Nabaz-e-punjab.com

ਪਿੰਡ ਧਰਮਗੜ੍ਹ ਤੇ ਕੰਡਾਲਾ ਵਿੱਚ ਅੱਗ ਲੱਗਣ ਕਾਰਨ 36 ਏਕੜ ਕਣਕ ਦੀ ਫਸਲ ਸੜ ਕੇ ਸੁਆਹ

ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਪੰਜਾਬ ਵਿੱਚ ਕਣਕ ਦੀ ਫਸਲ ਪੱਕ ਕੇ ਪੂਰੀ ਤਿਆਰ ਹੈ ਅਤੇ ਵਾਢੀ ਦਾ ਕੰਮ ਜ਼ੋਰਾਂ ’ਤੇ ਚਲ ਰਿਹਾ ਹੈ। ਇਕ ਪਾਸੇ ਜਿੱਥੇ ਮੌਸਮ ਦੀ ਬੇਰੁਖੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ, ਉੱਥੇ ਖੇਤਾਂ ’ਚੋਂ ਲੰਘਦੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ’ਚੋਂ ਚੰਗਿਆੜੇ ਜ਼ਮੀਨ ’ਤੇ ਡਿੱਗਣ ਕਾਰਨ ਵੱਖ ਵੱਖ ਥਾਵਾਂ ’ਤੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਕਾਰਨ ਅੰਨਦਾਤੇ ਦਾ ਨੁਕਸਾਨ ਹੋ ਰਿਹਾ ਹੈ।
ਇੱਥੋਂ ਦੇ ਨੇੜਲੇ ਪਿੰਡ ਧਰਮਗੜ੍ਹ ਅਤੇ ਪਿੰਡ ਕੰਡਾਲਾ ਵਿੱਚ ਐਤਵਾਰ ਨੂੰ ਬਾਅਦ ਦੁਪਹਿਰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਖੇਤਾਂ ਵਿੱਚ ਖੜੀ ਕਰੀਬ 36 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਨਾਲ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਇਕ ਕਿਸਾਨ ਦੇ ਖੇਤਾਂ ਵਿੱਚ 3 ਏਕੜ ਨਾੜ ਵੀ ਸੜ ਗਿਆ ਹੈ। ਮੁਹਾਲੀ ਫਾਇਰ ਬ੍ਰਿਗੇਡ ਦੀ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਅੱਜ ਬਾਅਦ ਦੁਪਹਿਰ ਕਰੀਬ 2:20 ਵਜੇ ਪਿੰਡ ਧਰਮਗੜ੍ਹ ਅਤੇ ਨੇੜਲੇ ਪਿੰਡ ਕੰਡਾਲਾ ਦੇ ਖੇਤਾਂ ਵਿੱਚ ਖੜੀ ਕਣਕ ਨੂੰ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਫਾਇਰਮੈਨ ਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੱਗ ਬੁਝਾਉਣ ਵਾਲੀ ਟੀਮ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਈ ਅਤੇ ਕਿਸਾਨਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਧਰਮਗੜ੍ਹ ਦੇ ਕਿਸਾਨ ਕਰਮ ਸਿੰਘ ਦੀ 15 ਏਕੜ ਜ਼ਮੀਨ ਵਿੱਚ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸੇ ਤਰ੍ਹਾਂ ਪਰਜੀਤ ਸਿੰਘ ਧਰਮਗੜ੍ਹ ਦੀ 5 ਏਕੜ, ਕੁਲਵਿੰਦਰ ਸਿੰਘ ਦੀ 4 ਏਕੜ ਕਣਕ ਦੀ ਫਸਲ ਸੜ ਗਈ ਜਦੋਂਕਿ ਕੁਲਵਿੰਦਰ ਦੀ ਕੱਟੀ ਹੋਈ 3 ਏਕੜ ਕਣਕ ਦਾ ਨਾੜ ਵੀ ਅੱਗ ਦੇ ਲਪੇਟੇ ਵਿੱਚ ਆ ਗਿਆ। ਸੁਖਜੀਤ ਸਿੰਘ ਦੀ 4 ਏਕੜ, ਬਲਬੀਰ ਸਿੰਘ ਪਿੰਡ ਕੰਡਾਲਾ ਦੀ ਦੋ ਏਕੜ, ਗੁਰਚਰਨ ਸਿੰਘ ਕੰਡਾਲਾ ਦੀ 4 ਏਕੜ ਅਤੇ ਜਗਦੀਪ ਸਿੰਘ ਕੰਡਾਲਾ ਦੀ ਦੋ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਅਨੁਸਾਰ ਖੇਤਾਂ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ। ਉਂਜ ਵੀ ਕਿਹਾ ਜਾ ਰਿਹਾ ਹੈ ਕਿ ਬਿਜਲੀ ਦੀਆਂ ਨੰਗੀਆਂ ਤਾਰਾਂ ਵਿੱਚ ਸਪਾਰਕ ਹੋਣ ਕਾਰਨ ਕਰਕੇ ਚੰਗਿਆੜੇ ਜ਼ਮੀਨ ’ਤੇ ਡਿੱਗਣ ਕਾਰਨ ਫਸਲ ਨੂੰ ਅੱਗ ਲੱਗੀ ਜਾਪਦੀ ਹੈ।
ਇੰਝ ਹੀ ਪਿੰਡ ਕੰਡਾਲਾ ਦੇ ਸਾਬਕਾ ਸਰਪੰਚ ਰਣਧੀਰ ਸਿੰਘ ਦੀ 5 ਏਕੜ, ਸੁੱਚਾ ਸਿੰਘ ਦੀ 4 ਏਕੜ ਅਤੇ ਸੁਰਜੀਤ ਸਿੰਘ ਦੀ 3 ਏਕੜ ਕਣਕ ਦੀ ਫਸਲ ਸੜਨ ਬਾਰੇ ਵੀ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਕਿਸਾਨਾਂ ਨੇ ਪਾਵਰਕੌਮ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਦਾ ਫੈਸਲਾ ਕੀਤਾ ਹੈ।
ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਗਿਆਨ ਸਿੰਘ ਧੜਾਕ, ਗੁਰਦੇਵ ਸਿੰਘ ਭੁੱਲਰ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਨਛੱਤਰ ਸਿੰਘ ਬੈਦਵਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੌਸਮ ਦੀ ਬੇਰੁਖੀ ਅਤੇ ਅੱਗ ਲੱਗਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਖੜੀ ਕਣਕ ਦੀਆਂ ਨੁਕਸਾਨੀਆਂ ਗਈਆਂ ਫਸਲਾਂ ਸਬੰਧੀ ਤੁਰੰਤ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨ ਤੋਂ ਰੋਕਣ ਲਈ ਕਿਸਾਨਾਂ ਨੂੰ ਸਬਸਿਡੀ ’ਤੇ ਬੀਜ਼ ਮੁਹੱਈਆ ਕਰਵਾਏ ਜਾਣ ਅਤੇ ਜਿਣਸਾਂ ਦਾ ਸਹੀ ਭਾਅ ਦਿੱਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਨਾਜ ਮੰਡੀਆਂ ਵਿੱਚ ਪੁੱਜੀ ਫਸਲ ਦਾ ਦਾਣਾ ਦਾਣਾ ਖ਼ਰੀਦਿਆਂ ਜਾਵੇ ਅਤੇ ਲਿਫਟਿੰਗ ਲਈ ਲੋੜ ਅਨੁਸਾਰ ਬਰਦਾਨਾ ਮੁਹੱਈਆ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…