Share on Facebook Share on Twitter Share on Google+ Share on Pinterest Share on Linkedin ਵਿਜੀਲੈਂਸ ਵੱਲੋਂ ਚੈੱਕ ਪੋਸਟ ’ਤੇ ਜਾਅਲੀ ਟੈਕਸ ਵਸੂਲੀ ਦੇ ਘੁਟਾਲੇ ਦਾ ਪਰਦਾਫਾਸ਼, ਦੋ ਮੁਲਜ਼ਮ ਕਾਬੂ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਵਿਜੀਲੈਂਸ ਥਾਣੇ ਵਿੱਚ ਧੋਖਾਧੜੀ ਦਾ ਪਰਚਾ ਦਰਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ: ਪੰਜਾਬ ਵਿਜੀਲੈਂਸ ਬਿਊਰੋ ਨੇ ਮੁਹਾਲੀ ਜ਼ਿਲ੍ਹੇ ਦੇ ਟੈਕਸ ਕੁਲੈਕਸ਼ਨ ਸੈਂਟਰ ਪਿੰਡ ਝਰਮੜੀ ਵਿਖੇ ਸੂਬੇ ਵਿੱਚ ਦਾਖ਼ਲ ਹੋਣ ’ਤੇ ਨਿੱਕਲਣ ਵਾਲੇ ਵਪਾਰਕ ਵਾਹਨਾਂ ਤੋਂ ਇਕੱਠੇ ਕੀਤੇ ਟੈਕਸ ਨੂੰ ਹੜੱਪਣ ਵਾਲੇ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜ਼ਮਾਂ ਹਰਪਾਲ ਸਿੰਘ ਅਤੇ ਸ਼ਲਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਰਕਾਰੀ ਖਜਾਨੇ ਨੂੰ ਵੱਡਾ ਚੂਨਾ ਲਾਉਣ ਵਾਲੇ ਇੱਕ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਹ ਕਰਮਚਾਰੀ ਨਕਲੀ ਕੰਪਿਊਟਰ ਸਾਫਟਵੇਅਰ ਦੇ ਨਾਲ-ਨਾਲ ਜਾਅਲੀ ਸਟੈਂਪ/ਮੋਹਰਾਂ ਲਗਾ ਕੇ ਧੋਖਾਧੜੀ ਨੂੰ ਅੰਜਾਮ ਦਿੰਦੇ ਸਨ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿਖੇ ਧਾਰਾ 420, 465, 467, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 13 (1) (1-ਏ), 13 (2) ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਹਰਪਾਲ ਸਿੰਘ ਪਿੰਡ ਹਸਨਪੁਰ (ਹਰਿਆਣਾ) ਅਤੇ ਸ਼ਲਿੰਦਰ ਸਿੰਘ ਪਿੰਡ ਬਿਸ਼ਨਪੁਰਾ (ਜ਼ੀਰਕਪੁਰ) ਦਾ ਰਹਿਣ ਵਾਲਾ ਹੈ। ਇਸ ਮਾਮਲੇ ਵਿੱਚ ਪ੍ਰਵੀਨ ਕੁਮਾਰ ਵਾਸੀ ਪਿੰਡ ਖਾਨਪੁਰ (ਮੁਹਾਲੀ) ਨੂੰ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਨੇ ਮੁਲਜ਼ਮਾਂ ਵੱਲੋਂ ਵਰਤੇ ਜਾ ਰਹੇ ਨਕਲੀ ਕੰਪਿਊਟਰ ਸਾਫਟਵੇਅਰ ਦੇ ਨਾਲ-ਨਾਲ ਜਾਅਲੀ ਸਟੈਂਪ/ਮੋਹਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਵਿਜੀਲੈਂਸ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਮੂਲੀਅਤ ਦਾ ਵੀ ਪਤਾ ਲਗਾਇਆ ਜਾਵੇਗਾ ਕਿਉਂਕਿ ਇਹ ਕਰਮਚਾਰੀ ਰੋਜ਼ਾਨਾ ਲੱਖਾਂ ਰੁਪਏ ਦੀ ਵਸੂਲੀ ਕਰ ਰਹੇ ਹਨ ਜੋ ਕਿ ਹੋਰ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਸੀ। ਰੋਜ਼ਾਨਾ ਲਗਪਗ 2 ਹਜ਼ਾਰ ਨਵੇਂ ਵਪਾਰਕ ਵਾਹਨਾਂ ਦੇ ਨਾਲ-ਨਾਲ ਵਪਾਰਕ ਵਾਹਨਾਂ ਦੀਆਂ ਨਵੀਆਂ ਚਾਸੀਆਂ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਆਉਂਦੀਆਂ ਹਨ। ਇਨ੍ਹਾਂ ਵਾਹਨਾਂ ਨੂੰ ਪੰਜਾਬ ਵਿੱਚ ਦਾਖ਼ਲ ਹੋਣ ਜਾਂ ਲੰਘਣ ਲਈ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸਦਾ ਭੁਗਤਾਨ ਸਬੰਧਤ ਵਾਹਨ ਦੇ ਡਰਾਈਵਰ/ਮਾਲਕ ਦੁਆਰਾ ਆਨਲਾਈਨ ਕੀਤਾ ਜਾ ਸਕਦਾ ਹੈ ਜਾਂ ਉਕਤ ਚੈੱਕ ਪੋਸਟ ’ਤੇ ਤਾਇਨਾਤ ਸਟਾਫ਼ ਕੋਲ ਜਮ੍ਹਾ ਕੀਤਾ ਜਾ ਸਕਦਾ ਹੈ। ਹਰਪਾਲ ਸਿੰਘ, ਸਲਿੰਦਰ ਸਿੰਘ ਅਤੇ ਪ੍ਰਵੀਨ ਕੁਮਾਰ ਉਕਤ ਆਰਟੀਏ ਚੈੱਕ ਪੋਸਟ ਝਰਮੜੀ ’ਤੇ ਤਾਇਨਾਤ ਸਨ। ਉਹ ਟਰਾਂਸਪੋਰਟ ਵਿਭਾਗ ਦੇ ਈ-ਪਰਿਵਾਹਨ ਸਾਫਟਵੇਅਰ ਵਿੱਚ ਰਜਿਸਟਰੇਸ਼ਨ ਨੰਬਰ ਅਤੇ ਵਾਹਨ ਦੀ ਕਿਸਮ ਸਮੇਤ ਲੋੜੀਂਦੇ ਵੇਰਵੇ ਭਰਨ ਤੋਂ ਬਾਅਦ ਟੈਕਸ ਦੀ ਬਕਾਇਆ ਰਕਮ ਇਕੱਠੀ ਕਰਦੇ ਹਨ।ਉਨ੍ਹਾਂ ਕਿਹਾ ਕਿ ਇਕੱਠੀ ਹੋਈ ਇਸ ਰਕਮ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ ਪਰ ਇਨ੍ਹਾਂ ਮੁਲਾਜ਼ਮਾਂ ਨੇ ਪੈਸੇ ਹੜੱਪਣ ਦੇ ਇਰਾਦੇ ਨਾਲ ਅਸਲੀ ਸਾਫਟਵੇਅਰ ਵਰਗਾ ਇੱਕ ਜਾਅਲੀ ਸਾਫਟਵੇਅਰ ਤਿਆਰ ਕਰਵਾਇਆ ਸੀ ਅਤੇ ਇਸ ਦੀ ਵਰਤੋਂ ਵਪਾਰਕ ਵਾਹਨਾਂ ਤੋਂ ਟੈਕਸ ਵਸੂਲਣ ਅਤੇ ਵਾਹਨਾਂ ਦੇ ਮਾਲਕਾਂ/ਡਰਾਈਵਰਾਂ ਲਈ ਜਾਅਲੀ ਰਸੀਦਾਂ ਤਿਆਰ ਕਰਨ ਲਈ ਕੀਤੀ ਜਾਂਦੀ ਸੀ। ਵਿਜੀਲੈਂਸ ਅਨੁਸਾਰ ਮੁਲਜ਼ਮ ਚੈਕ ਪੋਸਟ ’ਤੇ ਹੋਣ ਵਾਲੀ ਆਮਦਨ ਨਾਲ ਲੰਮੇਂ ਸਮੇਂ ਤੋਂ ਆਪਣੀਆਂ ਜੇਬਾਂ ਭਰ ਰਹੇ ਸਨ। ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਵਾਹਨ ਚਾਲਕਾਂ/ਮਾਲਕਾਂ ਨੂੰ ਇਸ ਦੀ ਅਸਲੀਅਤ ਬਾਰੇ ਯਕੀਨ ਦਿਵਾਉਣ ਲਈ ਰਸੀਦਾਂ ’ਤੇ ਚਿਪਕਾਉਣ ਲਈ ਜਾਅਲੀ ਸਟੈਂਪ/ਸੀਲਾਂ ਵੀ ਬਣਾਈਆਂ ਹੋਈਆਂ ਸਨ। ਜਾਂਚ ਦੌਰਾਨ ਸਰਕਾਰ ਦੇ ਈ-ਪਰੀਵਾਹਨ ਸਾਫਟਵੇਅਰ ’ਤੇ ਅਜਿਹੀਆਂ ਦੋ ਜਾਅਲੀ ਰਸੀਦਾਂ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਗਈ, ਜੋ ਕਿ ਜਾਅਲੀ ਪਾਈਆਂ ਗਈਆਂ ਹਨ। ਇਸ ਤਰ੍ਹਾਂ ਉਕਤ ਮੁਲਾਜ਼ਮ ਰੋਜ਼ਾਨਾ ਲੱਖਾਂ ਰੁਪਏ ਇਕੱਠੇ ਕਰਕੇ ਜੇਬਾਂ ਭਰ ਰਹੇ ਸਨ, ਇਹ ਸਾਰਾ ਕੁੱਝ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਜਾਪਦਾ। ਵਿਜੀਲੈਂਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ