
ਨਸ਼ਿਆਂ ਦੀ ਰੋਕਥਾਮ ਲਈ ਮੁਹਾਲੀ ਵਿੱਚ 347 ਵਿਲੇਜ ਮਿਸ਼ਨ ਟੀਮਾਂ ਕਾਇਮ: ਗਿਰੀਸ਼ ਦਿਆਲਨ
ਕੈਮਿਸਟ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਲਈ ਸਾਂਝੀ ਮੁਹਿੰਮ ਛੇੜੀ ਜਾਵੇ: ਡੀਸੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਨਸ਼ਿਆਂ ਦੀ ਤਸਕਰੀ ਅਤੇ ਵਿਕਰੀ ਉੱਤੇ ਤਿੱਖੀ ਨਜ਼ਰ ਰੱਖਣ ਅਤੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਨਿਵੇਕਲੇ ਐਕਸ਼ਨ ਪਲਾਨ ਤਹਿਤ 347 ਵਿਲੇਜ ਮਿਸ਼ਨ ਟੀਮਾਂ ਕਾਇਮ ਕੀਤੀਆਂ ਹਨ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਮਿਸ਼ਨ ਟੀਮ (ਡੀਐਮਟੀ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਜੰਗ ਉੱਤੇ ਚੱਲ ਕੇ ਜ਼ਿਲ੍ਹੇ ’ਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਤਿੰਨ ਦਿਸ਼ਾਵੀ ਰਣਨੀਤੀ ਬਣਾਈ ਹੈ, ਜਿਸ ਵਿੱਚ ਐਨਫੋਰਸਮੈਂਟ, ਨਸ਼ਾ ਮੁਕਤੀ ਅਤੇ ਰੋਕਥਾਮ ਸ਼ਾਮਲ ਹੈ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਉਹ ਵਿਲੇਜ ਮਿਸ਼ਨ ਟੀਮਾਂ ਤੇ ਨਸ਼ਾ ਨਿਗਰਾਨ ਕਮੇਟੀਆਂ ਰਾਹੀਂ ਪਿੰਡਾਂ ਵਿੱਚ ਇਸ ਰਣਨੀਤੀ ਨੂੰ ਲਾਗੂ ਕਰਨਾ ਯਕੀਨੀ ਬਣਾਉਣ।
ਹੋਰ ਵੇਰਵੇ ਦਿੰਦਿਆਂ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਖਰੜ ਸਬ ਡਿਵੀਜ਼ਨ ਵਿੱਚ 175 ਵਿਲੇਜ ਮਿਸ਼ਨ ਟੀਮਾਂ, ਡੇਰਾਬਸੀ ਤੇ ਮੁਹਾਲੀ ਵਿੱਚ ਕ੍ਰਮਵਾਰ 112 ਅਤੇ 60 ਵਿਲੇਜ ਮਿਸ਼ਨ ਟੀਮਾਂ ਬਣਾ ਦਿੱਤੀਆਂ ਹਨ। ਉਨ੍ਹਾਂ ਸਬੰਧਤ ਵਿਭਾਗਾਂ ਤੇ ਟੀਮਾਂ ਨੂੰ ਪਿੰਡਾਂ ਤੇ ਖਿੱਤੇ ਨੂੰ ਨਸ਼ਾ ਮੁਕਤ ਕਰਨ ਲਈ ਕੀਤੇ ਕੰਮ ਦਾ ਰਿਕਾਰਡ ਰੱਖਣ ਲਈ ਵੀ ਆਖਿਆ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਸ਼ਿਆਂ ਦੀ ਸਮਗਲਿੰਗ ਜਾਂ ਵਿਕਰੀ ਉੱਤੇ ਨਜ਼ਰ ਰੱਖਣ ਦੇ ਨਾਲ ਨਾਲ 10 ਨਸ਼ਾ ਮੁਕਤ ਪਿੰਡਾਂ ਦੀ ਵੀ ਸ਼ਨਾਖ਼ਤ ਕਰਨ। ਉਨ੍ਹਾਂ ਅੱਗੇ ਕਿਹਾ ਕਿ ਇਸ ਰਣਨੀਤੀ ਨੂੰ ਡੈਪੋ ਅਤੇ ਬਡੀ ਪ੍ਰੋਗਰਾਮਾਂ ਦੀ ਤਰਜ਼ ਉੱਤੇ ਅੱਗੇ ਵਧਾਇਆ ਜਾਵੇ।
ਡੀਸੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਪਿੰਡਾਂ ਦਾ ਨਸ਼ਿਆਂ ਤੋਂ ਪ੍ਰਭਾਵਿਤ, ਘੱਟ ਪ੍ਰਭਾਵਿਤ ਅਤੇ ਨਸ਼ਾ ਮੁਕਤ ਦੇ ਆਧਾਰ ’ਤੇ ਵਰਗੀਕਰਨ ਕੀਤਾ ਜਾਵੇ। ਉਨ੍ਹਾਂ ਪੁਲੀਸ ਵਿਭਾਗ ਨੂੰ ਸਪਲਾਇਰਾਂ ਨੂੰ ਵੱਡੇ ਤੇ ਛੋਟੇ ਸਪਲਾਇਰਾਂ ਦੇ ਹਿਸਾਬ ਨਾਲ ਸ਼੍ਰੇਣੀਬੱਧ ਕਰਨ ਅਤੇ ਹੋਸਟਲਾਂ ਤੇ ਪੇਇੰਗ ਗੈਸਟ (ਪੀਜੀ) ਤੋਂ ਇਲਾਵਾ ਨਸ਼ਿਆਂ ਦੀ ਵਿਕਰੀ ਪੱਖੋਂ ਸੰਵੇਦਨਸ਼ੀਲ ਥਾਵਾਂ ਉੱਤੇ ਕਰੜੀ ਨਜ਼ਰ ਰੱਖੀ ਜਾਵੇ। ਉਨ੍ਹਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਰੋਕਣ ਲਈ ਵਿਸ਼ੇਸ਼ ਨਾਕੇ ਲਾਉਣ ਦੀ ਹਦਾਇਤ ਕੀਤੀ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੈਮਿਸਟ ਦੀਆਂ ਦੁਕਾਨਾਂ ਦੀ ਜਾਂਚ ਲਈ ਸਾਂਝੇ ਤੌਰ ਉੱਤੇ ਵਿਸ਼ੇਸ਼ ਮੁਹਿੰਮ ਚਲਾਉਣ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਖਰੜ ਦੇ ਐਸਡੀਐਮ ਵਿਨੋਦ ਬਾਂਸਲ, ਡੇਰਾਬੱਸੀ ਐਸਡੀਐਮ ਪੂਜਾ ਗਰੇਵਾਲ, ਡੀਐਸਪੀ ਡੀਐਸ ਸੰਧੂ, ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ, ਪੀਪੀਸੀਬੀ ਦੇ ਐਸਡੀਓ ਕੰਵਲਦੀਪ ਕੌਰ, ਡੀਡੀਪੀਓ ਡੀਕੇ ਸਾਲਦੀ ਅਤੇ ਡੀਐਸਐਸਓ ਰਵਿੰਦਰ ਸਿੰਘ ਰਾਹੀ ਵੀ ਹਾਜ਼ਰ ਸਨ।