Nabaz-e-punjab.com

ਪਿੰਡ ਦੁਰਾਲੀ ਨੂੰ ਰੈੱਡ ਜ਼ੋਨ ਵਿੱਚ ਪਾ ਕੇ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਮੰਦਭਾਗਾ: ਚੰਦੂਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁਹਾਲੀ ਨੇੜਲੇ ਪਿੰਡ ਦੁਰਾਲੀ ਨੂੰ ਰੈੱਡ ਜ਼ੋਨ ਵਿੱਚ ਪਾਏ ਜਾਣ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦੱਸਿਆ ਕਿ 2004-05 ਵਿੱਚ ਪੰਜਾਬ ਕੈਬਨਿਟ ਵੱਲੋਂ ਮੁਹਾਲੀ ਸ਼ਹਿਰ ਦੇ ਵਿਕਾਸ ਸਬੰਧੀ ਇੱਕ ‘ਮਾਸਟਰ ਪਲਾਨ’ ਤਿਆਰ ਕੀਤਾ ਗਿਆ ਸੀ। ਜਿਸ ਵਿੱਚ ਪਿੰਡ ਦੁਰਾਲੀ ਅਤੇ ਹੋਰ ਕਈ ਨੇੜਲੇ ਪਿੰਡਾਂ ਦੀ ਜ਼ਮੀਨ ’ਤੇ ਵਸਾਏ ਗਏ ਸੈਕਟਰ-101 ਅਤੇ ਸੈਕਟਰ-103 ਨੂੰ ਇੰਡਸਟਰੀ (ਗਰੀਨ ਜ਼ੋਨ) ਵਿੱਚ ਰੱਖਿਆ ਗਿਆ ਸੀ। ਇੱਥੇ ਇਹ ਵੀ ਸ਼ਰਤ ਸੀ ਕਿ ਗਮਾਡਾ ਖ਼ੁਦ ਜ਼ਮੀਨ ਐਕਵਾਇਰ ਕਰਕੇ ਉਸ ਨੂੰ ਵਿਕਸ਼ਤ ਕਰੇਗਾ।
ਅੱਜ ਇੱਥੇ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਸਾਲ 20 ਨਵੰਬਰ ਨੂੰ ਪ੍ਰਕਾਸ਼ਿਤ ਹੋਏ ਇਸ਼ਤਿਹਾਰ ਵਿੱਚ ਸੈਕਟਰ-101 ਅਤੇ ਸੈਕਟਰ-103 ਨੂੰ ਰੈੱਡ ਜ਼ੋਨ ਵਿੱਚ ਪਾ ਕੇ ਪ੍ਰਾਈਵੇਟ ਹੱਥਾਂ ਦੀ ਭੇਟ ਚਾੜ੍ਹ ਦਿੱਤਾ ਗਿਆ, ਜੋ ਅਤਿ ਮੰਦਭਾਗਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਕੋਈ ਵੀ ਪ੍ਰਾਈਵੇਟ ਸੈਕਟਰ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋਇਆ, ਬਲਕਿ ਜ਼ਮੀਨ ਮਾਲਕਾਂ ਨਾਲ ਝਗੜੇ ਹੁੰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਫੈਸਲਾ ਹੋਣ ਤੋਂ ਹੀ 30 ਦਿਨਾਂ ਵਿੱਚ ਪਿੰਡਾਂ ਵਾਲਿਆਂ ਨੇ ਇਤਰਾਜ਼ ਦਰਜ ਕਰਵਾਏ ਸਨ ਅਤੇ ਬੀਤੀ 10 ਮਾਰਚ ਨੂੰ ਇਤਰਾਜ਼ਾਂ ਸਬੰਧੀ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਕੋਲ ਨਿੱਜੀ ਸੁਣਵਾਈ ਵੀ ਹੋਈ ਹੈ। ਪ੍ਰੰਤੂ ਮੀਟਿੰਗ ਵਿੱਚ ਲੋਕਾਂ ਨੂੰ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪਹਿਲਾਂ ਤੋਂ ਹੀ ਪਾਸ ‘ਮਾਸਟਰ ਪਲਾਨ’ ਅਤੇ ਗਮਾਡਾ ਰਾਹੀ ਇਸਦਾ ਵਿਕਾਸ ਕੀਤਾ ਜਾਵੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਕਿਸੇ ਵੀ ਪ੍ਰਾਈਵੇਟ ਪ੍ਰਮੋਟਰ ਨੂੰ ਜ਼ਮੀਨ ਖ਼ਰੀਦ ਕੇ ਸੀ.ਐੱਲ.ਯੂ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਪਿੰਡ ਦੁਰਾਲੀ ਨੂੰ ਰੈੱਡ ਜ਼ੋਨ ਤੋਂ ਬਾਹਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੈੱਡ ਜ਼ੋਨ ਦਾ ਮਸਲਾ ਸਿਰਫ਼ ਦੁਰਾਲੀ ਦਾ ਨਹੀਂ ਹੈ, ਬਲਕਿ ਹੋਰ ਨੇੜਲੇ ਪਿੰਡਾਂ ਸਨੇਟਾ, ਸੁਖਗੜ੍ਹ, ਬਠਲਾਣਾ, ਦੈੜੀ, ਚਾਉਮਾਜਰਾ, ਮਨੌਲੀ ਲਈ ਵੀ ਨੁਕਸਾਨਦਾਇਕ ਸਾਬਤ ਹੋਵੇਗਾ।

Load More Related Articles

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 3 ਮਈ: ਇੱਥੋਂ ਦੇ ਇਤਿਹਾਸ…