
ਪਿਛਲੇ 5 ਸਾਲਾਂ ਵਿੱਚ ਸਿੱਧੂ ਨੇ ਪਿੰਡਾਂ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ: ਕੁਲਵੰਤ ਸਿੰਘ
ਪਿੰਡਾਂ ਵਿੱਚ ਜਾ ਕੇ ਪਤਾ ਚੱਲਦਾ ਹੈ ਲੋਕ ਕਿਹੜੀਆਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡਾਂ ਦੀ ਬਦਤਰ ਹਾਲਤ ਦਰਸਾਉਂਦੀ ਹੈ ਕਿ ਸਿੱਧੂ ਨੇ ਆਪਣੇ ਕਾਰਜਕਾਲ ਦੌਰਾਨ ਦਿਹਾਤੀ ਖੇਤਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਦੀ ਅਸਲ ਤਸਵੀਰ ਤਾਂ ਪਿੰਡਾਂ ਦੇ ਦੁਖੀ ਲੋਕਾਂ ਦੀ ਜ਼ੁਬਾਨੀਂ ਸੁਣਨ ਤੋਂ ਹੀ ਪਤਾ ਚਲਦੀ ਹੈ।
ਕੁਲਵੰਤ ਸਿੰਘ ਨੇ ਸਿੱਧੂ ਭਰਾਵਾਂ ਨੂੰ ਚੇਤੇ ਕਰਵਾਇਆ ਕਿ ਮੁਹਾਲੀ ਵਿੱਚ ਜੇਕਰ ਸੀਵਰੇਜ ਵਰਗੇ ਵੱਡੇ ਪ੍ਰਾਜੈਕਟ ਚੱਲ ਰਹੇ ਹਨ ਤਾਂ ਇਹ ਉਨ੍ਹਾਂ (ਕੁਲਵੰਤ ਸਿੰਘ) ਦੇ ਮੇਠਅਰ ਕਾਰਜਕਾਲ ਦੌਰਾਨ ਮਤੇ ਪਾਸ ਕੀਤੇ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਹਾਊਸ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕਰਕੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਤਾਂ ਸਿੱਧੂ ਨੇ ਆਪਣਾ ਸਰੂਖ ਵਰਤ ਕੇ ਸੀਵਰੇਜ ਪਾਉਣ ਵਾਲਾ ਮਤਾ ਜਾਣਬੁੱਝ ਕੇ ਰੁਕਵਾਈ ਰੱਖਿਆ ਅਤੇ ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਣ ਅਤੇ ਆਪਣੇ ਭਰਾ ਨੂੰ ਮੇਅਰ ਬਣਾ ਕੇ ਪਿਛਲੇ ਸਾਰੇ ਕੰਮ ਸ਼ੁਰੂ ਕਰਵਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਪ ਆਗੂ ਨੇ ਕਿਹਾ ਕਿ ਸ਼ਹਿਰ ਵਾਸੀ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਮੁਹਾਲੀ ਵਿੱਚ ਕਰੀਬ 4 ਦਹਾਕੇ ਪੁਰਾਣਾ ਸੀਵਰੇਜ ਸਿਸਟਮ ਬਦਲਣ ਲਈ ਮਤਾ ਉਨ੍ਹਾਂ ਨੇ ਬਤੌਰ ਮੇਅਰ ਹੁੰਦਿਆਂ ਨਗਰਬ ਨਿਗਮ ਦੇ ਹਾਊਸ ਵਿੱਚ ਪਾਸ ਕੀਤਾ ਸੀ ਅਤੇ ਇਸ ਪ੍ਰਾਜੈਕਟ ਵਿੱਚ ਸਿੱਧੂ ਭਰਾਵਾਂ ਦਾ ਕੋਈ ਯੋਗਦਾਨ ਨਹੀਂ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਿੱਧੂ ਭਰਾਵਾਂ ਦੀ ਜੋੜੀ ਦੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿੰਦਿਆਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਤਾਂ ਜੋ ਮੁਹਾਲੀ ਨੂੰ ਮੁੜ ਵਿਕਾਸ ਦੀ ਲੀਹ ’ਤੇ ਤੋਰਿਆ ਜਾ ਸਕੇ।