ਵਿਜੀਲੈਂਸ ਵੱਲੋਂ ਨਵਜੋਤ ਸਿੱਧੂ ਨੂੰ ਭ੍ਰਿਸ਼ਟਾਚਾਰੀ ਸੰਗਲ ਨਾਲ ਨੂੜਨ ਲਈ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ

ਪੰਜਾਬ ਵਿਜੀਲੈਂਸ ਬਿਊਰੋ ਮੁਹਾਲੀ ਸਥਿਤ ਦਫ਼ਤਰ ਵਿੱਚ ਅਧਿਕਾਰੀਆਂ ਨੇ ਪੁਰਾਣੀਆਂ ਫਾਈਲਾਂ ਫਰੋਲੀਆਂ

ਨਵਜੋਤ ਸਿੱਧੂ, ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਖ਼ਿਲਾਫ਼ ਕਾਰਵਾਈ ਹੋਣ ਦੇ ਸੰਕੇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਚਰਚਿਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਦੂਜੇ ਖ਼ਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਬਾਅਦ ਜਿੱਥੇ ਸਿਆਸੀ ਮਾਹੌਲ ਭਖ ਗਿਆ ਹੈ, ਉੱਥੇ ਸਰਕਾਰ ਦਾ ਇਸ਼ਾਰਾ ਮਿਲਦੇ ਹੀ ਵਿਜੀਲੈਂਸ ਅਧਿਕਾਰੀਆਂ ਨੇ ਨਵਜੋਤ ਸਿੱਧੂ ਨੂੰ ਕਥਿਤ ਤੌਰ ’ਤੇ ਭ੍ਰਿਸ਼ਟਾਚਾਰੀ ਸੰਗਲ ਨਾਲ ਨੂੜਨ ਲਈ ਦਫ਼ਤਰੀ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਅੱਜ ਇੱਥੋਂ ਦੇ ਸੈਕਟਰ-68 ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿੱਚ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੇ ਐਸਐਸਪੀ ਪਰਮਪਾਲ ਸਿੰਘ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੁੱਝ ਪੁਰਾਣੀਆਂ ਫਾਈਲਾਂ ਦੀ ਫਰੋਲਾ ਫਰੋਲੀ ਕੀਤੀ ਗਈ। ਵਿਜੀਲੈਂਸ ਨੇ ਕੁੱਝ ਅਹਿਮ ਫਾਈਲਾਂ ਅਤੇ ਦਸਤਾਵੇਜਾਂ ਨੂੰ ਕਬਜ਼ੇ ਵਿੱਚ ਪੈ ਕੇ ਅੰਦਰਖਾਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਵਿਜੀਲੈਂਸ ਦੇ ਇਕ ਉੱਚ ਅਧਿਕਾਰੀ ਨੇ ਕੀਤੀ ਹੈ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ’ਤੇ ਕਾਨੂੰਨੀ ਸ਼ਿਕੰਜਾ ਕੱਸਣ ਲਈ ਸਭ ਤੋਂ ਪਹਿਲਾਂ ਉਸ ਦੇ ਕੁਝ ਕਰੀਬੀਆਂ ਨੂੰ ਹੱਥਕੜੀ ਲਗਾਈ ਜਾ ਸਕਦੀ ਹੈ। ਸਿੱਧੂ ਦੇ ਸਾਬਕਾ ਓਐਸਡੀ ਅਤੇ ਇਕ ਨਿੱਜੀ ਸਹਾਇਕ ਖ਼ਿਲਾਫ਼ ਕਾਰਵਾਈ ਹੋਣ ਦੇ ਸੰਕੇਤ ਮਿਲੇ ਹਨ। ਦੱਸਿਆ ਗਿਆ ਹੈ ਕਿ ਇਹ ਦੋਵੇਂ ਕਰਮਚਾਰੀ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਵਿਕਾਸ ਪ੍ਰਾਜੈਕਟਾਂ, ਜ਼ਮੀਨ ਅਲਾਟਮੈਂਟ ਸਮੇਤ ਬਿੱਲਾਂ ਦੇ ਭੁਗਤਾਨ ਆਦਿ ਕੰਮ ਸਿੱਧੂ ਨੂੰ ਭਰੋਸੇ ਵਿੱਚ ਲੈ ਕੇ ਬੜੀ ਆਸਾਨੀ ਕਰਵਾ ਲੈਂਦੇ ਸੀ। ਸਾਬਕਾ ਓਐਸਡੀ ਦੇ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਵੱਡੇ ਬਿਲਡਰਾਂ ਨਾਲ ਸਾਂਝ ਹੋਣ ਦੇ ਵੀ ਦੋਸ਼ ਲੱਗ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੇ ਕੈਬਨਿਟ ਮੰਤਰੀ ਹੁੰਦਿਆਂ ਅਜਿਹੇ ਕਈ ਕਥਿਤ ਘੁਟਾਲੇ ਸਿਆਸੀ ਦਬਾਅ ਕਾਰਨ ਦੱਬ ਜਾਂਦੇ ਰਹੇ ਹਨ ਅਤੇ ਹੁਣ ਜਦੋਂ ਸਿੱਧੂ ਅਤੇ ਮੁੱਖ ਮੰਤਰੀ ਸਿਆਸੀ ਤੌਰ ’ਤੇ ਇਕ ਦੂਜੇ ਦੇ ਖ਼ਿਲਾਫ਼ ਸਾਹਮਣੇ ਆ ਗਏ ਹਨ ਤਾਂ ਅਜਿਹੇ ਸਮੇਂ ਸਿੱਧੂ ਦੀਆਂ ਮੁੱਖ ਮੰਤਰੀ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਕਾਨੂੰਨੀ ਪੈਂਤੜਾ ਖੇਡਿਆ ਜਾ ਰਿਹਾ ਹੈ। ਉਧਰ, ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਨਵਜੋਤ ਸਿੱਧੂ ਪਿਛਲੇ ਕੁੱਝ ਦਿਨਾਂ ਤੋਂ ਮੁੱਖ ਮੰਤਰੀ ’ਤੇ ਨਿਸ਼ਾਨੇ ਸਾਧ ਰਹੇ ਹਨ ਅਤੇ ਬੇਅਦਬੀ ਮਾਮਲੇ ਵਿੱਚ ਸਿੱਟ ਦੇ ਗਠਨ ਅਤੇ ਹੋਰ ਮੁੱਦੇ ਚੁੱਕੇ ਗਏ ਹਨ। ਸਿੱਧੂ ਦੀਆਂ ਟਿੱਪਣੀਆਂ ਦੀ ਮੁੱਖ ਮੰਤਰੀ ਨੂੰ ਕਾਫੀ ਤਕਲੀਫ਼ ਹੋ ਰਹੀ ਹੈ। ਸਿੱਧੂ ਦੇ ਪ੍ਰਸੰਸਕਾ ਦਾ ਕਹਿਣਾ ਹੈ ਕਿ ਸਰਕਾਰ ਜਿੰਨਾ ਮਰਜ਼ੀ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਨਵਜੋਤ ਸਿੱਧੂ ਦੀ ਚਿੱਟੀ ਚਾਦਰ ’ਤੇ ਇਕ ਵੀ ਦਾਗ ਨਹੀਂ ਲਗਾ ਸਕਦੀ।
ਵੈਸੇ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਜਦੋਂ ਵੀ ਕਿਸੇ ਵੱਡੇ ਸਿਆਸਤਦਾਨ ਖ਼ਿਲਾਫ਼ ਕੋਈ ਵਿਅਕਤੀ ਖਾਸ ਕਰਕੇ ਸਬੰਧਤ ਦੀ ਆਪਣੀ ਪਾਰਟੀ ਦਾ ਕੋਈ ਆਗੂ ਜਾਂ ਕੋਈ ਸਮਾਜ ਸੇਵੀ ਸੰਸਥਾ ਸੱਚ ਬੋਲਣ ਦੀ ਹਿੰਮਤ ਕਰਦੀ ਤਾਂ ਉਸ ਦੀ ਆਵਾਜ਼ ਨੂੰ ਦਬਾਉਣ ਲਈ ਹੁਕਮਰਾਨਾਂ ਵੱਲੋਂ ਵਿਜੀਲੈਂਸ, ਸੀਬੀਆਈ ਅਤੇ ਐਨਆਈਏ ਨੂੰ ਆਪਣੇ ਬਚਾਅ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਹੁਣ ਤੱਕ ਦੇ ਇਤਿਹਾਸ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ।
ਸੂਤਰਾਂ ਜਾਣਕਾਰੀ ਅਨੁਸਾਰ ਸੱਤਾਧਾਰੀ ਦਲ ਨੇ ਮਾਈਨਿੰਗ, ਗੁੰਡਾ ਪਰਚੀ, ਨਕਲੀ ਸ਼ਰਾਬ, ਟਰਾਂਸਪੋਰਟ, ਸ਼ਹਿਰੀ ਜਾਇਦਾਦ ਅਤੇ ਸਰਕਾਰੀ ਠੇਕਿਆਂ ਨਾਲ ਸਬੰਧਤ ਰਹੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਸੀਨੀਅਰ ਆਗੂਆਂ ਦੀਆਂ ਫਾਈਲਾਂ ਵੀ ਤਿਆਰ ਕਰਕੇ ਰੱਖੀਆਂ ਹੋਈਆਂ ਹਨ ਤਾਂ ਜੋ ਉਨ੍ਹਾਂ ਵੱਲੋਂ ਬਗਾਗਤ ਕਰਨ ’ਤੇ ਅਜਿਹੀ ਕਾਰਵਾਈ ਕੀਤੀ ਜਾ ਸਕੇ।

Load More Related Articles

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…