Nabaz-e-punjab.com

ਪੰਜਾਬ ਵਿਜੀਲੈਂਸ ਵੱਲੋਂ ਝਿਊਰਹੇੜੀ ਤੋਂ ਬਾਅਦ ਹੁਣ ਪਿੰਡ ਮਨੌਲੀ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼

ਸਾਬਕਾ ਸਰਪੰਚ ਤੇ ਦੋ ਸਾਬਕਾ ਬੀਡੀਪੀਓ, ਪੰਚਾਇਤ ਸਕੱਤਰਾਂ ਸਮੇਤ 12 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ

ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਵੀ ਕੁਝ ਸਮਾਂ ਪਹਿਲਾਂ ਕਰ ਚੁੱਕੀ ਹੈ ਮਾਮਲੇ ਦੀ ਪੜਤਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਏਅਰਪੋਰਟ ਦੀ ਜੂਹ ਵਿੱਚ ਵਸਦੇ ਪਿੰਡ ਝਿਊਰਹੇੜੀ ਤੋਂ ਬਾਅਦ ਹੁਣ ਪਿੰਡ ਮਨੌਲੀ ਵਿੱਚ ਕਥਿਤ ਕਰੋੜਾਂ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਵਿਜੀਲੈਂਸ ਨੇ ਆਪਣੀ ਜਾਂਚ ਵਿੱਚ ਮਨੌਲੀ ਵਿੱਚ ਕਰੋੜਾਂ ਦੀ ਹੇਰਾਫੇਰੀ ਹੋਣ ਦਾ ਖੁਲਾਸਾ ਕੀਤਾ ਹੈ। ਇਸ ਸਬੰਧੀ ਪਿੰਡ ਮਨੌਲੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਸਮੇਤ ਦੋ ਸਾਬਕਾ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਤੇ ਮਲਵਿੰਦਰ ਸਿੰਘ, ਦੋ ਪੰਚਾਇਤ ਸਕੱਤਰ ਹਾਕਮ ਸਿੰਘ ਤੇ ਰਵਿੰਦਰ ਸਿੰਘ ਖ਼ਿਲਾਫ਼ ਧਾਰਾ 420 ਅਤੇ ਭ੍ਰਿਸ਼ਟਾਚਾਰ ਐਕਟ ਦੀਆਂ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹਰਦੀਪ ਸਿੰਘ ਤੇ ਜਸਵਿੰਦਰ ਸਿੰਘ ਦੋਵੇਂ ਵਾਸੀ ਪਟਿਆਲਾ, ਬਲਜਿੰਦਰ ਸਿੰਘ ਵਾਸੀ ਸੰਤੇਮਾਜਰਾ, ਰਜਿੰਦਰ ਸਿੰਘ ਦੈੜੀ, ਹਰਜੀਤ ਸਿੰਘ ਬਨੂੜ, ਗੁਣਤਾਸ ਸੰਧਾ ਉਰਫ਼ ਗਿੰਨੀ ਵਾਸੀ ਚੰਡੀਗੜ੍ਹ ਅਤੇ ਨਵੀਨ ਕੌਰ ਢਿੱਲੋਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਂਜ ਪੈਸੇ ਕਢਵਾਉਣ ਲਈ ਸਰਪੰਚ ਅਵਤਾਰ ਸਿੰਘ ਦੇ ਜਾਅਲੀ ਦਸਖ਼ਤ ਅਤੇ ਜਾਅਲੀ ਮੋਹਰਾਂ ਦੀ ਵਰਤੋਂ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।
ਅੱਜ ਦੇਰ ਸ਼ਾਮ ਵਿਜੀਲੈਂਸ ਦੇ ਏਆਈਜੀ ਅਸੀਸ ਕਪੂਰ ਨੇ ਦੱਸਿਆ ਕਿ ਵਿਜੀਲੈਂਸ ਨੇ ਮਨੌਲੀ ਵਿੱਚ ਕਰੋੜਾਂ ਰੁਪਏ ਦੇ ਫੰਡਾਂ ਦੀ ਹੇਰਾਫੇਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਸਰਪੰਚ ’ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕੁਝ ਜਾਅਲੀ ਕੰਪਨੀਆਂ ਨਾਲ ਮਿਲੀਭੁਗਤ ਕਰਕੇ ਵਿਕਾਸ ਕੰਮਾਂ ਲਈ ਮਿਲੇ ਫੰਡਾਂ ਵਿੱਚ ਘਪਲੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਕਰੋੜਾਂ ਦੀ ਰਾਸ਼ੀ ਹੜੱਪਣ ਲਈ ਜਾਅਲੀ ਬਿੱਲ ਬਣਾਏ ਗਏ ਹਨ ਅਤੇ ਪੰਚਾਇਤ ਖਾਤੇ ਤੋਂ ਕਾਫੀ ਪੈਸਾ ਇੱਧਰ ਉਧਰ ਹੋਇਆ ਪਾਇਆ ਗਿਆ ਹੈ। ਇਸ ਮਾਮਲੇ ਵਿੱਚ ਸਾਬਕਾ ਸਰਪੰਚ ਸਮੇਤ ਬਾਕੀ ਨਾਮਜ਼ਦ ਵਿਅਕਤੀ ਫਿਲਹਾਲ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਵਿਜੀਲੈਂਸ ਦੀ ਜਾਂਚ ਅਨੁਸਾਰ ਦਸੰਬਰ 2011 ਨੂੰ ਪਿੰਡ ਮਨੌਲੀ ਦੀ 115 ਵਿਘੇ ਜ਼ਮੀਨ ਗਮਾਡਾ ਵੱਲੋਂ ਐਕਵਾਇਰ ਕੀਤੀ ਗਈ ਸੀ ਅਤੇ ਇਸ ਬਦਲੇ ਪੰਚਾਇਤ ਨੂੰ 2012 ਵਿੱਚ 40,40,90,408 ਰੁਪਏ ਦੀ ਰਕਮ ਪ੍ਰਾਪਤ ਹੋਈ ਸੀ। ਮਨੌਲੀ ਪੰਚਾਇਤ ਦੇ ਨਾਂ ਬਾਕਰਪੁਰ ਦੇ ਬੈਂਕ ਵਿੱਚ ਬੀਡੀਪੀਓ ਮਾਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਸਰਪੰਚ ਤੇ ਪੰਚਾਇਤ ਸਕੱਤਰ ਰਵਿੰਦਰ ਸਿੰਘ ਦੇ ਦਸਖਤਾਂ ਅਤੇ ਮੋਹਰਾਂ ਹੇਠ ਖਾਤਾ ਖੋਲ੍ਹਿਆ ਗਿਆ ਸੀ। ਇਸ ਖਾਤੇ ’ਚੋਂ 25 ਹਜ਼ਾਰ ਰੁਪਏ ਤੋਂ ਵੱਧ ਰਕਮ ਕਢਵਾਉਣ ਲਈ ਤਿੰਨਾਂ ਖਾਤਾ ਧਾਰਕਾਂ ਦੇ ਦਸਖ਼ਤ ਹੋਣੇ ਲਾਜ਼ਮੀ ਸਨ।
2016 ਵਿੱਚ 2 ਕਰੋੜ ਰੁਪਏ ਦੀ ਰਕਮ ਗਰਾਮ ਪੰਚਾਇਤ ਮਨੌਲੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ’ਚੋਂ ਕਢਵਾ ਕੇ ਐਚਡੀਐਫ਼ਸੀ ਬੈਂਕ ਦੇ ਖਾਤੇ ਵਿੱਚ ਜਮ੍ਹਾ ਕਰਵਾਈ ਗਈ। ਇਸ ਮਗਰੋਂ ਇਹ ਰਾਸ਼ੀ ਵੱਖ ਵੱਖ ਚੈੱਕਾਂ ਰਾਹੀਂ ਕੌੜਾ ਸੀਮਿੰਟ ਸਟੋਰ, ਕੌੜਾ ਆਇਰਨ ਸਟੋਰ, ਲਾਡੀ ਸੀਮਿੰਟ ਸਟੋਰ ਅਤੇ ਹੋਰਨਾਂ ਫਰਮਾਂ ਨੂੰ ਅਦਾਇਗੀ ਕਰਕੇ ਖਾਤਾ ਬੰਦ ਕਰਵਾ ਦਿੱਤਾ ਗਿਆ। ਉਨ੍ਹਾਂ ਫਰਮਾਂ ਕੋਲੋਂ ਬਿਨਾਂ ਸਮਾਨ ਦੀ ਖਰੀਦੋ ਫਰੋਖਤ ਕੀਤੇ ਚੈੱਕ ਜਾਰੀ ਕਰ ਦਿੱਤੇ ਗਏ, ਜਦੋਂਕਿ ਤਤਕਾਲੀ ਸਰਪੰਚ ਅਵਤਾਰ ਸਿੰਘ ਦੇ ਦਸਖ਼ਤ ਅਤੇ ਮੋਹਰਾਂ ਦੀ ਫਰੈਂਸਿਕ ਜਾਂਚ ਕਰਵਾਉਣ ’ਤੇ ਇਹ ਗੱਲ ਸਾਹਮਣੇ ਆਈ ਕਿ ਬਾਕਰਪੁਰ ਬੈਂਕ ਦੇ ਖਾਤੇ ’ਚੋਂ ਪੈਸੇ ਕਢਵਾਉਣ ਲਈ ਅਵਤਾਰ ਸਿੰਘ ਦੇ ਜਾਅਲੀ ਦਸਖ਼ਤ ਅਤੇ ਜਾਅਲੀ ਮੋਹਰਾਂ ਦੀ ਵਰਤੋਂ ਕੀਤੀ ਗਈ ਸੀ। ਜਿਨ੍ਹਾਂ ਫਰਮਾਂ ਨੂੰ ਚੈੱਕ ਰਾਹੀਂ ਪੈਸੇ ਦਿੱਤੇ ਗਏ, ਉਨ੍ਹਾਂ ਫਰਮਾਂ ਦੇ ਮਾਲਕਾਂ ਵੱਲੋਂ ਬੀਡੀਪੀਓ ਜਤਿੰਦਰ ਢਿੱਲੋਂ ਦੇ ਜਾਣਕਾਰ ਕੁਕਰੇਜਾ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ। ਇਹੀ ਨਹੀਂ ਬੀਡੀਪੀਓ ਢਿੱਲੋਂ ਦੀ ਪਤਨੀ ਨਵੀਨ ਕੌਰ ਨਾਲ ਮਿਲੀ ਭੁਗਤ ਕਰਕੇ ਇੱਕ ਪਲਾਟ ਖਰੀਦਿਆਂ ਗਿਆ।
(ਬਾਕਸ ਆਈਟਮ)
ਉਧਰ, ਸੂਤਰਾਂ ਦੀ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਦੀ ਵਿਸ਼ੇਸ਼ ਟੀਮ ਵੱਲੋਂ ਵੀ ਉਕਤ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਜਾਂਚ ਟੀਮ ਨੇ ਮੁੱਢਲੀ ਜਾਂਚ ਤੋਂ ਬਾਅਦ ਆਪਣੀ ਪੜਤਾਲੀਆਂ ਰਿਪੋਰਟ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਸੀ। ਦੱਸਿਆ ਗਿਆ ਹੈ ਕਿ ਅਕਾਲੀ ਸਰਕਾਰ ਵੇਲੇ ਸਾਬਕਾ ਸਰਪੰਚ ਨੇ 10 ਕਰੋੜ ਰੁਪਏ ਦੀ ਰਾਸ਼ੀ ਰੂਲਾਂ ਅਤੇ ਨਿਯਮਾਂ ਦੇ ਖ਼ਿਲਾਫ਼ ਵਿਕਾਸ ਕੰਮਾਂ ’ਤੇ ਖਰਚ ਕੀਤੀ ਹੋਈ ਦਿਖਾਈ ਗਈ ਹੈ ਜਦੋਂਕਿ 2 ਤੋਂ 3 ਕਰੋੜ ਰੁਪਏ ਪੰਚਾਇਤ ਖਾਤੇ ’ਚੋਂ ਇੱਧਰ ਉਧਰ ਟਰਾਂਸਫਰ ਹੋਇਆ ਹੈ। ਜਦੋਂ ਤਤਕਾਲੀ ਸਰਪੰਚ ਵਿਜੀਲੈਂਸ ਜਾਂਚ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਕਿਸੇ ਤਰੀਕੇ ਨਾਲ ਕਰੀਬ 70-80 ਲੱਖ ਰੁਪਏ ਪੰਚਾਇਤ ਖਾਤੇ ਵਿੱਚ ਮੁੜ ਜਮ੍ਹਾ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਸਾਬਕਾ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਤੇ ਮਲਵਿੰਦਰ ਸਿੰਘ ਝਿਊਰਹੇੜੀ ਘੁਟਾਲੇ ਦੇ ਮਾਮਲੇ ਵਿੱਚ ਵੀ ਨਾਮਜ਼ਦ ਹਨ ਅਤੇ ਅਕਾਲੀ ਸਰਕਾਰ ਦੌਰਾਨ ਦੋਵੇਂ ਅਧਿਕਾਰੀ ਖਰੜ ਵਿੱਚ ਤਾਇਨਾਤ ਰਹੇ ਹਨ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…