nabaz-e-punjab.com

ਵਿਜੀਲੈਂਸ ਦੀ ਛਾਪੇਮਾਰੀ: ਆਈਏਐਸ ਸੰਜੇ ਪੋਪਲੀ ਦੇ ਬੇਟੇ ਦੀ ਭੇਤਭਰੀ ਮੌਤ, ਖ਼ੁਦਕੁਸ਼ੀ ਜਾਂ ਕਤਲ?

ਪਰਿਵਾਰਕ ਮੈਂਬਰਾਂ ਦਾ ਦੋਸ਼ ਵਿਜੀਲੈਂਸ ਕਰਮਚਾਰੀ ਦੀ ਗੋਲੀ ਲੱਗਣ ਕਾਰਨ ਹੋਈ ਕਾਰਤਿਕ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਮੁਹਾਲੀ, 25 ਜੂਨ
ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸੀਨੀਅਰ ਆਈਏਐਸ ਅਫ਼ਸਰ ਸੰਜੇ ਪੋਪਲੀ ਦੇ ਚੰਡੀਗੜ੍ਹ ਦੇ ਸੈਕਟਰ-11 ਸਥਿਤ ਘਰ ਵਿੱਚ ਛਾਪੇਮਾਰੀ ਦੌਰਾਨ ਅਧਿਕਾਰੀ ਦੇ ਵਕੀਲ ਬੇਟੇ ਕਾਰਤਿਕ ਪੋਪਲੀ (27) ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਸੰਜੇ ਪੋਪਲੀ ਵੀ ਮੌਜੂਦ ਸੀ। ਦੱਸਿਆ ਗਿਆ ਹੈ ਕਿ ਮੁਹਾਲੀ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਮੁਹਾਲੀ ਦੀ ਜਾਂਚ ਟੀਮ ਅੱਜ ਦੁਪਹਿਰ ਸਮੇਂ ਸੰਜੇ ਪੋਪਲੀ ਨੂੰ ਆਪਣੇ ਲੈ ਕੇ ਉਨ੍ਹਾਂ ਦੇ ਘਰ ਦੀ ਦੁਬਾਰਾ ਸਰਚ ਕਰਨ ਪਹੁੰਚੀ ਸੀ। ਜਦੋਂ ਵਿਜੀਲੈਂਸ ਦੀ ਟੀਮ ਪਹਿਲੀ ਮੰਜ਼ਲ ਤੋਂ ਥੱਲੇ ਆ ਰਹੀ ਸੀ ਤਾਂ ਇਸ ਦੌਰਾਨ ਅਧਿਕਾਰੀ ਦੇ ਬੇਟੇ ਕਾਰਤਿਕ ਦੀ ਵਿਜੀਲੈਂਸ ਨਾਲ ਬਹਿਸ ਹੋ ਗਈ ਅਤੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਕਾਰਤਿਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਸੰਜੇ ਪੋਪਲੀ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਵਿਜੀਲੈਂਸ ਦੀ ਟੀਮ ਛਾਣਬੀਣ ਕਰ ਰਹੀ ਸੀ ਤਾਂ ਉਦੋਂ ਵਿਜੀਲੈਂਸ ਦਾ ਇੱਕ ਕਰਮਚਾਰੀ ਕਾਰਤਿਕ ਵੱਲ ਪਿਸਤੌਲ ਤਾਣ ਕੇ ਖੜਾ ਸੀ। ਬਹਿਸ ਦੌਰਾਨ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਕਾਰਤਿਕ ਨੂੰ ਵਿਜੀਲੈਂਸ ਨੇ ਗੋਲੀ ਮਾਰੀ ਹੈ। ਘਟਨਾ ਤੋਂ ਬਾਅਦ ਪੁਲੀਸ ਨੇ ਅਧਿਕਾਰੀ ਦਾ ਘਰ ਸੀਲ ਕਰ ਦਿੱਤਾ ਅਤੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਖੂਨ ਨਾਲ ਲਥਪਥ ਕਾਰਤਿਕ ਨੂੰ ਚੁੱਕ ਕੇ ਪੁਲੀਸ ਤੁਰੰਤ ਸੈਕਟਰ-16 ਦੇ ਹਸਪਤਾਲ ਵਿੱਚ ਲੈ ਗਈ। ਜਿੱਥੇ ਮੁੱਢਲੀ ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਮੁਹਾਲੀ ਵਿਜੀਲੈਂਸ ਦੀ ਟੀਮ ਸੰਜੇ ਪੋਪਲੀ ਦੇ ਘਰ ਛਾਣਬੀਣ ਲਈ ਪਹੁੰਚੀ ਸੀ। ਇਸ ਦੌਰਾਨ ਅਧਿਕਾਰੀ ਦੇ ਬੇਟੇ ਨੇ ਖ਼ੁਦ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਜਦੋਂ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਐੱਸਐੱਸਪੀ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।
ਉਧਰ, ਸੰਜੇ ਪੋਪਲੀ ਦੀ ਪਤਨੀ ਅਤੇ ਫੌਜੀ ਅਫ਼ਸਰ ਦੀ ਬੇਟੀ ਨੇ ਮੁਹਾਲੀ ਵਿਜੀਲੈਂਸ ਦੀ ਜਾਂਚ ਟੀਮ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਲਗਾਤਾਰ ਉਨ੍ਹਾਂ ਦੇ ਪਰਿਵਾਰ ’ਤੇ ਤਸ਼ੱਦਦ ਢਾਹ ਰਹੀ ਸੀ। ਬੀਤੇ ਕੱਲ੍ਹ ਵੀ ਕਾਰਤਿਕ ਅਤੇ ਹੋਰਨਾਂ ਮੈਂਬਰਾਂ ਨੂੰ ਮੁਹਾਲੀ ਦੇ ਸੈਕਟਰ-68 ਸਥਿਤ ਵਿਜੀਲੈਂਸ ਭਵਨ ਵਿੱਚ ਪੁੱਛਗਿੱਛ ਦੀ ਆੜ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਜਿਸ ਕਾਰਨ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਠੇਕੇਦਾਰਾਂ ਨੂੰ ਝੂਠੀ ਗਵਾਹੀ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਸੰਜੇ ਪੋਪਲੀ ਦੀ ਪਤਨੀ ਨੇ ਜ਼ਿੰਮੇਵਾਰ ਵਿਜੀਲੈਂਸ ਅਫ਼ਸਰਾਂ ਅਤੇ ਕਰਮਚਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨ ਕਾਰਵਾਈ ਕਰਨ ਅਤੇ ਉਨ੍ਹਾਂ ਦੀਆਂ ਵਰਦੀਆਂ ਲਾਹੁਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲੇਗਾ ਉਦੋਂ ਤੱਕ ਉਹ ਆਪਣੇ ਪੁੱਤ ਦੇ ਖੂਨ ਨਾਲ ਰੰਗੇ ਹੱਥ ਨਹੀਂ ਧੋਏਗੀ।
ਅਧਿਕਾਰੀ ਦੀ ਪਤਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਅਧਿਕਾਰੀਆਂ ਨੂੰ ਕੋਸਦੇ ਹੋਏ ਪੰਜਾਬ ਦੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਮਹਿਜ਼ ਡਰਾਮੇਬਾਜ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਉਸ ਦੇ ਇਕਲੌਤੇ ਬੇਟੇ ਨੂੰ ਵੀ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਸੀਨੀਅਰ ਆਈਏਐਸ ਅਫ਼ਸਰ ਨਾਲ ਅਜਿਹਾ ਵਤੀਰਾ ਹੋ ਰਿਹਾ ਹੈ ਤਾਂ ਆਮ ਆਦਮੀ ਦਾ ਕੀ ਹੁੰਦਾ ਹੋਵੇਗਾ ਜਾਂ ਹੋ ਸਕਦਾ ਹੈ, ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜੁਲਮ ਢਾਹ ਲਵੇ, ਉਹ ਆਪਣੀ ਦਮ ਤੱਕ ਕਾਨੂੰਨੀ ਲੜਾਈ ਲੜੇਗੀ।
ਅਧਿਕਾਰੀ ਦੀ ਪਤਨੀ ਨੇ ਕਿਹਾ ਕਿ ਝੂਠੇ ਸਬੂਤਾਂ ਦੇ ਆਧਾਰ ’ਤੇ ਖੜੀ ਕੀਤੀ ਜਾ ਰਹੀ ਭ੍ਰਿਸ਼ਟਾਚਾਰੀ ਵਿਰੋਧੀ ਕੰਧ ਬਹੁਤ ਦੇਰ ਤੱਕ ਖੜੀ ਨਹੀਂ ਰਹੇਗੀ। ਇਹ ਜਲਦੀ ਹੀ ਢਹਿ ਢੇਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੂਠੇ ਕੇਸ ਨੂੰ ਮਜ਼ਬੂਤ ਕਰਨ ਲਈ ਅੱਜ ਉਸ ਦੇ ਬੇਟੇ ਦੀ ਬਲੀ ਲੈ ਲਈ ਹੈ। ਜਿਸ ਦਾ ਸੇਕ ਬਹੁਤ ਦੂਰ ਤੱਕ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਸ ਦਾ ਪਤੀ ਸੰਜੇ ਪੋਪਲੀ ਬੀਮਾਰ ਰਹਿੰਦਾ ਹੈ ਅਤੇ ਪੁਲੀਸ ਰਿਮਾਂਡ ਦੌਰਾਨ ਵਿਜੀਲੈਂਸ ਉਸ ਦਾ ਸਹੀ ਤਰੀਕੇ ਨਾਲ ਇਲਾਜ ਵੀ ਨਹੀਂ ਕਰਵਾ ਰਹੀ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…