
ਪਿੰਡਾਂ ਦਾ ਵਿਕਾਸ: ਆਪ ਵਿਧਾਇਕ ਨੇ 15ਵੇਂ ਵਿੱਤ ਕਮਿਸ਼ਨ ਤਹਿਤ ਮਿਲੀਆਂ ਗਰਾਂਟਾਂ ਦਾ ਜਾਇਜ਼ਾ ਲਿਆ
ਮੁਹਾਲੀ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ: ਕੁਲਵੰਤ ਸਿੰਘ
ਪੰਜਾਬ ਨਿਰਮਾਣ ਅਧੀਨ 73 ਪੰਚਾਇਤਾਂ ਨੂੰ 15.25 ਕਰੋੜ ਤੇ 15ਵੇਂ ਵਿੱਤ ਕਮਿਸ਼ਨ ਤਹਿਤ ਪ੍ਰਾਪਤ ਹੋਏ 9 ਕਰੋੜ ਰੁਪਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੁਹਾਲੀ ਹਲਕੇ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਲਈ ਸਬੰਧਤ ਗਰਾਮ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਨਿਰਮਾਣ ਅਧੀਨ ਅਤੇ ਕੇਂਦਰ ਸਰਕਾਰ ਵੱਲੋਂ 15ਵੇਂ ਵਿੱਤ ਕਮਿਸ਼ਨ ਤਹਿਤ ਪ੍ਰਾਪਤ ਗਰਾਂਟਾਂ ਦਾ ਜਾਇਜ਼ਾ ਲਿਆ। ਜਿਸ ਉਪਰੰਤ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਵਿਧਾਨ ਸਭਾ ਹਲਕਾ ਮੁਹਾਲੀ ਵਿੱਚ ਪੈਂਦੀਆਂ 73 ਪੰਚਾਇਤਾਂ ਨੂੰ ਪੰਜਾਬ ਨਿਰਮਾਣ ਤਹਿਤ ਲਗਪਗ 15.25 ਕਰੋੜ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ ਲਗਭਗ 9 ਕਰੋੜ ਰੁਪਏ ਪ੍ਰਾਪਤ ਹੋਏ ਹਨ। ਵਿਧਾਇਕ ਨੇ ਵਿਕਾਸ ਕੰਮਾਂ ਵਿੱਚ ਢਿੱਲ-ਮੱਠ ਲਈ ਜ਼ਿੰਮੇਵਾਰ ਅਫ਼ਸਰਾਂ ਅਤੇ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਹਨ।
ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਨਿਰਮਾਣ ਤਹਿਤ ਪ੍ਰਾਪਤ ਫੰਡਾਂ ’ਚੋਂ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਲਗਪਗ 10 ਕਰੋੜ ਰੁਪਏ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ ਮਿਲੀਆਂ ਗਰਾਂਟਾਂ ’ਚੋਂ ਲਗਪਗ 3.35 ਕਰੋੜ ਰੁਪਏ ਹੁਣ ਤੱਕ ਖਰਚ ਕੀਤੇ ਜਾ ਚੁੱਕੇ ਹਨ। ਕੇਂਦਰੀ ਵਿੱਤ ਮੰਤਰੀ ਵੱਲੋਂ ਪ੍ਰਾਪਤ ਗਰਾਂਟਾਂ ਇਕ ਨਿਰਧਾਰਿਤ ਸਮੇਂ ਵਿੱਚ ਵਰਤਣੀਆਂ ਜ਼ਰੂਰੀ ਹੁੰਦੀਆਂ ਹਨ, ਜਿਸ ਕਾਰਨ 15ਵੇਂ ਵਿੱਤ ਕਮਿਸ਼ਨ ਤਹਿਤ ਪ੍ਰਾਪਤ ਇਨ੍ਹਾਂ ਗਰਾਂਟਾਂ ਰਾਹੀਂ ਵਿਕਾਸ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ। ਪ੍ਰੰਤੂ ਕਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਵਰਤੀ ਜਾ ਰਹੀ ਢਿੱਲ ਮੱਠ ਦਾ ਗੰਭੀਰ ਨੋਟਿਸ ਲੈਂਦੇ ਹੋਏ ‘ਆਪ’ ਵਿਧਾਇਕ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਵਿੱਤ ਕਮਿਸ਼ਨ ਤੋਂ ਪ੍ਰਾਪਤ ਗਰਾਂਟ ’ਚੋਂ ਅਣਵਰਤੀ ਗਰਾਂਟ 5.65 ਕਰੋੜ ਰੁਪਏ ਦੀ ਤੁਰੰਤ ਵਰਤੋਂ ਕਰਦੇ ਹੋਏ ਸਬੰਧਤ ਪਿੰਡਾਂ ਵਿੱਚ ਵਿਕਾਸ ਦੇ ਕੰਮ ਸਮਾਂਬੱਧ ਕਰਵਾਏ ਜਾਣ ਅਤੇ ਗਰਾਂਟ ਨੂੰ ਵਰਤਣ ਵਿੱਚ ਹੁਣ ਤੱਕ ਕੀਤੀ ਦੇਰੀ ਕਾਰਨ ਜਿੱਥੇ ਕਿਤੇ ਵੀ ਵਿਕਾਸ ਕੰਮਾਂ ਵਿੱਚ ਖੜੌਤ ਆਈ ਹੈ, ਉਸ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।