀ ਇਸ ਸਬੰਧੀ ਪਹਿਲੀ ਕਿਸ਼ਤ ਵਜੋਂ ਉਸ ਕੋਲੋਂ 20 ਹਜ਼ਾਰ ਰੁਪਏ ਲੈ ਚੁੱਕਾ ਹੈ ਅਤੇ ਬਾਕੀ ਪੈਸੇ ਮੰਗ ਰਿਹਾ ਹੈ। ਵਿਜੀਲੈਂਸ ਮੁਤਾਬਕ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੂਐਡ-1 ਮੁਹਾਲੀ ਦੀ ਟੀਮ ਨੇ ਯੋਜਨਾਬੱਧ ਜਾਲ ਵਿਛਾਇਆ ਗਿਆ। ਇਸ ਦੌਰਾਨ ਉਕਤ ਸਬ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 80 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਨ੍ਹਾਂ ਖ਼ੁਲਾਸਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮ ਤੋਂ ਇਸ ਮਾਮਲੇ ਵਿੱਚ ਉਸ ਦੇ ਹੋਰ ਸਾਥੀਆਂ ਦੀ ਸ਼ੱਕੀ ਸ਼ਮੂਲੀਅਤ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਮੁਲਜ਼ਮ ਨੂੰ ਭਲਕੇ 17 ਅਪਰੈਲ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।