Nabaz-e-punjab.com

ਪਿੰਡ ਮਾਣਕਪੁਰ ਕੱਲਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਨਾਜਾਇਜ਼ ਤੋੜੇ ਜਾਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਮਾਣਕਪੁਰ ਕੱਲਰ ਵਿੱਚ ਖੇਤੀਯੋਗ ਜ਼ਮੀਨ ਉਤੇ ਪਿਛਲੇ ਲਗਭਗ 30-35 ਸਾਲਾਂ ਤੋਂ ਮਾਲਕ ਅਤੇ ਖੇਤੀ ਕਰ ਰਹੇ ਲੋਕਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਮਾਲ ਵਿਭਾਗ ਪੰਜਾਬ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਬਿਨਾ ਕਿਸੇ ਨੋਟਿਸ ਤੋਂ ਅਤੇ ਜ਼ਬਰਦਸਤੀ ਤੋੜੇ ਜਾਣ ਕਾਰਨ ਇਨ੍ਹਾਂ ਜ਼ਮੀਨ ਮਾਲਿਕਾਂ ਵਿਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਤੋੜੇ ਗਏ ਹਨ, ਉਨ੍ਹਾਂ ਦਾ ਦੋਸ਼ ਹੈ ਕਿ ਪਿੰਡ ਮਾਣਕਪੁਰ ਕੱਲਰ ਦੇ ਸਰਪੰਚ ਵੱਲੋਂ ਜਾਣਬੁੱਝ ਕੇ ਇਹ ਕੰਮ ਕਰਵਾਇਆ ਗਿਆ ਹੈ ਜੋ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਹੈ।
ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੋਹਣ ਸਿੰਘ ਗਰਚਾ ਵਾਸੀ ਮੁਹਾਲੀ, ਹਰਮੇਸ਼ ਸਿੰਘ, ਉਜਾਗਰ ਸਿੰਘ, ਗੁਰਮੁੱਖ ਸਿੰਘ, ਹਜ਼ੂਰਾ ਸਿੰਘ, ਸੀਤਲ ਸਿੰਘ, ਹਰਬੰਸ ਸਿੰਘ, ਅੰਗਰੇਜ਼ ਸਿੰਘ, ਹਰਮੀਤ ਸਿੰਘ (ਸਾਰੇ ਵਾਸੀ ਪਿੰਡ ਮਾਣਕਪੁਰ ਕੱਲਰ) ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਮਾਣਕਪੁਰ ਕੱਲਰ ਵਿਖੇ ਉਨ੍ਹਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਤੋੜ ਦਿੱਤੇ ਗਏ ਹਨ ਜਦਕਿ ਉਨ੍ਹਾਂ ਦੀਆਂ ਜ਼ਮੀਨਾਂ ਸਬੰਧੀ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਤੋਂ ਵੀ ਫ਼ੈਸਲੇ ਉਨ੍ਹਾਂ ਦੇ ਹੱਕ ਵਿਚ ਹਨ। ਇਹ ਜ਼ਮੀਨਾਂ ਉਨ੍ਹਾਂ ਨੂੰ ਸੰਨ 1975 ਵਿਚ ਪੰਜਾਬ ਸਰਕਾਰ ਵੱਲੋਂ ਪਿੰਡ ਮਾਣਕਪੁਰ ਕੱਲਰ ਦੀ ਸਰਪਲੱਸ ਹੋਈ ਸ਼ਾਮਲਾਟ ਜ਼ਮੀਨ ਵਿਚੋਂ ਅਲਾਟ ਹੋਈ ਸੀ।
ਸੋਹਣ ਸਿੰਘ ਗਰਚਾ ਨੇ ਇਹ ਜ਼ਮੀਨ ਸੁਪਰੀਮ ਕੋਰਟ ਵੱਲੋਂ ਹੋਈ ਡਿਕਰੀ ਉਪਰੰਤ ਸਾਢੇ ਦਸ ਏਕੜ ਜ਼ਮੀਨ ਆਪਣੀ ਪਤਨੀ, ਭਰਾ ਅਤੇ ਖ਼ੁਦ ਦੇ ਨਾਮ ’ਤੇ ਖਰੀਦੀ ਸੀ ਅਤੇ ਉਸ ਦਾ ਇੰਤਕਾਲ ਵੀ ਉਸ ਦੇ ਨਾਂ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਤਹਿਸੀਲਦਾਰ, ਬੀਡੀਪੀਓ ਅਤੇ ਹੋਰ ਕਈ ਪ੍ਰਸ਼ਾਸਨਿਕ ਅਧਿਕਾਰੀ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਲੈ ਕੇ ਪਿੰਡ ਮਾਣਕਪੁਰ ਕੱਲਰ ਵਿਖੇ ਪਹੁੰਚ ਗਏ। ਇਨ੍ਹਾਂ ਅਧਿਕਾਰੀਆਂ ਨੇ ਉਕਤ ਜ਼ਮੀਨ ਮਾਲਿਕਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਜ਼ਮੀਨਾਂ ਸਬੰਧੀ ਡੀਸੀ ਮੁਹਾਲੀ ਦੇ ਕੋਈ ਸਟੇਅ ਆਰਡਰ ਆਦਿ ਦਿਖਾਉਣ ਲਈ ਕਿਹਾ। ਜਦੋਂ ਲੋਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਪਾਸ ਕੀਤੇ ਹੁਕਮਾਂ ਦੀਆਂ ਕਾਪੀਆਂ ਹਨ ਤਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਂ ਡੀਸੀ ਦੇ ਹੁਕਮ ਚਾਹੀਦੇ ਹਨ ਜੇਕਰ ਨਹੀਂ ਹੈ ਤਾਂ ਅਦਾਲਤੀ ਹੁਕਮਾਂ ਦੀ ਕੋਈ ਸੁਣਵਾਈ ਨਹੀਂ ਹੋਵੇਗੀ।
ਸੋਹਣ ਸਿੰਘ ਗਰਚਾ ਅਤੇ ਹੋਰਨਾਂ ਵਿਅਕਤੀਆਂ ਨੇ ਕਿਹਾ ਕਿ ਮਾਲ ਵਿਭਾਗ ਜਾਂ ਪੰਚਾਇਤ ਵਿਭਾਗ ਨੇ ਜਿਹੜੀ ਜ਼ਮੀਨ ਦੇ ਇੰਤਕਾਲ ਤੋੜਨੇ ਸਨ, ਉਸ ਜ਼ਮੀਨ ਦੇ ਖੇਵਟ ਨੰਬਰ ਇੱਕ ਹੋਣ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਦੇ ਵੀ ਇੰਤਕਾਲ ਨਾਲ ਹੀ ਤੋੜ ਦਿੱਤੇ ਗਏ ਹਨ। ਉਨ੍ਹਾਂ ਪਿੰਡ ਮਾਣਕਪੁਰ ਕੱਲਰ ਦੇ ਸਰਪੰਚ ਉਤੇ ਵਰ੍ਹਦਿਆਂ ਕਿਹਾ ਕਿ ਕਾਂਗਰਸੀ ਸਰਪੰਚ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ ’ਤੇ ਜਾਣਬੁੱਝ ਕੇ ਇਹ ਇੰਤਕਾਲ ਤੁੜਵਾ ਚੁੱਕਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਆਪਣੇ ਇਸ ਕਾਂਗਰਸੀ ਸਰਪੰਚ ਦੀ ਗਲਤ ਹਰਕਤ ਨਾਲ ਜ਼ਮੀਨ ਮਾਲਿਕਾਂ ਦੀ ਪ੍ਰੇਸ਼ਾਨੀ ਨੂੰ ਖ਼ਤਮ ਕਰਨ ਲਈ ਤੁਰੰਤ ਮਾਲ ਵਿਭਾਗ ਅਤੇ ਪੰਚਾਇਤ ਵਿਭਾਗ ਨੂੰ ਹੁਕਮ ਜਾਰੀ ਕਰਨ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਲਗਭਗ ਸਾਢੇ 10 ਏਕੜ ਜ਼ਮੀਨ ਦੇ ਨਜਾਇਜ਼ ਤੋੜੇ ਗਏ ਇੰਤਕਾਲਾਂ ਨੂੰ ਮੁੜ ਤੋਂ ਠੀਕ ਕਰਵਾ ਕੇ ਲੋਕਾਂ ਨੂੰ ਅਦਾਲਤੀ ਚੱਕਰਾਂ ਤੋਂ ਬਚਾਇਆ ਜਾਵੇ। ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਠੀਕ ਨਾ ਕੀਤੇ ਤਾਂ ਉਹ ਮਜ਼ਬੂਰ ਹੋ ਕੇ ਅਦਾਲਤ ਦਾ ਸਹਾਰਾ ਵੀ ਲੈਣਗੇ।
ਉਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਪਿੰਡ ਮਾਣਕਪੁਰ ਕੱਲਰ ਦੇ ਸਰਪੰਚ ਕਰਮ ਸਿੰਘ ਨੇ ਉਕਤ ਕਿਸਾਨਾਂ ਵੱਲੋਂ ਉਨ੍ਹਾਂ ਉਤੇ ਲਗਾਏ ਜਾਂਦੇ ਦੋਸ਼ਾਂ ਨੂੰ ਗਲਤ ਅਤੇ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਇੰਤਕਾਲ ਤੋੜਨ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਜੇਕਰ ਕਿਸੇ ਕਿਸਾਨ ਜਾਂ ਜ਼ਮੀਨ ਮਾਲਿਕ ਦਾ ਇੰਤਕਾਲ ਗਲਤ ਤੋੜਿਆ ਗਿਆ ਹੈ ਤਾਂ ਉਹ ਸਬੰਧਤ ਅਧਿਕਾਰੀਆਂ ਕੋਲ ਜਾ ਕੇ ਆਪਣਾ ਰਿਕਾਰਡ ਠੀਕ ਕਰਵਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…