
‘‘ਵਿਜੀਲੈਂਸ ਨੇ ਮੇਰੇ ਸਾਹਮਣੇ ਕਾਰਤਿਕ ਨੂੰ ਗੋਲੀ ਮਾਰੀ, ਮੈਂ ਚਸ਼ਮਦੀਦ ਗਵਾਹ ਹਾਂ’’: ਸੰਜੇ ਪੋਪਲੀ
ਸੰਜੇ ਪੋਪਲੀ ਨੇ ਵਿਜੀਲੈਂਸ ਦੀ ਜਾਂਚ ਟੀਮ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ
ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੇ ਅੱਜ ਦੇਰ ਸ਼ਾਮ ਮੁਹਾਲੀ ਦੇ ਸਰਕਾਰੀ ਹਸਪਤਾਲ ’ਚੋਂ ਬਾਹਰ ਆਉਂਦੇ ਸਮੇਂ ਇਹ ਦਾਅਵਾ ਕੀਤਾ ਕਿ ਵਿਜੀਲੈਂਸ ਨੇ ਮੇਰੇ ਸਾਹਮਣੇ ਮੇਰੇ ਜਵਾਨ ਪੁੱਤ ਕਾਰਤਿਕ ਪੋਪਲੀ (27) ਨੂੰ ਗੋਲੀ ਮਾਰ ਕੇ ਮਾਰਿਆ ਹੈ ਅਤੇ ਹੁਣ ਵਿਜੀਲੈਂਸ ਮੈਨੂੰ ਵੀ ਮਾਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਮੌਕੇ ਦਾ ਗਵਾਹ ਹਾਂ। ਜਦੋਂ ਸੰਜੇ ਪੋਪਲੀ ਮੀਡੀਆ ਅੱਗੇ ਆਪਣੀ ਗੱਲ ਰੱਖ ਰਿਹਾ ਸੀ ਤਾਂ ਵਿਜੀਲੈਂਸ ਦੀ ਜਾਂਚ ਟੀਮ ਉਸ ਦੀ ਖਿੱਚ ਧੂਹ ਕਰਕੇ ਉੱਥੋਂ ਲੈ ਕੇ ਰਵਾਨਾ ਹੋ ਗਈ।
ਉਧਰ, ਵਿਜੀਲੈਂਸ ਦੇ ਜਾਂਚ ਅਧਿਕਾਰੀ ਡੀਐਸਪੀ ਅਜੈ ਕੁਮਾਰ ਨੇ ਸ਼ਾਮ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਸਪੱਸ਼ਟ ਕੀਤਾ ਸੀ ਕਿ ਕਾਰਤਿਕ ਦੀ ਭੇਤਭਰੀ ਮੌਤ ਦੀ ਘਟਨਾ ਉਨ੍ਹਾਂ ਦੇ ਉੱਥੋਂ ਜਾਣ ਮਗਰੋਂ ਵਾਪਰੀ ਹੈ। ਸੰਜੇ ਪੋਪਲੀ ਦੇ ਘਰ ਦੇ ਬਾਹਰੋਂ ਤਲਾਸ਼ੀ ਦੌਰਾਨ ਸੋਨਾ, ਚਾਂਦੀ ਦੀ ਖੇਪ ਅਤੇ ਲੱਖਾਂ ਰੁਪਏ ਦੀ ਨਗਦੀ ਬਰਾਮਦ ਕਰਨ ਤੋਂ ਵਿਜੀਲੈਂਸ ਦੀ ਜਾਂਚ ਟੀਮ ਮੁਲਜ਼ਮ ਅਧਿਕਾਰੀ ਦੇ ਘਰੋਂ ਵਾਪਸ ਵਿਜੀਲੈਂਸ ਭਵਨ ਮੁਹਾਲੀ ਆ ਚੁੱਕੀ ਸੀ। ਇਸ ਪਿੱਛੋਂ ਇਹ ਦੁਖਾਂਤ ਵਾਪਰਿਆ ਹੈ। ਜਿਸ ਦਾ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ।
ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਐਚਐਸ ਚੀਮਾ ਅਤੇ ਡਾ. ਵਿਜੈ ਭਗਤ ਨੇ ਦੱਸਿਆ ਕਿ ਸੰਜੇ ਪੋਪਲੀ ਨੇ ਮੈਡੀਕਲ ਕਰਨ ਸਮੇਂ ਡਾਕਟਰਾਂ ਨੂੰ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਤਿੰਨ ਡਾਕਟਰਾਂ ਡਾ. ਜੇਸ਼ਨ ਸ਼ਰਮਾ (ਮੈਡੀਸਨ), ਡਾ. ਗੁਰਮੁੱਖ ਸਿੰਘ (ਮਨੋ ਰੋਗ) ਅਤੇ ਡਾ. ਅਰਚਿਤ (ਐਮਰਜੈਂਸੀ ਮੈਡੀਕਲ ਅਫ਼ਸਰ) ’ਤੇ ਆਧਾਰਿਤ ਮੈਡੀਕਲ ਬੋਰਡ ਦਾ ਗਠਨ ਵੀ ਕੀਤਾ ਗਿਆ ਸੀ। ਪਰ ਉਹ (ਸੰਜੇ ਪੋਪਲੀ) ਆਪਣਾ ਮੈਡੀਕਲ ਕਰਵਾਉਣ ਲਈ ਰਾਜ਼ੀ ਨਹੀਂ ਹੋਏ। ਉਨ੍ਹਾਂ ਨੂੰ ਦਿਲ ਦੇ ਰੋਗ ਕਾਰਨ ਈਸੀਜੀ ਅਤੇ ਹੋਰ ਜ਼ਰੂਰੀ ਟੈੱਸਟ ਕਰਵਾਉਣ ਲਈ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਨੇ ਡਾਕਟਰਾਂ ਦੀ ਇੱਕ ਨਹੀਂ ਸੁਣੀ। ਇਸ ਮਗਰੋਂ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਸੰਜੇ ਪੋਪਲੀ ਨੂੰ ਸਰਕਾਰੀ ਐਂਬੂਲੈਂਸ ਵਿੱਚ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ।