
ਵਿਜੀਲੈਂਸ ਕੇਸ: ਦਵਿੰਦਰ ਸੰਧੂ ਤੇ ਸਾਗਰ ਭਾਟੀਆ ਦਾ ਦੋ ਰੋਜ਼ਾ ਪੁਲੀਸ ਰਿਮਾਂਡ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਡਬਲਿਊ.ਡਬਲਿਊ.ਆਈ.ਸੀ.ਐਸ ਦੇ ਡਾਇਰੈਕਟਰ ਅਤੇ ਉੱਘੇ ਕਾਰੋਬਾਰੀ ਦਵਿੰਦਰ ਸਿੰਘ ਸੰਧੂ ਨੂੰ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਜਦੋਂਕਿ ਇਸ ਮਾਮਲੇ ਨਾਮਜ਼ਦ ਸੀਨੀਅਰ ਟਾਊਨ ਪਲਾਨਰ (ਸੇਵਾਮੁਕਤ) ਸਾਗਰ ਭਾਟੀਆ ਨੂੰ ਵਿਜੀਲੈਂਸ ਨੇ ਲੰਘੀ ਦੇਰ ਰਾਤ ਹੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਪੁਲੀਸ ਹਾਸਲ ਕਰ ਲਿਆ ਸੀ। ਉਸ ਨੂੰ ਭਲਕੇ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਖ਼ਿਲਾਫ਼ 17 ਸਤੰਬਰ 2020 ਨੂੰ ਐਫ਼ਆਈਆਰ-11 ਧਾਰਾ 409, 420, 465, 467, 468, 471, 120-ਬੀ ਆਈਪੀਸੀ ਅਤੇ 7 (ਏ) (ਬੀ) (ਸੀ) ਅਤੇ 7-ਏ, 13 (1) ਰ/ਵ 13(2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਜਲਦਬਾਜ਼ੀ ਕਰਦਿਆਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪ੍ਰੰਤੂ ਉੱਚ ਅਦਾਲਤ ਨੇ ਸੈਣੀ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਮੰਨਦਿਆਂ ਉਸ ਨੂੰ ਰਿਹਾਅ ਕਰ ਦਿੱਤਾ ਹੈ।
ਵਿਜੀਲੈਂਸ ਦੀ ਤਫ਼ਤੀਸ਼ ਵਿੱਚ ਇਹ ਤੱਥ ਸਾਹਮਣੇ ਆਏ ਕਿ ਦਵਿੰਦਰ ਸੰਧੂ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਦਾ ਪੁਰਾਣਾ ਜਾਣਕਾਰ ਸੀ ਅਤੇ ਨਿਮਰਤਦੀਪ ਦੀ ਉੱਚ ਅਧਿਕਾਰੀਆਂ ਨਾਲ ਗੂੜੀ ਜਾਣ ਪਛਾਣ ਸੀ। ਉਸ ਨੇ ਆਪਣੀ ਕਲੋਨੀਆਂ ਸਰਟੀਫਾਈ ਕਰਵਾਉਣ ਬਦਲੇ ਸੰਧੂ ਤੋਂ ਕਥਿਤ ਤੌਰ ’ਤੇ 6 ਕਰੋੜ ਰੁਪਏ ਰਿਸ਼ਵਤ ਹਾਸਲ ਕੀਤੀ ਗਈ ਸੀ। ਜਾਂਚ ਤੋਂ ਬਾਅਦ ਨਿਮਰਤਦੀਪ ਸਮੇਤ ਉਸਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ, ਤਰਨਜੀਤ ਸਿੰਘ ਅਨੇਜਾ ਤੇ ਮੋਹਿਤ ਪੁਰੀ ਨੂੰ ਨਾਮਜ਼ਦ ਕਰਕੇ ਅਗਲੇਰੀ ਜਾਂਚ ਅਮਲ ਵਿੱਚ ਲਿਆਂਦੀ ਗਈ।
ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਨਿਮਰਤਦੀਪ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਕੀਤੀ ਰਕਮ ਨਾਲ ਮਕਾਨ ਨੰਬਰ 3048, ਸੈਕਟਰ 20-ਡੀ, ਚੰਡੀਗੜ੍ਹ ਦੀ ਖਰੀਦ ਸਤੰਬਰ 2017 ਵਿੱਚ ਕਰਨ ਉਪਰੰਤ ਪੁਰਾਣੇ ਮਕਾਨ ਨੂੰ ਢਾਹ ਕੇ ਨਵੇਂ ਸਿਰਿਓਂ ਆਲੀਸ਼ਾਨ ਮਕਾਨ ਦੀ ਉਸਾਰੀ ਕੀਤੀ ਗਈ। ਇਸ ਸਬੰਧੀ ਕਰੀਮੀਨਲ ਲਾਅ ਅਮੈਂਡਮੈਂਟ ਆਰਡੀਨੈਂਸ 1944 ਅਧੀਨ ਉਕਤ ਮਕਾਨ ਨੂੰ ਪ੍ਰੋਵੀਜੀਨਲੀ ਅਟੈਚ ਕਰਵਾਉਣ ਲਈ ਵਿਜੀਲੈਂਸ ਵੱਲੋਂ ਜ਼ਿਲ੍ਹਾ ਅਦਾਲਤ ਮੁਹਾਲੀ ਵਿੱਚ ਜਨਵਰੀ 2021 ਵਿੱਚ ਵੱਖਰੀ ਅਰਜ਼ੀ ਦਿੱਤੀ ਗਈ ਸੀ। ਅਜੈ ਕੌਸ਼ਲ, ਪ੍ਰਦੁਮਣ ਸਿੰਘ, ਪਰਮਜੀਤ ਸਿੰਘ, ਅਮਿਤ ਸਿੰਗਲਾ ਨੂੰ ਵੀ ਬੇਸ਼ੁਮਾਰ ਜਾਇਦਾਦ ਇਕੱਠੀ ਕਰਨ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਉਧਰ, ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਵਿਜੀਲੈਂਸ ਵੱਲੋਂ ਦਰਜ ਅਪਰਾਧਿਕ ਮਾਮਲੇ ਨੂੰ ਝੂਠਾ ਦੱਸਿਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਸੰਧੂ ਤੇ ਭਾਟੀਆ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ। ਵਕੀਲਾਂ ਨੇ ਚੰਡੀਗੜ੍ਹ ਵਾਲੀ ਕੋਠੀ ਦੀ ਖਰੀਦ ਵੇਚ ਅਤੇ ਪੈਸਿਆਂ ਦੇ ਲੈਣ ਦੇਣ ਨੂੰ ਬਿਲਕੁਲ ਸਹੀ ਦੱਸਿਆ ਹੈ।