Nabaz-e-punjab.com

ਪਿੰਡ ਮਾਣਕਪੁਰ ਕੱਲਰ ਦਾ ਹਰਬਾਜ਼ ਸਿੰਘ ਮੱਛੀ ਪਾਲਣ ਰਾਹੀਂ ਖੇਤੀ ਨਾਲੋਂ ਕਰ ਰਿਹਾ ਹੈ ਦੁੱਗਣੀ ਕਮਾਈ

ਮੱਛੀ ਪਾਲਣ ਦੇ ਧੰਦੇ ਲਈ ਵਿਭਾਗ ਵੱਲੋਂ ਦਿੱਤੀ ਗਈ 1 ਲੱਖ 24 ਹਜ਼ਾਰ ਰੁਪਏ ਦੀ ਸਬਸਿਡੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਮੱਛੀ ਪਾਲਣ ਇਕ ਬਹੁਤ ਹੀ ਸਰਲ ਅਤੇ ਲਾਹੇਵੰਦ ਧੰਦਾ ਹੈ, ਜਿਸ ਤੋਂ ਰਵਾਇਤੀ ਖੇਤੀ ਦੇ ਮੁਕਾਬਲੇ ਪ੍ਰਤੀ ਹੈਕਟੇਅਰ ਦੋ ਤੋਂ ਤਿੰਨ ਗੁਣਾ ਵੱਧ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਮੱਛੀ ਪਾਲਣ ਨੂੰ ਪੜ੍ਹਿਆ ਜਾਂ ਅਨਪੜ੍ਹ ਹਰੇਕ ਨੌਜਵਾਨ, ਬਜ਼ੁਰਗ, ਅੌਰਤ ਜਾਂ ਮਰਦ ਸਹਿਜੇ ਹੀ ਅਪਣਾ ਸਕਦਾ ਹੈ ਅਤੇ ਰਵਾਇਤੀ ਖੇਤੀ ਦੇ ਮੁਕਾਬਲੇ ਜ਼ਿਆਦਾ ਕਮਾਈ ਕਰ ਸਕਦਾ ਹੈ। ਅਜਿਹਾ ਹੀ ਕਰ ਰਿਹਾ ਹੈ ਮੁਹਾਲੀ ਵਿਧਾਨ ਸਭਾ ਹਲਕੇ ਦੇ ਪਿੰਡ ਮਾਣਕਪੁਰ ਕੱਲਰ ਦਾ ਉੱਦਮੀ ਨੌਜਵਾਨ ਹਰਬਾਜ਼ ਸਿੰਘ ਸੰਧੂ। ਜਿਸ ਨੇ ਮੱਛੀ ਪਾਲਣ ਵਿਭਾਗ ਦਾ ਪੰਜ ਦਿਨਾਂ ਦਾ ਮੁਫ਼ਤ ਸਿਖਲਾਈ ਕੈਂਪ ਲਾ ਕੇ ਸਾਲ 2014 ਵਿੱਚ 1.60 ਏਕੜ ਜ਼ਮੀਨ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ।
ਸਿਖਲਾਈ ਦੌਰਾਨ ਹਰਬਾਜ਼ ਸਿੰਘ ਨੂੰ ਛੱਪੜਾਂ ਦੀ ਪੁਟਾਈ ਤੋਂ ਲੈ ਕੇ ਪਾਲਣਯੋਗ ਮੱਛੀਆਂ ਦੀਆਂ ਕਿਸਮਾਂ, ਉਨ੍ਹਾਂ ਦੀ ਸਾਂਭ ਸੰਭਾਲ, ਮੰਡੀਕਰਨ ਦੀ ਜਾਣਕਾਰੀ ਦਿੱਤੀ ਗਈ ਅਤੇ ਇਸ ਮਗਰੋਂ ਮੱਛੀ ਪਾਲਣ ਵਿਭਾਗ ਵੱਲੋਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ. ਵਾਈ ਸਕੀਮ) ਤਹਿਤ 1 ਲੱਖ 24 ਹਜ਼ਾਰ ਰੁਪਏ ਦੀ ਸਬਸਿਡੀ ਵੀ ਦਿੱਤੀ ਗਈ। ਹਰਬਾਜ਼ ਸਿੰਘ ਨੇ ਦੱਸਿਆ ਕਿ ਉਹ ਸਾਲਾਨਾ ਪ੍ਰਤੀ ਏਕੜ 20 ਤੋਂ 25 ਕੁਇੰਟਲ ਮੱਛੀ ਦਾ ਉਤਪਾਦਨ ਕਰ ਰਿਹਾ ਹੈ, ਜੋ ਅੌਸਤਨ 100 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ। ਇਸ ਤਰ੍ਹਾਂ ਉਹ 2.50 ਲੱਖ ਰੁਪਏ ਪ੍ਰਤੀ ਏਕੜ ਆਮਦਨ ਕਮਾ ਰਿਹਾ ਹੈ ਅਤੇ ਸਾਰੇ ਖਰਚੇ ਕੱਢ ਕੇ ਉਸ ਨੂੰ 1.25 ਲੱਖ ਰੁਪਏ ਪ੍ਰਤੀ ਏਕੜ ਦੀ ਬੱਚਤ ਹੁੰਦੀ ਹੈ। ਉਸ ਨੇ ਦੱਸਿਆ ਕਿ ਮੱਛੀ ਪਾਲਣ ਦੀ ਸਾਲਾਨਾ ਆਮਦਨ ਖੇਤੀਬਾੜੀ ਕਿੱਤੇ ਨਾਲੋਂ ਦੁੱਗਣੀ ਹੈ। ਉਸ ਨੇ ਕਿਹਾ ਕਿ ਉਹ ਮੱਛੀ ਪਾਲਣ ਦੇ ਇਸ ਕਿੱਤੇ ਨੂੰ 10 ਤੋਂ 15 ਏਕੜ ਵਿੱਚ ਵਧਾਉਣਾ ਚਾਹੁੰਦਾ ਹੈ ਕਿਉਂਕਿ ਇਹ ਕਿੱਤਾ ਬਹੁਤ ਲਾਹੇਵੰਦ ਹੈ।
ਹਰਬਾਜ਼ ਸਿੰਘ ਨੇ ਆਪਣਾ ਇਕ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਵੱਲੋਂ ਮੱਛੀ ਤਲਾਬ ਦਾ ਪਾਣੀ ਆਪਣੇ ਖੇਤਾਂ ਵਿੱਚ ਕਣਕ ਦੀ ਸਿੰਜਾਈ ਲਈ ਵੀ ਵਰਤਿਆ ਗਿਆ, ਜਿਸ ਕਾਰਨ ਉਸ ਨੂੰ ਕਣਕ ਦਾ ਪਹਿਲਾਂ ਨਾਲੋਂ ਵੱਧ ਝਾੜ ਪ੍ਰਾਪਤ ਹੋਇਆ। ਉਸ ਨੇ ਆਪਣੇ ਵਰਗੇ ਹੋਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਉਸ ਵਾਂਗ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਚੌਖੀ ਕਮਾਈ ਕਰ ਸਕਦੇ ਹਨ। ਮੱਛੀ ਪਾਲਣ ਵਿਭਾਗ ਦੇ ਬੁਲਾਰੇ ਨੇ ਕਿਸਾਨਾਂ ਨੂੰ ਰਵਾਇਤੀ ਖੇਤੀ ਨਾਲੋਂ ਖੇਤੀ ਸਹਾਇਕ ਧੰਦੇ ਮੱਛੀ ਪਾਲਣ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਮੱਛੀ ਪਾਲਣ ਰੁਜ਼ਗਾਰ ਦਾ ਵਧੀਆ ਸਾਧਨ ਹੈ ਅਤੇ ਪਿੰਡਾਂ ਵਿੱਚ ਪੰਚਾਇਤੀ ਛੱਪੜਾਂ ਨੂੰ ਮਨਰੇਗਾ ਸਕੀਮ ਰਾਹੀਂ ਸੁਧਾਰ ਕੇ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੱਛੀ ਦਾ ਮੀਟ ਸਸਤਾ ਅਤੇ ਪ੍ਰੋਟੀਨ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਲੋੜੀਂਦੇ ਵਿਟਾਮਿਨ ਅਤੇ ਖਣਿਜ ਪਦਾਰਥ ਕਾਫੀ ਮਾਤਰਾ ਵਿੱਚ ਹੁੰਦੇ ਹਨ।
ਮੱਛੀ ਦੀ ਚਰਬੀ ਖੂਨ ਦੇ ਕੋਲੈਸਟਰੋਲ ਲੈਵਲ ਨੂੰ ਘੱਟ ਰੱਖਣ ਵਿੱਚ ਸਹਾਇਤਾ ਕਰਦੀ ਹੈ। ਕੋਈ ਵੀ ਇਹ ਧੰਦਾ ਅਪਣਾ ਕੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1450 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਮਿਰਜ਼ਾਪੁਰ, ਸਿਸਵਾਂ, ਜੈਯੰਤੀ ਅਤੇ ਪੜਛ ਡੈਮ ਪੰਜ ਸਾਲਾਂ ਲਈ ਮੱਛੀ ਪਾਲਣ ਵਿਭਾਗ ਵੱਲੋਂ ਲੀਜ਼ ’ਤੇ ਦਿੱਤੇ ਗਏ ਹਨ, ਜਿਸ ਤੋਂ ਸਰਕਾਰ ਨੂੰ 58 ਲੱਖ 52 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …