
ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੋਂ ਮੁੜ ਪੁੱਛਗਿੱਛ, ਅਰੋੜਾ ਨੇ ਅਹਿਮ ਦਸਤਾਵੇਜ਼ ਵਿਜੀਲੈਂਸ ਨੂੰ ਸੌਂਪੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵਿੱਚ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਤੋਂ ਅੱਜ ਫਿਰ ਤੋਂ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿਖੇ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ ਇਸ ਦੌਰਾਨ ਉਨ੍ਹਾਂ (ਅਰੋੜਾ) ਵੱਲੋਂ ਵਿਜੀਲੈਂਸ ਦੀ ਜਾਂਚ ਟੀਮ ਨੂੰ ਕੇਸ ਨਾਲ ਸਬੰਧਤ ਕੁੱਝ ਅਹਿਮ ਦਸਤਾਵੇਜ਼ ਸੌਂਪਣ ਦੀ ਗੱਲ ਕਹੀ ਜਾ ਰਹੀ ਹੈ। ਸਾਬਕਾ ਮੰਤਰੀ ਅਰੋੜਾ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸਮੇਤ ਵਿਰੋਧੀ ਧਿਰਾਂ ਨੇ ਅਰੋੜਾ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਸੀ। ਬੀਰਦਵਿੰਦਰ ਸਿੰਘ ਲਗਾਤਾਰ ਜੇਸੀਟੀ ਦੀ ਬਹੁਕਰੋੜੀ ਜ਼ਮੀਨ ਦੇ ਤਬਾਦਲੇ ਦਾ ਮੁੱਦਾ ਚੁੱਕਦੇ ਰਹੇ ਹਨ। ਉਨ੍ਹਾਂ ਨੇ ਮਾਮਲੇ ਦੀ ਤੈਅ ਤੱਕ ਜਾਣ ਲਈ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਲੇਕਿਨ ਬਦਨਾਮੀ ਦੇ ਡਰੋਂ ਕੈਪਟਨ ਸਰਕਾਰ ਨੇ ਇਸ ਮਾਮਲੇ ਨੂੰ ਦੱਬੀ ਰੱਖਿਆ ਪ੍ਰੰਤੂ ਹੁਣ ਆਪ ਸਰਕਾਰ ਨੇ ਅਰੋੜਾ ਖ਼ਿਲਾਫ਼ ਇਸ ਫਾਈਲ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਅਰੋੜਾ ਅੱਜ ਦੂਜੀ ਵਾਰ ਵਿਜੀਲੈਂਸ ਭਵਨ ਪਹੁੰਚੇ ਸੀ। ਸੂਤਰਾਂ ਦੀ ਮੰਨਿਆਂ ਤਾਂ ਸਾਬਕਾ ਮੰਤਰੀ ਅਰੋੜਾ ਇੱਥੇ ਬਹੁਤਾ ਸਮਾਂ ਨਹੀਂ ਰੁਕੇ ਅਤੇ ਕਾਹਲੀ ਕਾਹਲੀ ਵਿੱਚ ਕਾਰਵਾਈ ਨੂੰ ਸਮੇਟ ਦਿੱਤਾ ਗਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਜਾਂਚ ਟੀਮ ਨੂੰ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਚੋਣ ਲੜਨ ਸਮੇਂ ਉਸ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਰਿਟਰਨਿੰਗ ਅਫ਼ਸਰ ਕੋਲ ਜਮ੍ਹਾ ਕਰਵਾਏ ਹਲਫ਼ਨਾਮੇ ਵਿੱਚ ਆਪਣੀ ਜ਼ਮੀਨ ਜਾਇਦਾਦ ਬਾਰੇ ਪੂਰੇ ਵੇਰਵੇ ਮੌਜੂਦ ਸਨ। ਇਸ ਦਸਤਾਵੇਜ਼ ਵਿੱਚ ਉਸ ਦੀ ਜਾਇਦਾਦ ਸਮੇਤ ਸਾਰੀ ਨਿੱਜੀ ਜਾਣਕਾਰੀ ਉਪਲਬਧ ਹੈ।