
ਪਿੰਡ ਬਲੌਂਗੀ, ਦੈੜੀ, ਦਾਊਂ ਤੋਂ ਬਾਅਦ ਹੁਣ ਚੱਪੜਚਿੜੀ ਦੀ ਸ਼ਾਮਲਾਤ ਜ਼ਮੀਨ ’ਤੇ ਰੱਖੀ ਅੱਖ: ਕੁਲਵੰਤ ਸਿੰਘ
ਸ਼ਾਮਲਾਤ ਜ਼ਮੀਨਾਂ ਉੱਤੇ ਹੁਕਮਰਾਨਾਂ ਦੀਆਂ ਲਲਚਾਈਆਂ ਨਜ਼ਰਾਂ ਦਾ ਪ੍ਰਕੋਪ ਲਗਾਤਾਰ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਆਗੂ ਪਿਛਲੇ ਲੰਮੇ ਸਮੇਂ ਤੋਂ ਕਥਿਤ ਤੌਰ ’ਤੇ ਸ਼ਾਮਲਾਤ ਜ਼ਮੀਨਾਂ ਹਥਿਆਉਣ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਆ ਰਹੇ ਹਨ। ਪੰਜਾਬ ਦੇ ਇਕ ਸਾਬਕਾ ਕੈਬਨਿਟ ਮੰਤਰੀ ਅਤੇ ਉਸ ਦੇ ਛੋਟੇ ਭਰਾ ਦੀਆਂ ਨਜ਼ਰਾਂ ਸ਼ਾਮਲਾਤ ਜ਼ਮੀਨਾਂ ਕਬਜ਼ਾਉਣ ਦਾ ਲਾਲਚ ਛੱਡ ਨਹੀਂ ਰਹੀਆਂ ਹਨ। ਅੱਜ ਵੀ ਅਖ਼ਬਾਰਾਂ ਵਿੱਚ ਲੋਕ ਇਨ੍ਹਾਂ ਭਰਾਵਾਂ ਦਾ ਤਿੱਖਾ ਵਿਰੋਧ ਕਰਦੇ ਨਜ਼ਰ ਆਏ, ਜਿੱਥੇ ਕਿ ਪਿੰਡ ਚੱਪੜਚਿੜੀ ਵਿੱਚ ਹੁਣ ਇਨ੍ਹਾਂ ਨੇ ਕਰੋੜਾਂ ਰੁਪਏ ਦੀ ਸ਼ਾਮਲਾਤ ਜ਼ਮੀਨ ਉੱਤੇ ਅੱਖ ਰੱਖ ਲਈ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਲਵੰਤ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਦੇ ਪਿੰਡ ਬਲੌਂਗੀ, ਦਾਊਂ, ਦੈੜੀ, ਚਤਾਮਲੀ ਆਦਿ ਪਿੰਡਾਂ ਵਿੱਚ ਜ਼ਮੀਨਾਂ ਉਤੇ ਕਬਜ਼ੇ ਨੂੰ ਲੈ ਕੇ ਮਸ਼ਹੂਰ ਹੋਏ ਕਾਂਗਰਸੀ ਆਗੂਆਂ ਵੱਲੋਂ ਹੁਣ ਪਿੰਡ ਚੱਪੜਚਿੜੀ ਦੀ ਸ਼ਾਮਲਾਤ ਜ਼ਮੀਨ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਗਈ, ਜਿਸ ਦਾ ਪਿੰਡ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਖ਼ਬਰਾਂ ਦਾ ਹਵਾਲਾ ਦਿੰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਵਾਸੀ ਵਿਰੋਧ ਕਰਦੇ ਹੋਏ ਸ਼ਰੇਆਮ ਕਹਿ ਰਹੇ ਹਨ ਕਿ ਸਿਆਸਤਦਾਨਾਂ ਦੀ ਲਲਚਾਈ ਨਜ਼ਰ ਪਿੰਡ ਚੱਪੜਚਿੜੀ ਦੀ ਕਰੋੜਾਂ ਰੁਪਏ ਦੀ ਸ਼ਾਮਲਾਤ ਜ਼ਮੀਨ ਉੱਤੇ ਹੈ। ਇਸ ਗੱਲ ਤੋਂ ਸਾਫ਼ ਹੋ ਜਾਂਦਾ ਹੈ ਕਿ ਇੱਕ ਭਰਾ ਮਤਾ ਪਾਸ ਕਰਵਾਉਂਦਾ ਹੈ ਅਤੇ ਦੂਜਾ ਭਰਾ ਆਪਣਾ ਰਸੂਖ ਵਰਤ ਕੇ ਸਰਕਾਰ ਤੋਂ ਪ੍ਰਵਾਨਗੀ ਵੀ ਲੈ ਆਉਂਦਾ ਹੈ। ਜਦੋਂਕਿ ਇਹ ਭਰਾ ਉਨ੍ਹਾਂ ਦੇ ਮੇਅਰ ਦੇ ਕਾਰਜਕਾਲ ਦੌਰਾਨ ਹਾਊਸ ਵਿੱਚ ਲੋਕਹਿੱਤ ਵਿੱਚ ਪਾਸ ਕੀਤੇ ਵਿਕਾਸ ਮਤਿਆਂ ਨੂੰ ਰੋਕੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ। ਸਿਟੀ ਬੱਸ ਸਰਵਿਸ ਦਾ ਮਤਾ ਕਾਫ਼ੀ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਟਰਮ ਵਿੱਚ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ ਅਤੇ ਬਕਾਇਦਾ ਰੂਟ ਪਲਾਨ ਵੀ ਬਣਾ ਗਏ ਸੀ ਪ੍ਰੰਤੂ ਸਾਬਕਾ ਮੰਤਰੀ ਨੇ ਉਸ ਨੂੰ ਪਾਸ ਨਹੀਂ ਹੋਣ ਦਿੱਤਾ ਕਿਉਂਕਿ ਕਾਂਗਰਸੀਆਂ ਨੂੰ ਲਗਦਾ ਸੀ ਕਿ ਜੇਕਰ ਸ਼ਹਿਰ ਵਿੱਚ ਲੋਕਲ ਬੱਸ ਚੱਲ ਪਈ ਤਾਂ ਕੁਲਵੰਤ ਸਿੰਘ ਦੀ ਬੱਲੇ ਬੱਲੇ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਾਮਲਾਤ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ੇ ਹੀ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਪਤਨ ਵੱਲ ਲਿਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਮੁਹਾਲੀ ਹਲਕੇ ਦੇ ਪਿੰਡਾਂ ਦੀਆਂ ਜ਼ਮੀਨਾਂ ਉੱਤੇ ਹੋ ਰਹੇ ਨਾਜਾਇਜ਼ ਕਬਜ਼ੇ ਛੁਡਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।