
ਵਿਜੀਲੈਂਸ ਬਿਊਰੋ ਵੱਲੋਂ ਪਾਵਰਕੌਮ ਦਾ ਜੇਈ ਤੇ ਦਲਾਲ 90 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਰਿਸ਼ਵਤਖ਼ੋਰੀ: ਮੁਹਾਲੀ ਅਦਾਲਤ ਨੇ ਪਾਵਰਕੌਮ ਦੇ ਜੇਈ ਤੇ ਦਲਾਲ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਪਾਵਰਕੌਮ ਦੇ ਇੱਕ ਜੂਨੀਅਰ ਇੰਜੀਨੀਅਰ (ਜੇਈ) ਅਤੇ ਉਸ ਦੇ ਦਲਾਲ ਨੂੰ 90 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖ਼ੁਲਾਸਾ ਵਿਜੀਲੈਂਸ ਬਿਊਰੋ ਦੇ ਏਆਈਜੀ ਅਸੀਸ ਕਪੂਰ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਥਾਣਾ ਮੁਹਾਲੀ ਵਿਖੇ ਜੇਈ ਮਲਕੀਤ ਸਿੰਘ ਅਤੇ ਦਲਾਲ ਪ੍ਰਦੀਪ ਕੁਮਾਰ ਮਿੰਟੂ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਆਟਾ ਚੱਕੀ ਦੇ ਮਾਲਕ ਕੁਸ਼ਲ ਪਾਲ ਸਿੰਘ ਵਾਸੀ ਪਿੰਡ ਖੇਲ੍ਹਣ (ਜ਼ਿਲ੍ਹਾ ਮੁਹਾਲੀ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਮਿੰਟੂ ਇਲੈਕਟ੍ਰੀਕਲ ਦੀ ਦੁਕਾਨ ਕਰਦਾ ਹੈ ਅਤੇ ਜੇਈ ਦਾ ਗੂੜਾ ਮਿੱਤਰ ਹੈ। ਦੋਵੇਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਪੀੜਤ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬੀਤੀ 26 ਨਵੰਬਰ ਨੂੰ ਸਵੇਰੇ ਕਰੀਬ ਸੱਤ ਵਜੇ ਜੇਈ ਮਲਕੀਤ ਸਿੰਘ ਉਸ ਦੀ ਆਟਾ ਚੱਕੀ ’ਤੇ ਆਇਆ। ਜੋ ਚੱਕੀ ਦੇ ਪਿਛਲੇ ਪਾਸੇ ਉਸ ਦੀ ਜ਼ਮੀਨ ਵਿੱਚ ਲੱਗੀ ਮੋਟਰ ’ਤੇ ਚਲਾ ਗਿਆ। ਕੁੱਝ ਦੇਰ ਬਾਅਦ ਵਾਪਸ ਆਇਆ ਅਤੇ ਆਪਣੀ ਕਾਰ ’ਚੋਂ ਬਿਜਲੀ ਦੀ ਤਾਰ ਦਾ ਇਕ ਰੋਲ ਕੱਢ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ (ਸ਼ਿਕਾਇਤ) ਬਿਜਲੀ ਦੀ ਚੋਰੀ ਕਰਦਾ ਹੈ। ਲਿਹਾਜ਼ਾ ਉਸ ਦੇ ਵਿਰੁੱਧ ਬਿਜਲੀ ਚੋਰੀ ਦਾ ਕੇਸ ਬਣਦਾ ਹੈ। ਪੀੜਤ ਨੇ ਜੇਈ ਦੇ ਬਹੁਤ ਤਰਲੇ ਕੱਢੇ ਅਤੇ ਕਿਹਾ ਕਿ ਉਹ ਬਿਜਲੀ ਚੋਰੀ ਨਹੀਂ ਕਰਦਾ ਹੈ ਬਲਕਿ ਉਸ ਕੋਲ 10 ਕਿੱਲੋਵਾਟ ਦਾ ਸੋਲਰ ਸਿਸਟਮ ਹੈ। ਜਿਸ ਨਾਲ ਉਹ ਆਟਾ ਚੱਕੀ ਚਲਾਉਂਦਾ ਹੈ। ਜੇਕਰ ਉਸ ਨੂੰ ਕਦੇ ਬਿਜਲੀ ਦੀ ਲੋੜ ਪੈਂਦੀ ਹੈ ਤਾਂ ਉਹ ਉਸ ਦਾ ਬਣਦਾ ਬਿਜਲੀ ਬਿੱਲ ਸਰਕਾਰ ਨੂੰ ਅਦਾ ਕਰਦਾ ਹੈ।
ਇਸ ਸਭ ਦੇ ਬਾਵਜੂਦ ਜੇਈ ਆਪਣੀ ਗੱਲ ’ਤੇ ਅੜਿਆ ਰਿਹਾ ਅਤੇ ਉਸ ਨੂੰ ਭਾਰੀ ਜੁਰਮਾਨਾ ਕਰਨ ਦੀ ਧਮਕੀ ਦਿੱਤੀ। ਬਾਅਦ ਵਿੱਚ ਜੇਈ ਨੇ ਪਿੰਡ ਹਜਾਪੁਰ ਦੇ ਪ੍ਰਦੀਪ ਕੁਮਾਰ ਉਰਫ਼ ਮਿੰਟੂ ਨੂੰ ਮੌਕੇ ’ਤੇ ਸੱਦ ਲਿਆ ਅਤੇ ਉਸ ਦੇ ਸਾਹਮਣੇ ਪੀੜਤ ਨੂੰ ਝੂਠਾ ਕੇਸ ਨਾ ਬਣਾਉਣ ਬਦਲੇ ਤਿੰਨ ਲੱਖ ਰੁਪਏ ਰਿਸ਼ਵਤ ਦੇਣ ਦੀ ਮੰਗ ਕੀਤੀ ਗਈ। ਇਸ ਤਰ੍ਹਾਂ ਮਿੰਟੂ ਨੇ ਵਿੱਚ ਪੈ ਕੇ ਮਸਲਾ ਹੱਲ ਕਰਨ ਦੀ ਗੱਲ ਕਹੀ। ਜਿਸ ਕਾਰਨ ਉਹ ਬਹੁਤ ਜ਼ਿਆਦਾ ਘਬਰਾ ਗਿਆ ਅਤੇ ਉਸ ਨੇ ਮੌਕੇ ’ਤੇ ਹੀ ਆਟੇ ਦੀ ਪਿਸਾਈ ਦੇ 50 ਹਜ਼ਾਰ ਰੁਪਏ ਅਤੇ 50 ਹਜ਼ਾਰ ਰੁਪਏ ਆਪਣੇ ਚਚੇਰੇ ਭਰਾ ਤੋਂ ਉਧਾਰ ਫੜ ਕੇ ਮਿੰਟੂ ਦੇ ਸਾਹਮਣੇ ਜੇਈ ਨੂੰ ਦਿੱਤੇ। ਜੇਈ ਨੇ ਬਾਕੀ ਦੋ ਲੱਖ ਵੀ ਜਲਦੀ ਦੇਣ ਦੀ ਧਮਕੀ ਦਿੱਤੀ ਅਤੇ ਮਿੰਟੂ ਰਾਹੀਂ ਪੈਸੇ ਛੇਤੀ ਦੇਣ ਲਈ ਦਬਾਅ ਪਾਇਆ ਜਾਂਦਾ ਰਿਹਾ। ਇਸ ਮਗਰੋਂ ਉਸਨੇ ਮਿੰਟੂ ਨਾਲ ਗੱਲ ਕਰਕੇ ਪੈਸੇ ਘੱਟ ਕਰਾਉਣ ਦੀ ਅਪੀਲ ਕੀਤੀ। ਇਸ ਤਰ੍ਹਾਂ ਮਿੰਟੂ ਨੇ ਉਸ ਨੂੰ ਜੇਈ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਅਤੇ ਉਹ ਦਫ਼ਤਰ ਜਾ ਕੇ ਜੇਈ ਨੂੰ ਮਿਲਿਆ ਅਤੇ ਕਿਹਾ ਕਿ ਉਸ ਕੋਲ ਹਾਲੇ ਇਕ ਲੱਖ ਦਾ ਜੁਗਾੜ ਹੀ ਹੋਇਆ ਅਤੇ ਉਸ ਦੀ ਭਤੀਜੀ ਦਾ ਵਿਆਹ ਹੈ। ਲਿਹਾਜ਼ਾ ਉਸ ਨੂੰ ਹੋਰ ਸਮਾਂ ਦਿੱਤਾ ਜਾਵੇ। ਲੇਕਿਨ ਜੇਈ ਅਤੇ ਦਲਾਲ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਨਹੀਂ ਛੱਡਿਆ। ਜਿਸ ਕਾਰਨ ਦੁਖੀ ਹੋ ਕੇ ਉਸ ਨੇ ਵਿਜੀਲੈਂਸ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਏਆਈਜੀ ਅਸ਼ੀਸ਼ ਕਪੂਰ ਦੀ ਨਿਗਰਾਨੀ ਹੇਠ ਡੀਐਸਪੀ ਅਜੇ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਜਾਲ ਵਿਛਾਇਆ। ਇਸ ਤਰ੍ਹਾਂ ਮੁਲਜ਼ਮ ਜੇਈ ਅਤੇ ਦਲਾਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਕੋਲੋਂ 90 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।