nabaz-e-punjab.com

ਵਿਜੀਲੈਂਸ ਵੱਲੋਂ ਆਬਕਾਰੀ ਵਿਭਾਗ ਵਿਰੁੱਧ ਵੱਡੀ ਕਾਰਵਾਈ

ਟਰਾਂਸਪੋਰਟਰਾਂ ਨਾਲ ਮਿਲੀਭੁਗਤ ਰਾਹੀਂ ਟੈਕਸ ਚੋਰੀ ਕਰਾਉਣ ਅਤੇ ਰਿਸ਼ਵਤਾਂ ਵਸੂਲਣ ਵਾਲੇ 5 ਅਧਿਕਾਰੀ ਗ੍ਰਿਫ਼ਤਾਰ

12 ਆਬਕਾਰੀ ਅਧਿਕਾਰੀਆਂ ਸਮੇਤ 4 ਪ੍ਰਾਈਵੇਟ ਵਿਅਕਤੀਆਂ ਖਿਲਾਫ ਦੋ ਮੁਕੱਦਮੇ ਦਰਜ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 21 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਤੇ ਕਰ ਵਿਭਾਗ ਦੇ 12 ਉੱਚ ਅਧਿਕਾਰੀਆਂ ਸਮੇਤ ਚਾਰ ਪ੍ਰਾਈਵੇਟ ਵਿਅਕਤੀਆਂ ਖਿਲਾਫ ਆਬਕਾਰੀ ਕਾਨੂੰਨ ਦੀ ਧਾਰਾ 7, 7ਏ, ਅਤੇ 8 ਸਮੇਤ ਤਾਜ਼ੀਰਾਤੇ ਹਿੰਦ ਦੀਆਂ ਵੱਖ ਵੱਖ ਧਾਰਾਵਾਂ 429, 465, 467, 471, 120-ਬੀ ਹੇਠ ਵਿਜੀਲੈਂਸ ਬਿਊਰੋ ਦੇ ਉੱਡਣ ਦਸਤਾ -1 ਦੇ ਥਾਣਾ ਮੁਹਾਲੀ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਹਨ।
ਅੱਜ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ-ਕਮ-ਏਡੀਜੀਪੀ ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉੱਤੇ ਰਾਜ ਵਿੱਚ ਆਬਕਾਰੀ ਅਤੇ ਕਰ ਵਿਭਾਗ ਦੇ ਕੁਝ ਅਧਿਕਾਰੀਆਂ ਵੱਲੋਂ ਵਪਾਰੀਆਂ ਨਾਲ ਮਿਲੀਭੁਗਤ ਰਾਹੀਂ ਰਾਜ ਅੰਦਰ ਟੈਕਸ ਚੋਰੀ ਨੂੰ ਰੋਕਣ ਲਈ ਇਕ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਪਾਰੀਆਂ ਨਾਲ ਭਾਗੀਦਾਰ ਬਣ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸੀ ਜਿਸ ਕਰਕੇ ਵਿਜੀਲੈਂਸ ਬਿਊਰੋ ਨੇ ਇਹ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਅਧਿਕਾਰੀਆਂ ਅਤੇ ਵਪਾਰੀਆਂ ਖਿਲਾਫ ਦੋ ਪਰਚੇ ਦਰਜ ਕੀਤੇ ਹਨ ਅਤੇ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਸ੍ਰੀ ਉਪਲ ਨੇ ਦੱਸਿਆ ਕਿ ਅੱਜ ਇਨ੍ਹਾਂ ਦੋਵਾਂ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਭਾਗ ਦੇ ਅਧਿਕਾਰੀਆਂ ਵਿੱਚ ਵਰੁਣ ਨਾਗਪਾਲ ਈਟੀਓ ਮੁਕਤਸਰ, ਸੱਤਪਾਲ ਮੁਲਤਾਨੀ ਈਟੀਓ ਫਰੀਦਕੋਟ, ਕਾਲੀਚਰਨ ਈਟੀਓ ਸ਼ੰਭੂ (ਮੋਬਾਈਲ ਵਿੰਗ), ਜਪਸਿਮਰਨ ਸਿੰਘ ਈਟੀਓ ਅੰਮ੍ਰਿਤਸਰ, ਰਾਮ ਕੁਮਾਰ ਇੰਸਪੈਕਟਰ ਜਲੰਧਰ ਅਤੇ ਸ਼ਿਵ ਕੁਮਾਰ ਮੁਨਸ਼ੀ ਸੋਮਨਾਥ ਟਰਾਂਸਪੋਰਟ ਫਗਵਾੜਾ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਕ ਮੁਕੱਦਮੇ ਵਿੱਚ ਆਬਕਾਰੀ ਅਤੇ ਕਰ ਵਿਭਾਗ ਦੇ ਡੀਈਟੀਸੀ ਸਿਮਰਨ ਬਰਾੜ, ਵੇਦ ਪ੍ਰਕਾਸ਼ ਜਾਖੜ ਈਟੀਓ ਫਾਜ਼ਿਲਕਾ, ਸੱਤਪਾਲ ਮੁਲਤਾਨੀ ਈਟੀਓ ਫਰੀਦਕੋਟ, ਕਾਲੀ ਚਰਨ ਈਟੀਓ ਮੋਬਾਇਲ ਵਿੰਗ ਚੰਡੀਗੜ੍ਹ ਐਟ ਸ਼ੰਭੂ, ਵਰੁਣ ਨਾਗਪਾਲ ਈਟੀਓ ਮੁਕਤਸਰ, ਰਵੀਨੰਦਨ ਈਟੀਓ ਫਾਜ਼ਿਲਕਾ, ਪਿਆਰਾ ਸਿੰਘ ਈਟੀਓ ਮੋਗਾ ਅਤੇ ਵਿਜੈ ਕੁਮਾਰ ਪ੍ਰਾਸ਼ਰ ਵਾਸੀ ਆਦਰਸ਼ ਕਾਲੋਨੀ ਖੰਨਾ, ਜ਼ਿਲ੍ਹਾ ਲੁਧਿਆਣਾ ਸ਼ਾਮਲ ਹਨ। ਇਸ ਤਰ੍ਹਾਂ ਦੂਸਰੇ ਕੇਸ ਵਿੱਚ ਸੁਸ਼ੀਲ ਕੁਮਾਰ ਈਟੀਓ ਅੰਮ੍ਰਿਤਸਰ (ਹੁਣ ਪਟਿਆਲਾ), ਦਿਨੇਸ਼ ਗੌੜ ਈਟੀਓ ਅੰਮ੍ਰਿਤਸਰ, ਜਪ ਸਿਮਰਨ ਸਿੰਘ ਈਟੀਓ ਅੰਮ੍ਰਿਤਸਰ, ਲਖਵੀਰ ਸਿੰਘ ਈਟੀਓ ਮੋਬਾਇਲ ਵਿੰਗ ਅੰਮ੍ਰਿਤਸਰ, ਰਾਮ ਕੁਮਾਰ ਇੰਸਪੈਕਟਰ, ਸੋਮਨਾਥ ਟਰਾਂਸਪੋਰਟਰ ਵਾਸੀ ਫਗਵਾੜਾ, ਸ਼ਿਵ ਕੁਮਾਰ ਮੁਨਸ਼ੀ (ਪਰਾਸ਼ਰ ਸੋਮਨਾਥ) ਅਤੇ ਪਵਨ ਕੁਮਾਰ ਸ਼ਾਮਲ ਹਨ।
ਦੂਸਰੇ ਕੇਸ ਦਾ ਖੁਲਾਸਾ ਕਰਦਿਆਂ ਸ੍ਰੀ ਉੱਪਲ ਨੇ ਦੱਸਿਆ ਕਿ ਵਿਜੀਲੈਂਸ ਨੂੰ ਸਾਧੂ ਟਰਾਂਸਪੋਰਟ ਦੇ ਮਾਲਕ ਸੋਮਨਾਥ ਵਾਸੀ ਫਗਵਾੜਾ ਵੱਲੋਂ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਟੈਕਸ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਵੱਲੋਂ ਪੰਜਾਬ ਦੇ ਅੰਦਰ ਜਾਅਲੀ ਬਿੱਲਾਂ ਰਾਹੀਂ ਸਾਮਾਨ ਲਿਆਉਣ ਅਤੇ ਪੰਜਾਬ ਪੰਜਾਬ ਤੋਂ ਬਾਹਰ ਗੈਰ ਕਾਨੂੰਨੀ ਢੰਗ ਨਾਲ ਵੱਖ ਵੱਖ ਵਪਾਰੀਆਂ ਦਾ ਸਾਮਾਨ ਜਾਅਲੀ ਬਿੱਲਾਂ ਰਾਹੀਂ ਢੋਣ ਮੌਕੇ ਗੱਡੀਆਂ ਚੈਕਿੰਗ ਨਾ ਕਰਨ ਦੇ ਇਵਜ਼ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਵੱਖ ਵੱਖ ਸਮਿਆਂ ਤੇ ਅਧਿਕਾਰੀਆਂ ਨੂੰ ਪਹੁੰਚਾਈ ਜਾਂਦੀ ਸੀ। ਇਸ ਨਾਜਾਇਜ਼ ਕੰਮ ਵਿੱਚ ਸੋਮਨਾਥ ਦਾ ਮੁਨਸ਼ੀ (ਪਾਸਰ) ਸ਼ਿਵ ਕੁਮਾਰ ਅਤੇ ਪਵਨ ਕੁਮਾਰ ਸ਼ਾਮਲ ਹਨ ਇਹ ਪਵਨ ਕੁਮਾਰ ਕੁਝ ਈਟੀਓਜ਼ ਨਾਲ ਵੀ ਬਤੌਰ ਡਰਾਈਵਰ ਕੰਮ ਕਰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਮਨਾਥ ਮਾਲਕ ਸਾਧੂ ਟਰਾਂਸਪੋਰਟ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਸ਼ੰਭੂ ਵਿਖੇ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਨੂੰ ਮਹੀਨੇ ਵਜੋਂ ਰਿਸ਼ਵਤ ਲੱਖਾਂ ਰੁਪਏ ਰਿਸ਼ਵਤ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਕਈ ਵਾਰ ਮਹਿੰਗੀਆਂ ਵਿਦੇਸ਼ੀ ਸਿਗਰਟਾਂ ਵੀ ਲਿਜਾਈਆਂ ਜਾਂਦੀਆਂ ਸਨ ਪਰ ਬਿੱਲ ਕਾਸਮੈਟਿਕਸ ਦੇ ਦਿਖਾਏ ਜਾਂਦੇ ਸਨ। ਟਰੱਕਾਂ ਨੂੰ ਬਾਰਡਰਾਂ ਤੋਂ ਪਾਸ ਕਰਵਾਉਣ ਵੇਲੇ ਇਹ ਮੋਬਾਈਲਾਂ ਨਾਲ ਇੱਕ ਦੂਜੇ ਉੱਤੇ ਸੰਪਰਕ ਵਿੱਚ ਰਹਿੰਦੇ ਸਨ ਅਤੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਬੰਧਤ ਗੱਡੀਆਂ ਬਿਨਾਂ ਰੋਕੇ ਲੰਘਾਉਣ ਲਈ ਸੂਚਨਾ ਦਿੰਦੇ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮੁਕੱਦਮਿਆਂ ਵਿੱਚ ਵਿਜੀਲੈਂਸ ਨੇ ਪੂਰੀ ਗਹਿਣ ਪੜਤਾਲ ਉਪਰੰਤ ਇਨ੍ਹਾਂ ਦੀ ਕਾਰਜਸ਼ੈਲੀ ਨੂੰ ਘੋਖਿਆ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਸਮੇਤ ਇਨ੍ਹਾਂ ਟਰਾਂਸਪੋਰਟ ਦੇ ਕੁਝ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਹੈ। ਉਨ੍ਹਾਂ ਦੱਸਿਆ ਇਸ ਕੇਸ ਦੀ ਹੋਰ ਪੜਤਾਲ ਜਾਰੀ ਹੈ ਅਤੇ ਜੇਕਰ ਕੋਈ ਹੋਰ ਦੋਸ਼ੀ ਪਾਏ ਗਏ ਤਾਂ ਕਿਸੇ ਨੂੰ ਨਹੀਂ ਬਖ਼ਸ਼ਿਆ ਜਾਵੇਗਾ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…