Nabaz-e-punjab.com

ਆਖਰਕਾਰ ਪਿੰਡ ਕੁੰਭੜਾ ਵਾਸੀਆਂ ਦੀ ਵੀ ਸੁਣੀ ਗਈ, ਦੋ ਦਹਾਕੇ ਬਾਅਦ ਸੜਕ ਬਣਨੀ ਹੋਈ ਸ਼ੁਰੂ

ਜਲ ਸਪਲਾਈ ਵਿਭਾਗ ਦੀ ਅਣਗਹਿਲੀ ਕਾਰਨ ਦੇਰੀ ਨਾਲ ਬਣੀ ਸੜਕ: ਅਕਾਲੀ ਕੌਂਸਲਰ ਬਿੰਦਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਦੇ ਵਸਨੀਕਾਂ ਦੀ ਆਖ਼ਰਕਾਰ ਪ੍ਰਸ਼ਾਸਨ ਵੱਲੋਂ ਪੁਕਾਰ ਸੁਣੀਆਂ ਗਈ। ਕਰੀਬ ਦੋ ਦਹਾਕੇ ਬਾਅਦ ਪਿੰਡ ਦੀ ਸੜਕ ਬਣਨੀ ਸ਼ੁਰੂ ਹੋ ਗਈ ਹੈ। ਪਹਿਲਾਂ 10 ਸਾਲ ਅਕਾਲੀ ਭਾਜਪਾ ਸਰਕਾਰ ਨੇ ਕੁੰਭੜਾ ਦੇ ਵਿਕਾਸ ਲਈ ਡੱਕਾ ਨਹੀਂ ਤੋੜਿਆ ਅਤੇ ਹੁਣ ਪਿਛਲੇ ਦੋ ਢਾਈ ਸਾਲਾਂ ਵਿੱਚ ਕੈਪਟਨ ਸਰਕਾਰ ਨੇ ਵੀ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ। ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਸਬੰਧੀ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਅਤੇ ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਸਮਰਥਕਾਂ ਵੱਲੋਂ ਪੜਾਅਵਾਰ ਸੰਘਰਸ਼ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖ਼ਿਲਾਫ਼ ਧਰਨੇ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੜਕ ਨਿਰਮਾਣ ਲਈ ਘਟੀਆ ਮਟੀਰੀਅਲ ਪਾਇਆ ਜਾ ਰਿਹਾ ਹੈ ਅਤੇ ਨਾ ਹੀ ਸੜਕ ਦੇ ਆਲੇ ਦੁਆਲੇ ਤੋਂ ਕਥਿਤ ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰੀਮਿਕਸ ਪਾਉਣ ਤੋਂ ਪਹਿਲਾਂ ਲੋੜ ਅਨੁਸਾਰ ਸਫ਼ਾਈ ਅਤੇ ਲੁੱਕ ਨਹੀਂ ਪਾਈ ਗਈ ਹੈ। ਸਿਰਫ਼ ਖਾਨਾਪੂਰਤੀ ਕਰ ਕੇ ਕੰਮ ਚਲਾਇਆ ਜਾ ਰਿਹਾ ਹੈ।
ਉਧਰ, ਹੁਣ ਮੇਅਰ ਕੁਲਵੰਤ ਸਿੰਘ ਦੇ ਯਤਨਾਂ ਸਦਕਾ ਪਿੰਡ ਕੁੰਭੜਾ ਦੀ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਹੈ। ਅਕਾਲੀ ਦਲ ਦੇ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਪਹਿਲਵਾਨ ਨੇ ਦੱਸਿਆ ਕਿ ਕੁਭੜਾ ਦੀ ਸੜਕ ਬਣਾਉਣ ਲਈ ਵਧੀਆ ਕੁਆਲਿਟੀ ਦਾ ਮਟੀਰੀਅਲ ਪਾਇਆ ਜਾ ਰਿਹਾ ਹੈ। ਪਹਿਲਾਂ ਬੈਟ ਜ਼ਮੀਨ ਪੱਧਰ ਕਰਨ ਲਈ 5 ਇੰਚ ਬੈਟ-ਮੈਕਸ ਪਾਇਆ ਗਿਆ। ਫਿਰ ਉਸ ਉੱਤੇ 5 ਇੰਚ ਪ੍ਰੀਮਿਕਸ ਦੇ ਲੇਅਰ ਵਿਛਾਈ ਗਈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 68 ਲੱਖ ਰੁਪਏ ਖ਼ਰਚੇ ਜਾ ਰਹੇ ਹਨ। ਜਦੋਂਕਿ ਇਸ ਤੋਂ ਪਹਿਲਾਂ ਪਿੰਡ ਕੁੰਭੜਾ ਵਿੱਚ 35 ਲੱਖ ਦੀ ਲਾਗਤ ਨਾਲ ਐਲਈਡੀ ਲਾਈਟਾਂ ਲਗਾਈਆਂ ਗਈਆਂ ਅਤੇ ਪਿੰਡ ਵਾਸੀਆਂ ਦੀ ਪਿਆਸ ਬੁਝਾਉਣ ਲਈ 70 ਲੱਖ ਰੁਪਏ ਦੀ ਲਾਗਤ ਨਾਲ ਦੋ ਨਵੇਂ ਟਿਊਬਵੈੱਲ ਲਾਏ ਗਏ। ਸਮੁੱਚੇ ਪਿੰਡ ਵਿੱਚ ਪੇਵਰ ਬਲਾਕ ’ਤੇ 90 ਲੱਖ ਖਰਚੇ ਅਤੇ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਪੂਰੇ ਪਿੰਡ ਵਿੱਚ ਨਵੇਂ ਸਿਰਿਓਂ ਵਾਟਰ ਸਪਲਾਈ ਪਾਈਪਲਾਈਨ ਵਿਛਾਈ ਗਈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਕ ਹੋਰ ਟਿਊਬਵੈਲ ਲਾਇਆ ਜਾ ਰਿਹਾ ਹੈ।
ਸੜਕ ਬਣਾਉਣ ਦੇ ਕੰਮ ਵਿੱਚ ਹੋਈ ਦੇਰੀ ਬਾਰੇ ਪੁੱਛੇ ਜਾਣ ’ਤੇ ਅਕਾਲੀ ਕੌਂਸਲਰ ਸ੍ਰੀ ਬਿੰਦਰਾ ਨੇ ਜਲ ਸਪਲਾਈ ਵਿਭਾਗ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ ਦੀ ਕਥਿਤ ਲੇਟ ਲਤੀਫ਼ੀ ਕਾਰਨ ਵਾਟਰ ਸਪਲਾਈ ਦੀ ਨਵੀਂ ਪਾਈਪਲਾਈਨ ਵਿਛਾਉਣ ਦਾ ਕੰਮ ਕਾਫੀ ਲੇਟ ਸਿਰੇ ਚੜਿਆ ਹੈ ਜਦੋਂਕਿ ਮੁਹਾਲੀ ਨਗਰ ਨਿਗਮ ਵੱਲੋਂ ਉਕਤ ਕੰਮ ਲਈ 4 ਸਾਲ ਪਹਿਲਾਂ 2015 ਵਿੱਚ ਮਤਾ ਪਾਸ ਕੀਤਾ ਗਿਆ ਸੀ। ਉਨ੍ਹਾਂ ਬਲਵਿੰਦਰ ਕੁੰਭੜਾ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਇਹ ਵਿਅਕਤੀ ਹਮੇਸ਼ਾ ਵਿਕਾਸ ਕੰਮਾਂ ਵਿੱਚ ਬਿਨਾਂ ਵਜ੍ਹਾਂ ਅੜਿੱਕੇ ਖੜੇ ਕਰਦਾ ਰਹਿੰਦਾ ਹੈ। ਹੁਣ ਜਦੋਂ ਮੇਅਰ ਦੀ ਪਹਿਲਕਦਮੀ ਸਦਕਾ ਸੜਕ ਬਣਨੀ ਸ਼ੁਰੂ ਹੋਈ ਹੈ ਤਾਂ ਕੁੰਭੜਾ ਨੂੰ ਮੇਅਰ ਅਤੇ ਨਗਰ ਨਿਗਮ ਅਧਿਕਾਰੀਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…