nabaz-e-punjab.com

ਵਿਜੀਲੈਂਸ ਵੱਲੋਂ ਮੰਡੀ ਬੋਰਡ ਤੇ ਗਮਾਡਾ ਦੇ ਅਧਿਕਾਰੀ ਸੁਰਿੰਦਰਪਾਲ ਸਿੰਘ ਵਿਰੁੱਧ ਇੱਕ ਹੋਰ ਕੇਸ ਦਰਜ

ਪੰਜਾਬ ਮੰਡੀ ਬੋਰਡ, ਗਮਾਡਾ ਅਤੇ ਸਕੂਲ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੀਤਾ ਨਾਮਜ਼ਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਜੁਲਾਈ
ਵਿਜੀਲੈਂਸ ਬਿਊਰੋ ਨੇ ਪੰਜਾਬ ਮੰਡੀ ਬੋਰਡ ਤੇ ਗਮਾਡਾ ਵਿਖੇ ਤਾਇਨਾਤ ਰਹੇ ਨਿਗਰਾਨ ਇੰਜੀਨੀਅਰ ਸੁਰਿੰਦਰਪਾਲ ਸਿੰਘ ਵੱਲੋਂ ਸਰਕਾਰੀ ਨੌਕਰੀ ਦੌਰਾਨ ਗਲਤ ਜਨਮ ਪ੍ਰਮਾਣ ਪੱਤਰ ਪੇਸ਼ ਕਰਨ ਵਿਰੁੱਧ ਕੇਸ ਦਰਜ ਕੀਤਾ ਹੈ। ਯਾਦ ਰਹੇ ਕਿ ਉਕਤ ਇੰਜੀਨੀਅਰ ਵਿਰੁੱਧ ਵਿਜੀਲੈਂਸ ਵਲੋਂ ਪਹਿਲਾਂ ਹੀ ਵਿਕਾਸ ਕੰਮਾਂ ਦੇ ਟੈਂਡਰ ਚਹੇਤੀਆਂ ਫਰਮਾਂ ਨੂੰ ਦੇਣ, ਜਾਅਲੀ ਫਰਮਾਂ ਰਾਹੀਂ ਵਿੱਤ ਤੋਂ ਵੱਧ ਪੈਸਾ ਪਰਿਵਾਰਕ ਫਰਮਾਂ ਦੇ ਖਾਤਿਆਂ ਵਿਚ ਤਬਦੀਲ ਕਰਨ ਅਤੇ ਸਰੋਤਾਂ ਤੋਂ ਵੱਧ ਜਾਇਦਾਦਾਂ ਬਣਾਉਣ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਕਰਜ ਕਰਕੇ ਜੇਲ ਭੇਜਿਆ ਜਾ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਓੁਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਸੁਰਿੰਦਰਪਾਲ ਸਿੰਘ ਮਿਤੀ 28.01.1993 ਨੂੰ ਪੰਜਾਬ ਮੰਡੀ ਬੋਰਡ ਵਿਚ ਬਤੌਰ ਜੂਨੀਅਰ ਇੰਜੀਨੀਅਰ ਭਰਤੀ ਹੋਇਆ ਸੀ ਅਤੇ ਨੌਕਰੀ ਦੌਰਾਨ ਉਸ ਵਲੋਂ ਆਪਣੀ ਜਨਮ ਮਿਤੀ ਅਸਲ ਨਾਲੋਂ 4 ਸਾਲ ਘੱਟ ਭਾਵ 11.12.1971 ਦਰਸਾਈ ਗਈ ਸੀ ਪਰ ਇਸ ਅਧਿਕਾਰੀ ਦੀ ਅਸਲ ਜਨਮ ਮਿਤੀ 11.12.1967 ਹੈ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੀ ਪੜਤਾਲ ਉਪਰੰਤ ਇਹ ਸਾਹਮਣੇ ਆਇਆ ਕਿ ਉਕਤ ਦੋਸ਼ੀ ਨੇ ਮਾਰਚ 1984 ਦਸਵੀਂ ਪਾਸ ਕੀਤੀ ਸੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗਜ਼ਟ ਤੋਂ ਇਲਾਵਾ ਸਾਲ 1984 ਦੀ ਨਤੀਜਾ ਸ਼ੀਟ ’ਤੇ ਜਨਮ ਮਿਤੀ 11.12.1967 ਦਰਸਾਈ ਗਈ ਹੈ ਪਰ ਸੁਰਿੰਦਰਪਾਲ ਸਿੰਘ ਦੀ ਸਰਵਿਸ ਬੁੱਕ ਵਿਚ ਜਨਮ ਮਿਤੀ 11.12.1971 ਦਰਜ ਹੈ। ਉਕਤ ਦੋਸ਼ੀ ਇੰਜੀਨੀਅਰ ਨੇ ਸਰਕਾਰੀ ਮਿਡਲ ਸਕੂਲ ਮੂਲਿਆਂਵਾਲੀ ਜਿਲ੍ਹਾ ਫਾਜਿਲਕਾ ਤੋਂ 31.03.1981 ਵਿਚ ਅਠਵੀਂ ਪਾਸ ਕੀਤੀ ਅਤੇ ਉਸ ਨੂੰ 10.06.1981 ਨੂੰ ਅਠਵੀਂ ਜਮਾਤ ਦਾ ਸਰਟੀਫਿਕੇਟ ਜਾਰੀ ਹੋਇਆ ਹੈ। ਇਸੇ ਸਰਟੀਫਿਕੇਟ ਦੇ ਅਧਾਰ ’ਤੇ ਉਸਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪੰਮੀਵਾਲਾ ਫੱਤਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਨੌਵੀਂ ਜਮਾਤ ਵਿਚ ਦਾਖਲਾ ਲਿਆ ਅਤੇ ਦਸਵੀਂ ਵੀ ਇਥੋਂ ਹੀ ਪਾਸ ਕੀਤੀ। ਇਨ੍ਹਾਂ ਸਕੂਲਾਂ ਵਿਚੋਂ ਪ੍ਰਾਪਤ ਰਿਕਾਰਡ ਅਨੁਸਾਰ ਉਸ ਦੀ ਜਨਮ ਮਿਤੀ 11.12.1967 ਹੀ ਇੰਦਰਾਜ਼ ਹੋਈ ਹੈ। ਜਿਸ ਤੋਂ ਸਿੱਧ ਹੁੰਦਾ ਹੈ ਕਿ ਉਸ ਨੇ ਆਪਣੀ ਜਨਮ ਮਿਤੀ ਵਿਚ ਫੇਰਬਦਲ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਦੋਸ਼ੀ ਅਧਿਕਾਰੀ ਨੇ ਸਾਲ 1985-86 ਵਿਚ ਸੀਨੀਅਰ ਸਕੈਂਡਰੀ ਦਾ ਇਤਤਿਹਾਨ ਪਾਸ ਕਰਨ ਉਪਰੰਤ ਸਾਲ 1986-89 ਤੱਕ ਸਿਵਲ ਇੰਜੀਨੀਅਰਿੰਗ ਵਿਚ ਤਿੰਨ ਸਾਲਾ ਡਿਪਲੋਮਾ ਹਾਸਲ ਕੀਤਾ। ਇਸ ਸੰਸਥਾ ਦੇ ਰਿਕਾਰਡ ਵਿਚ ਵੀ ਉਸ ਦੀ ਜਨਮ ਮਿਤੀ 11.12.1967 ਹੀ ਹੈ। ਜਿਸ ਤੋਂ ਸਿੱਧ ਹੁੰਦਾ ਹੈ ਕਿ ਸੁਰਿੰਦਰਪਾਲ ਸਿੰਘ ਨੇ ਪੰਜਾਬ ਮੰਡੀ ਬੋਰਡ/ਗਮਾਡਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀ-ਭੁਗਤ ਨਾਲ ਆਪਣੀ ਜਨਮ ਮਿਤੀ ਦੇ ਸਰਟੀਫਿਕੇਟ ਵਿਚ ਮਿਤੀ 11.12.1967 ਦੀ ਬਜਾਏ 11.12.1971 ਮਿਤੀ ਗਲਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਵਿਜੀਲੈਂਸ ਨੇ ਸੁਰਿੰਦਰਪਾਲ ਸਿੰਘ ਵਲੋਂ ਸਰਕਾਰੀ ਨੌਕਰੀ ਪਾਉਣ ਸਮੇਂ ਗਲਤ ਜਨਮ ਪ੍ਰਮਾਣ ਪੱਤਰ ਪੇਸ਼ ਕਰਨ ਅਤੇ ਇਸ ਨੂੰ ਤਿਆਰ ਕਰਨ ਵਿਚ ਮੱਦਦ ਕਰਨ ਵਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਸਮੇਤ ਪੰਜਾਬ ਮੰਡੀ ਬੋਰਡ/ਗਮਾਡਾ ਅਤੇ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵਿਜੀਲੈਂਸ ਦੇ ਥਾਣਾ ਮੁਹਾਲੀ ਵਿਖੇ ਆਈ.ਪੀ.ਸੀ ਦੀ ਧਾਰਾ 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੁ ਕਾਨੂੰਨ ਦੀ ਧਾਰਾ 13 (1) ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…