
ਮੁਹਾਲੀ ਹਲਕੇ ਦਾ ਕੋਈ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ: ਬਲਬੀਰ ਸਿੱਧੂ
ਭਗਤ ਆਸਾ ਰਾਮ ਦੀ ਸਮਾਧ ’ਤੇ ਹਾਲ ਦੀ ਉਸਾਰੀ ਲਈ 8 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ
ਤਿੰਨ ਮਹੀਨੇ ਵਿੱਚ ਹੋਵੇਗੀ ਖ਼ਤਮ ਦਹਾਕਿਆਂ ਪੁਰਾਣੀ ਲਾਂਡਰਾਂ ਜੰਕਸ਼ਨ ’ਤੇ ਟਰੈਫ਼ਿਕ ਜਾਮ ਸਮੱਸਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਮੁਹਾਲੀ ਵਿਧਾਨ ਸਭਾ ਹਲਕੇ ਦਾ ਕੋਈ ਵੀ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਸਾਰੀਆਂ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੈਕਟਰ-77 (ਸੋਹਾਣਾ) ਵਿਖੇ ਭਗਤ ਆਸਾ ਰਾਮ ਬੈਦਵਾਨ ਦੀ ਸਮਾਧ ’ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਪਣੇ ਅਖ਼ਤਿਆਰੀ ਫੰਡ ’ਚੋਂ ਭਗਤ ਆਸਾ ਰਾਮ ਬੈਦਵਾਨ ਸਮਾਧ ’ਤੇ ਇਕ ਵੱਡੇ ਹਾਲ ਦੀ ਉਸਾਰੀ ਲਈ 8 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਗਤ ਆਸਾ ਰਾਮ ਪੁਆਧ ਇਲਾਕੇ ਦੀ ਵਿਰਾਸਤ ਹਨ ਉਨ੍ਹਾਂ ਦੀ ਵਿਰਾਸਤ ਨੂੰ ਸੰਭਲਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇੱਥੇ ਇਕ ਆਧੁਨਿਕ ਲਾਇਬ੍ਰੇਰੀ ਬਣਾਈ ਜਾਵੇਗੀ। ਜਿਸ ਵਿੱਚ ਭਗਤ ਆਸਾ ਰਾਮ ਜੀ ਦੀਆਂ ਉਚਾਰੀਆਂ ਕਥਾਵਾਂ/ਕਿੱਸੇ ਆਉਣ ਵਾਲੀ ਪੀੜੀ ਲਈ ਸੰਭਾਲ ਕੇ ਰੱਖੇ ਜਾਣਗੇ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣਗੇ।
ਸ੍ਰੀ ਸਿੱਧੂ ਨੇ ਦੱਸਿਆ ਕਿ ਸਿਹਤ ਅਤੇ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਸਰਕਾਰੀ ਪੇਂਡੂ ਸਕੂਲਾਂ ਦੀਆਂ ਇਮਾਰਤਾਂ ਨੂੰ ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਦੀਆਂ ਇਮਾਰਤਾਂ ਦੀ ਤਰਜ਼ ’ਤੇ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ। ਸਿਹਤ ਸਹੂਲਤਾਂ ਦਾ ਮਿਆਰ ਉੱਚਾ ਚੁੱਕਣ ਲਈ ਪਿੰਡ ਸਨੇਟਾ, ਸੈਕਟਰ-79, ਸੈਕਟਰ-66 ਅਤੇ ਐਰੋਸਿਟੀ ਵਿੱਚ ਮੱੁਢਲੇ ਸਿਹਤ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਦੈੜੀ ਤੋਂ ਗੱਜੂ ਖੇੜਾ ਅਤੇ ਸਨੇਟਾ ਤੋਂ ਮਾਣਕਪੁਰ ਖੇੜਾ ਤੱਕ ਦੀਆਂ ਸੜਕਾਂ ਮਜ਼ਬੂਤ ਅਤੇ 18 ਫੁੱਟ ਚੌੜਾ ਕਰਨ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ। ਭਾਗੋਮਾਜਰਾ, ਮੌਜਪੁਰ ਤੋਂ ਬੀਰੋਮਾਜਰੀ ਅਤੇ ਝੰਜੇੜੀ ਤੋਂ ਬੀਰੋਮਾਜਰੀ ਤੱਕ ਦੀਆਂ ਸੜਕਾਂ ਨੂੰ ਵੀ ਚੌੜਾ ਤੇ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਦਹਾਕਿਆਂ ਪੁਰਾਣੀ ਲਾਂਡਰਾਂ ਜੰਕਸ਼ਨ ’ਤੇ ਟਰੈਫ਼ਿਕ ਜਾਮ ਦੀ ਸਮੱਸਿਆ ਅਗਲੇ ਤਿੰਨ ਮਹੀਨੇ ਬਾਅਦ ਖ਼ਤਮ ਹੋ ਜਾਵੇਗੀ।
ਸ੍ਰੀ ਸਿੱਧੂ ਨੇ ਪ੍ਰੀਤਮ ਰੁਪਾਲ ਦੀ ਲਿਖੀ ਕਿਤਾਬ ਪੁਆਧੀ ਅਖਾੜਾ (ਪੇਸ਼ਕਾਰੀ ਤੇ ਪ੍ਰਸੰਗ) ਪੰਜਾਬੀ ਸੰਗੀਤ ਨਾਟਕ ਅਕਾਦਮੀ ਪੰਜਾਬ ਕਲਾ ਭਵਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਪੁਆਧੀ ਅਖਾੜਾ ਗਾਇਕ ਚਰਨ ਸਿੰਘ ਦਿਆਲਪੁਰੀ ਨੂੰ ਭੇਟ ਕੀਤੀ। ਇਸ ਕਿਤਾਬ ਵਿੱਚ ਕੇਸਰ ਸਿੰਘ ਸੋਹਾਣਾ ਨੇ ਭਗਤ ਆਸਾ ਰਾਮ ਨਾਲ ਸਬੰਧਤ ਕਥਾਵਾਂ ਛਾਪਣ ਦਾ ਯੋਗਦਾਨ ਪਾਇਆ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜੀਐਸ ਰਿਆੜ, ਬੂਟਾ ਸਿੰਘ, ਸੁਸ਼ੀਲ ਅੱਤਰੀ, ਭਗਤ ਆਸਾ ਰਾਮ ਬੈਦਵਾਨ ਕੇਮਟੀ ਦੇ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ, ਹਰਮਨਜੀਤ ਸਿੰਘ, ਹਰਜਿੰਦਰ ਸਿੰਘ, ਦਲਵਿੰਦਰ ਸਿੰਘ, ਹਰਜੀਤ ਸਿੰਘ ਭੋਲਾ ਅਤੇ ਇਲਾਕੇ ਦੀਆ ਹੋਰ ਸ਼ਖ਼ਸੀਅਤਾਂ ਮੌਜੂਦ ਸਨ।