
ਪਿੰਡ ਕੁੰਭੜਾ ਵਾਸੀਆਂ ਨੂੰ ਮਿਲੇਗਾ ਨਹਿਰੀ ਪਾਣੀ, ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਉਦਘਾਟਨ
ਕੁੰਭੜਾ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਵੀ ਸ਼ੁਰੂ ਕਰਵਾਇਆ ਕੰਮ, ਲੱਡੂ ਵੰਡੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਦੇ ਵਸਨੀਕਾਂ ਨੂੰ ਹੁਣ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਨਹੀਂ ਪਵੇਗਾ। ਪੰਜਾਬ ਸਰਕਾਰ ਵੱਲੋਂ ਕੁੰਭੜਾ ਅਤੇ ਹੋਰ ਨੇੜਲੇ ਖੇਤਰ ਨੂੰ ਕਜੌਲੀ ਵਾਟਰ ਵਰਕਸ ਤੋਂ ਨਹਿਰੀ ਪਾਣੀ ਦੀ ਸਪਲਾਈ ਨਾਲ ਜੋੜਿਆ ਗਿਆ ਹੈ। ਜਿਸ ਦਾ ਰਸਮੀ ਉਦਘਾਟਨ ਅੱਜ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ, ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ, ਸਮਾਜ ਸੇਵੀ ਹਰਮੇਸ਼ ਸਿੰਘ ਕੁੰਭੜਾ ਤੇ ਹੋਰ ਪਤਵੰਤੇ ਮੌਜੂਦ ਸਨ।
ਇਸ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੇ ਕੁੰਭੜਾ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਕੰਮ ਵੀ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ ਨਾਲ ਜਿੱਥੇ ਕੁੰਭੜਾ ਵਾਸੀਆਂ ਦੀ ਚਿਰਕੌਣੀ ਮੰਗ ਪੂਰੀ ਹੋ ਗਈ ਹੈ, ਉੱਥੇ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ ਅਤੇ ਨਵੇਂ ਟਿਊਬਵੈੱਲ ਲਗਾਉਣ ’ਤੇ ਆਉਣ ਵਾਲਾ ਖ਼ਰਚਾ ਵੀ ਬਚੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੁੰਭੜਾ ਵਿੱਚ ਹੁਣ ਪੀਣ ਵਾਲੇ ਪਾਣੀ ਦੀ ਕਿੱਲਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਲੋਕ ਆਪ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਖ਼ੁਸ਼ ਹਨ। ਪਹਿਲਾਂ ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ ਹਨ ਅਤੇ ਸਾਰੇ ਚੋਣ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ। ਹੁਣ ਵਿਕਾਸ ਕੰਮਾਂ ਲਈ ਪੈਸਾ ਆ ਰਿਹਾ ਹੈ ਜਦੋਂਕਿ ਪਹਿਲਾਂ ਸਿਆਸੀ ਆਗੂਆਂ ਦੀ ਜੇਬ ਵਿੱਚ ਪੈਸਾ ਜਾਂਦਾ ਸੀ।

ਇਸ ਮੌਕੇ ਵਿਧਾਇਕ ਨੇ ਕੁੰਭੜਾ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਕੰਮ ਵੀ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਨਵੇਂ ਟਰੈਕ ਬਣਾਉਣ ਸਮੇਤ ਬੱਚਿਆਂ ਲਈ ਨਵੇਂ ਝੁੱਲੇ ਅਤੇ ਬਜ਼ੁਰਗਾਂ ਲਈ ਬੈਂਚ ਲਾਏ ਜਾਣਗੇ ਅਤੇ ਨਵੀਆਂ ਐਲਈਡੀ ਲਾਈਟਾਂ ਲਾਈਆਂ ਜਾਣਗੀਆਂ। ਪੂਰੇ ਮੁਹਾਲੀ ਸ਼ਹਿਰ ਵਿੱਚ ਚੌਕਾਂ ਤੇ ਗਰੀਨ ਬੈਲਟਾਂ ਦੀ ਕਾਇਆਕਲਪ ਕੀਤੀ ਜਾਵੇਗੀ। ਚਾਰ ਗੋਲ ਚੌਕ ਬਣਾਉਣ ਦੀ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਬਾਕੀ ਕੰਮ ਵੀ ਨਾਲੋਂ ਨਾਲ ਕੀਤੇ ਜਾਣਗੇ।

ਇਸ ਮੌਕੇ ਕੌਂਸਲਰ ਗੁਰਮੀਤ ਕੌਰ, ਸਾਬਕਾ ਕੌਂਸਲਰ ਫੂਲਰਾਜ ਸਿੰਘ, ਆਰਪੀ ਸ਼ਰਮਾ, ਆਪ ਵਲੰਟੀਅਰ ਰਾਜੀਵ ਵਸ਼ਿਸ਼ਟ, ਹਰਬਿੰਦਰ ਸਿੰਘ ਤੇ ਰਣਦੀਪ ਸਿੰਘ ਬੈਦਵਾਨ, ਅਕਬਿੰਦਰ ਸਿੰਘ ਗੋਸਲ, ਮਲਕੀਤ ਸਿੰਘ ਕੁੰਭੜਾ ਸਮੇਤ ਨਗਰ ਨਿਗਮ ਦੇ ਅਧਿਕਾਰੀ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।