ਵਿਜੀਲੈਂਸ ਵੱਲੋਂ ਪਿੰਡ ਮਾਜਰੀਆਂ ਦੀ ਬਹੁ-ਕਰੋੜੀ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਨ ਦਾ ਪਰਦਾਫਾਸ਼

ਚਾਰ ਮਾਲ ਅਧਿਕਾਰੀਆਂ ਤੇ ਸੱਤ ਪ੍ਰਾਈਵੇਟ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ: ਬੀਕੇ ਉੱਪਲ

ਘਪਲੇ ਵਿੱਚ ਸ਼ਾਮਲ ਚਾਰ ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁਹਾਲੀ ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਭੇਜਿਆ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 9 ਮਈ:
ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਜੂਹ ਵਿੱਚ ਵਸਦੇ ਮੁਹਾਲੀ ਨੇੜਲੇ ਪਿੰਡਾਂ ਦੀ ਬਹੁ-ਕਰੋੜੀ ਜ਼ਮੀਨ ਉੱਤੇ ਭੂ-ਮਾਫੀਆ ਵੱਲੋਂ ਮੁਹਾਲੀ ਜ਼ਿਲ੍ਹੇ ਵਿੱਚ ਤਾਇਨਾਤ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਕਾਬਜ਼ ਹੋਣ ਜਾਂ ਮੁਨਾਫ਼ਾ ਖੱਟਣ ਲਈ ਕੀਤੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਚਾਰ ਮੁਲਾਜ਼ਮਾਂ ਇਕਬਾਲ ਸਿੰਘ ਪਟਵਾਰੀ ਸਮੇਤ ਪ੍ਰਾਈਵੇਟ ਵਿਅਕਤੀਆਂ ’ਚੋਂ ਰਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਹੰਸਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ-ਕਮ-ਡੀਜੀਪੀ ਬੀਕੇ ਉੱਪਲ ਨੇ ਦੱਸਿਆ ਕਿ ਪ੍ਰਾਪਰਟੀ ਡੀਲਰਾਂ ਅਤੇ ਭੂਮਾਫੀਆਂ ਨਾਲ ਜੁੜੇ ਕੁੱਝ ਵਿਅਕਤੀਆਂ ਨੇ ਪਿੰਡ ਮਾਜਰੀਆਂ, ਸਬ ਤਹਿਸੀਲ ਮਾਜਰੀ, (ਮੁਹਾਲੀ) ਦੀ ਜ਼ਮੀਨ ਦੇ ਤਕਸੀਮ ਦੇ ਇੰਤਕਾਲ ਮੌਕੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਖੇਵਟ ਨੰਬਰਾਂ ਵਿੱਚ ਮਲਕੀਅਤ ਤਬਦੀਲ ਕੀਤੀ ਗਈ ਅਤੇ ਗਲਤ ਮੁਖ਼ਤਿਆਰਨਾਮਿਆਂ ਰਾਹੀਂ ਆਮ ਲੋਕਾਂ ਦੇ ਨਾਮ ਤੇ ਤਬਦੀਲ ਕਰ ਦਿੱਤੀ ਗਈ ਤਾਂ ਜੋ ਵੱਡਾ ਮੁਨਾਫ਼ਾ ਖੱਟਿਆ ਜਾ ਸਕੇ। ਇਸ ਤੋਂ ਪਹਿਲਾਂ ਨਵੰਬਰ 2020 ਵਿੱਚ ਵਿਜੀਲੈਂਸ ਨੇ ਪਿੰਡ ਕਰੋਰਾਂ ਦੀ ਬਹੁਕੀਮਤੀ ਜ਼ਮੀਨ ਨੂੰ ਅਜਿਹੀ ਮਿਲੀਭੁਗਤ ਰਾਹੀਂ ਮਲਕੀਅਤ ਤਬਦੀਲ ਕਰਕੇ ਅੱਗੇ ਵੇਚਣ ਦਾ ਪਰਦਾਫਾਸ਼ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਪਿੰਡ ਮਾਜਰੀਆਂ ਦੇ ਮਾਲ ਰਿਕਾਰਡ ਦੀ ਪੜਤਾਲ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, ਅਤੇ ਆਈਪੀਸੀ ਦੀਆਂ ਧਾਰਾਵਾਂ 409, 420, 465, 467, 468, 471, 477-ਏ, 201, 120-ਬੀ ਤਹਿਤ ਵਿਜੀਲੈਂਸ ਥਾਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਬਲਾਕ ਮਾਜਰੀ ਦੇ ਤਤਕਾਲੀ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਸੰਯੁਕਤ ਸਬ ਰਜਿਸਟਰਾਰ ਰੁਪਿੰਦਰ ਸਿੰਘ ਮਣਕੂ, ਦੌਲਤ ਰਾਮ ਤੇ ਇਕਬਾਲ ਸਿੰਘ (ਦੋਵੇਂ ਮਾਲ ਪਟਵਾਰੀ), ਸ਼ਿਆਮ ਲਾਲ ਸਾਬਕਾ ਸਰਪੰਚ ਤੇ ਹੰਸ ਰਾਜ ਦੋਵੇਂ ਵਾਸੀ ਪਿੰਡ ਮਾਜਰੀਆਂ (ਪੱਤੀ ਗੂੜਾ), ਰੱਬੀ ਸਿੰਘ ਵਾਸੀ ਪਿੰਡ ਕਰੋਰਾਂ, ਧਰਮ ਪਾਲ ਵਾਸੀ ਅਮਲੋਹ (ਫਤਹਿਗੜ੍ਹ ਸਾਹਿਬ), ਸੁੱਚਾ ਰਾਮ ਵਾਸੀ ਪਿੰਡ ਕੈਂਬਾਲਾ (ਯੂਟੀ), ਪਰਮਜੀਤ ਸਿੰਘ ਵਾਸੀ ਪਿੰਡ ਹਰਦਾਸਪੁਰਾ (ਪਟਿਆਲਾ) ਅਤੇ ਰਵਿੰਦਰ ਸਿੰਘ ਪਿੰਡ ਸੌਢਾ (ਫਤਹਿਗੜ੍ਹ ਸਾਹਿਬ) ਨੂੰ ਨਾਮਜ਼ਦ ਕੀਤਾ ਗਿਆ ਹੈ।
ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪਿੰਡ ਮਾਜਰੀਆਂ ਦੇ ਮਾਲ ਰਿਕਾਰਡ ਦੀ ਜਮਾਬੰਦੀ ਸਾਲ 1983-1984 ਵਿੱਚ ਪਿੰਡ ਮਾਜਰੀਆਂ ਦੇ ਕੁੱਲ ਰਕਬੇ ਵਿੱਚੋਂ ਕਰੀਬ 29 ਹਜ਼ਾਰ ਕਨਾਲ ਜ਼ਮੀਨ ਸ਼ਾਮਲਾਤ ਦਰਸਾਈ ਗਈ ਸੀ। ਸਾਲ 1991 ਵਿੱਚ ਇਹ ਜਮੀਨ ਚੱਕਬੰਦੀ ਅਫਸਰ ਦੇ ਹੁਕਮਾਂ ਅਨੁਸਾਰ ਇੰਤਕਾਲ ਨੰਬਰ 2026, 07.05.1991 ਰਾਹੀਂ ਇਸ ਦੀ ਮਲਕੀਅਤ ਆਮ ਲੋਕਾਂ ਦੇ ਨਾਮ ਤੇ ਤਬਦੀਲ ਕੀਤੀ ਗਈ। ਇਸ ਜ਼ਮੀਨ ’ਚੋਂ 7113 ਕਨਾਲ ਰਕਬੇ ਦੀ ਤਕਸੀਮ ਇੰਤਕਾਲ ਨੰਬਰ 3159, ਮਿਤੀ 21.05.2004 ਰਾਹੀਂ ਕੀਤੀ ਜਾਣੀ ਪਾਈ ਗਈ ਹੈ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਉਕਤ ਤਕਸੀਮ ਦੇ ਇੰਤਕਾਲ ਨੰਬਰ 3159 ਵਿੱਚ ਛੇੜਛਾੜ ਕਰਕੇ 14 ਵਿਅਕਤੀਆਂ ਦੇ ਨਾਮ ਫਰਜੀ ਦਰਜ ਕੀਤੇ ਅਤੇ ਉਨ੍ਹਾਂ ਦੇ ਨਾਵਾਂ ਉੱਪਰ ਤਕਰੀਬਨ 558 ਏਕੜ ਜ਼ਮੀਨ ਲਗਾਈ ਗਈ ਹੈ। ਅੱਗੋਂ ਇਸ ਜ਼ਮੀਨ ਨੂੰ ਸਾਲ 2010-11 ਵਿੱਚ ਪ੍ਰਾਪਰਟੀ ਡੀਲਰ ਅਤੇ ਭੂ ਮਾਫੀਆਂ ਦਾ ਕੰਮ ਕਰਨ ਵਾਲੇ ਦੋਸ਼ੀ ਸ਼ਿਆਮ ਲਾਲ ਤੇ ਹੰਸਰਾਜ ਦੋਵੇਂ ਵਾਸੀ ਪਿੰਡ ਮਾਜਰੀਆਂ, ਸੁੱਚਾ ਰਾਮ ਵਾਸੀ ਕੈਂਬਵਾਲਾ (ਚੰਡੀਗੜ), ਰੱਬੀ ਸਿੰਘ ਵਾਸੀ ਪਿੰਡ ਕਰੋਰਾ ਅਤੇ ਧਰਮਪਾਲ ਵਾਸੀ ਅਮਲੋਹ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ, ਜਿਨ੍ਹਾਂ ਵਿੱਚ ਇਕਬਾਲ ਸਿੰਘ ਪਟਵਾਰੀ, ਨਾਇਬ ਤਹਿਸੀਲਦਾਰ ਰੁਪਿੰਦਰ ਮਣਕੂ ਆਦਿ ਸ਼ਾਮਲ ਸਨ, ਦੀ ਮੱਦਦ ਨਾਲ ਸਾਲ 2010-2011ਵਿੱਚ ਆਪਣੇ ਨਾਵਾਂ ਪਰ ਮੁਖ਼ਤਿਆਰੇ ਆਮ ਬਣਾਏ ਗਏ ਅਤੇ ਇਨ੍ਹਾਂ ਮੁਖ਼ਤਿਆਰਨਾਮਿਆਂ ਰਾਹੀਂ ਉਪਰੋਕਤ ਜ਼ਮੀਨ ਆਮ ਵਿਅਕਤੀਆਂ ਨੂੰ ਵੇਚ ਦਿੱਤੀ ਗਈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋ ਇਲਾਵਾ ਮਿਤੀ 18.06.2014 ਅਤੇ ਮਿਤੀ 19.06.2014 ਨੂੰ ਕੇਵਲ 2 ਦਿਨਾਂ ਵਿੱਚ ਹੀ ਤਕਰੀਬਨ 578 ਏਕੜ ਜ਼ਮੀਨ ਦੇ 10 ਤਬਾਦਲੇ ਫਰਜੀ ਕੀਤੇ ਜਾਣੇ ਪਾਏ ਗਏ ਜਿਨ੍ਹਾਂ ਦੇ ਸਹਿ ਦਸਤਾਵੇਜ਼ਾਂ ਦੀ ਪੜਤ ਪਟਵਾਰ ਅਤੇ ਪੜਤ ਸਰਕਾਰ ਨਾਲ ਇਹ ਦਸਤਾਵੇਜ਼, ਜਿਨ੍ਹਾਂ ਦੇ ਆਧਾਰ ਤੇ ਇਹ ਤਬਾਦਲੇ ਕੀਤੇ ਗਏ ਸਨ, ਮਾਲ ਵਿਭਾਗ ਦੇ ਰਿਕਾਰਡ ’ਚੋਂ ਖ਼ੁਰਦ-ਬੁਰਦ ਕਰ ਦਿੱਤੇ ਗਏ। ਇਨ੍ਹਾਂ ਫਰਜੀ ਤਬਾਦਲਿਆਂ ਦੇ ਇੰਤਕਾਲ ਪਟਵਾਰੀ ਦੌਲਤ ਰਾਮ ਅਤੇ ਉਸ ਵਕਤ ਦੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੱਲੋਂ ਤਸਦੀਕ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਰਾਹੀਂ ਫਰਜੀ ਮਲਕੀਅਤਾਂ ਬਣਾਕੇ ਬਨਾਰਸੀ ਪੁੱਤਰ ਬਾਬੂ ਰਾਮ, ਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਪਰਮਜੀਤ ਸਿੰਘ ਪੁੱਤਰ ਪਾਲ ਸਿੰਘ, ਸ਼ਿਆਮ ਲਾਲ ਪੁੱਤਰ ਕਾਲੂ ਰਾਮ ਵੱਲੋਂ ਕੁਝ ਵਿਅਕਤੀਆਂ ਨੂੰ ਇਹ ਜ਼ਮੀਨਾਂ ਵੱਖ-ਵੱਖ ਵਸੀਕਿਆਂ ਰਾਹੀਂ ਵੇਚ ਦਿੱਤੀਆਂ ਗਈਆਂ।
ਵਿਜੀਲੈਂਸ ਅਨੁਸਾਰ ਉਪਰੋਕਤ ਤੋ ਇਲਾਵਾ 43 ਵਿਅਕਤੀਆਂ ਦਾ ਫਰਜੀ ਤਕਸੀਮ ਕੇਸ ਤਿਆਰ ਕਰਕੇ ਉਸਦਾ ਫੈਸਲਾ ਦੌਲਤ ਰਾਮ ਪਟਵਾਰੀ, ਵਰਿੰਦਰਪਾਲ ਸਿੰਘ ਧੂਤ, ਨਾਇਬ ਤਹਿਸੀਲਦਾਰ ਅਤੇ ਪ੍ਰਾਪਰਟੀ ਡੀਲਰ ਅਤੇ ਭੂਮੀ ਮਾਫੀਆਂ ਸ਼ਿਆਮ ਲਾਲ ਵਾਸੀ ਗੂੜਾ ਮਾਜਰੀਆਂ ਦੀ ਮਿਲੀ ਭੁਗਤ ਨਾਲ 20.12.2017 ਨੂੰ ਮਨਜ਼ੂਰ ਕੀਤਾ ਜਾਣਾ ਪਾਇਆ ਗਿਆ ਹੈ। ਇਸ ਫਰਜੀ ਤਕਸੀਮ ਕੇਸ ਵਿੱਚ ਕਿਸੇ ਵੀ ਪਟੀਸ਼ਨਰ ਜਾਂ ਰਿਸਪੋਡੈਂਟ ਨੂੰ ਕੋਈ ਇਤਲਾਹ ਨਹੀਂ ਕਰਵਾਈ ਗਈ, ਨਾ ਹੀ ਕਿਸੇ ਵਕੀਲ ਦਾ ਵਕਾਲਤਨਾਮਾ ਨੱਥੀ ਕੀਤਾ ਗਿਆ ਅਤੇ ਅਖ਼ਬਾਰ ਵਿੱਚ 14.04.2014 ਨੂੰ ਛਪੇ ਇੱਕ ਫਰਜੀ ਇਸ਼ਤਿਹਾਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਬਾਵਜੂਦ ਇਸ ਤਕਸੀਮ ਸਬੰਧੀ ਇੰਤਕਾਲ ਨੰਬਰ 4895 21.12.2017 ਨੂੰ ਫੈਸਲੇ ਦੇ ਅਗਲੇ ਦਿਨ ਹੀ ਦੌਲਤ ਰਾਮ ਪਟਵਾਰੀ ਵੱਲੋਂ ਦਰਜ ਕਰ ਦਿੱਤਾ ਗਿਆ ਹੈ ਜਿਸ ਨੂੰ 27.12.2017 ਨੂੰ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੱਲੋਂ ਮਨਜ਼ੂਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਤਫ਼ਤੀਸ਼ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖ਼ਸ਼ਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…