Nabaz-e-punjab.com

ਮੁਹਾਲੀ ਹਲਕੇ ਦੇ ਪਿੰਡਾਂ ਦਾ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕਰਵਾਇਆ ਜਾਵੇਗਾ: ਸਿੱਧੂ

ਪੰਚਾਇਤੀ ਨੁਮਾਇੰਦਿਆਂ ਤੋਂ ਵਿਕਾਸ ਕੰਮਾਂ ਬਾਰੇ ਸੁਝਾਅ ਲਏ, ਜ਼ਿਲ੍ਹਾ ਪ੍ਰੀਸ਼ਦ ਭਵਨ ਵਿੱਚ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਸਤੰਬਰ:
ਪੰਚਾਇਤੀ ਨੁਮਾਇੰਦਿਆਂ ਤੋਂ ਪਿੰਡਾਂ ਦੇ ਵਿਕਾਸ ਕਾਰਜਾਂ ਬਾਰੇ ਸੁਝਾਅ ਜਾਨਣ ਲਈ ਮੁਹਾਲੀ ਜ਼ਿਲ੍ਹੇ ਦੀਆਂ ਪੰਚਾਇਤਾਂ ਦੀ ਮੀਟਿੰਗ ਇੱਥੇ ਜੁਝਾਰ ਨਗਰ ਨੇੜੇ ਜ਼ਿਲ੍ਹਾ ਪ੍ਰੀਸ਼ਦ ਭਵਨ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਇਸ ਮੀਟਿੰਗ ਦਾ ਮੰਤਵ ਪਿੰਡਾਂ ਵਿੱਚ ਰੁਕੇ ਹੋਏ ਕੰਮਾਂ ਦੀ ਸਮੀਖਿਆ ਤੋਂ ਇਲਾਵਾ ਪੰਚਾਇਤੀ ਨੁਮਾਇੰਦਿਆਂ ਤੋਂ ਅਫ਼ਸਰਸ਼ਾਹੀ ਦੇ ਉਨ੍ਹਾਂ ਪ੍ਰਤੀ ਵਤੀਰੇ ਬਾਰੇ ਜਾਨਣਾ ਸੀ। ਉਨ੍ਹਾਂ ਕਿਹਾ ਕਿ ਪੰਚਾਇਤੀ ਨੁਮਾਇੰਦਿਆਂ ਤੇ ਅਫ਼ਸਰਾਂ ਨੂੰ ਇਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਅੜਿੱਕੇ ਦੇ ਛੇਤੀ ਨੇਪਰੇ ਚਾੜ੍ਹ ਸਕਾਂਗੇ।
ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਕੰਮਾਂ ਨੂੰ ਤਰਜ਼ੀਹ ਦੇ ਆਧਾਰ ਉਤੇ ਵੰਡਣ ਕਿ ਕਿਹੜੇ ਕੰਮ ਦੀ ਸਭ ਤੋਂ ਪਹਿਲਾਂ ਲੋੜ ਹੈ। ਫਿਰ ਸਬੰਧਤ ਪੰਚਾਇਤ ਮਤਾ ਪਾ ਕੇ ਭੇਜੇ, ਜਿਸ ਨਾਲ ਅਨੁਮਾਨਤ ਲਾਗਤ ਸਹੀ ਦਰਸਾਈ ਜਾਵੇ ਤਾਂ ਕਿ ਮੰਗੀ ਗਰਾਂਟ ਮਿਲਣ ਤੋਂ ਬਾਅਦ ਕੰਮ ਨੇਪਰੇ ਚੜ੍ਹੇ। ਉਨ੍ਹਾਂ ਕਿਹਾ ਕਿ ਅਨੁਮਾਨਤ ਲਾਗਤ ਸਹੀ ਨਾ ਦਰਸਾਉਣ ਨਾਲ ਜਿੰਨੀ ਗਰਾਂਟ ਮਿਲਦੀ ਹੈ, ਉਸ ਨਾਲ ਕੰਮ ਸਿਰੇ ਨਹੀਂ ਚੜ੍ਹਦੇ, ਜਿਸ ਨਾਲ ਮੁਸ਼ਕਲਾਂ ਆਉਂਦੀਆਂ ਹਨ। ਸਿਹਤ ਮੰਤਰੀ ਨੇ ਪੰਚਾਂ-ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਵਿਤਕਰੇ ਤੇ ਬਦਲਾਖੋਰੀ ਤੋਂ ਵਿਕਾਸ ਕਾਰਜ ਕਰਵਾਉਣ ਨੂੰ ਤਰਜੀਹ ਦੇਣ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਬੱਤ ਸਿਹਤ ਬੀਮਾ ਯੋਜਨਾ, ਨੀਲੇ ਕਾਰਡ, ਲੇਬਰ ਕਾਰਡ ਅਤੇ ਹੋਰ ਹਰ ਤਰ੍ਹਾਂ ਦੀਆਂ ਸਹੂਲਤਾਂ ਲੋਕਾਂ ਨੂੰ ਦਿਵਾਉਣ ਅਤੇ ਇਸ ਲਈ ਫਾਰਮ ਭਰਵਾਉਣ। ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪੰਜ ਲੱਖ ਤੱਕ ਇਲਾਜ ਮੁਫ਼ਤ ਹੋਵੇਗਾ, ਇਸ ਸਕੀਮ ਵਿੱਚ ਕਈ ਪ੍ਰਾਈਵੇਟ ਹਸਪਤਾਲ ਵੀ ਸੂਚੀਬੱਧ ਹਨ। ਉਨ੍ਹਾਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਟਾ-ਦਾਲ ਸਕੀਮ ਦੇ ਕਾਰਡ ਬਣਾਉਣ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਅਫ਼ਸਰਸ਼ਾਹੀ ਤੇ ਪੰਚਾਇਤਾਂ ਨੂੰ ਕਿਹਾ ਕਿ ਸਰਕਾਰੀ ਪੈਸਾ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਖਰਚਿਆ ਜਾਵੇ।
ਇਸ ਤੋਂ ਪਹਿਲਾਂ ਜ਼ਿਲ੍ਹਾ ਸਹਿਕਾਰੀ ਕਿਰਤ ਤੇ ਉਸਾਰੀ ਸਭਾਵਾਂ ਯੂਨੀਅਨ ਲਿਮੀਟਿਡ ਦੇ ਚੇਅਰਮੈਨ ਮੋਹਨ ਸਿੰਘ ਬਠਲਾਣਾ, ਪਿੰਡ ਲਾਂਡਰਾਂ ਦੇ ਸਰਪੰਚ ਹਰਚਰਨ ਸਿੰਘ ਗਿੱਲ, ਪਿੰਡ ਜਗਤਪੁਰਾ ਦੇ ਸਰਪੰਚ ਰਣਜੀਤ ਸਿੰਘ ਗਿੱਲ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੌਰੀ, ਭਗਤ ਸਿੰਘ ਨਾਮਧਾਰੀ ਮੌਲੀ ਬੈਦਵਾਣ, ਪਿੰਡ ਗਡਾਣਾ ਦੇ ਸਰਪੰਚ ਹਰਿੰਦਰ ਸਿੰਘ ਜੌਹਨੀ, ਜੁਝਾਰ ਨਗਰ ਦੇ ਪੰਚ ਬਾਬਾ ਕੁਲਵਿੰਦਰ ਸਿੰਘ, ਛੱਜਾ ਸਿੰਘ ਕੁਰੜੀ, ਕੁਲਵੰਤ ਸਿੰਘ ਸਰਪੰਚ ਬਰਿਆਲੀ, ਹਰੀ ਸਿੰਘ ਬਾਕਰਪੁਰ, ਕੈਪਟਨ ਪਿਆਰਾ ਸਿੰਘ ਸਰਪੰਚ ਚੱਪੜ ਚਿੜੀ ਨੇ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਰੱਖੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ਉਤੇ ਮਨਰੇਗਾ ਸਕੀਮ, ਪੀਣ ਵਾਲੇ ਪਾਣੀ ਦੀ ਸਮੱਸਿਆ, ਪੰਚਾਇਤੀ ਜ਼ਮੀਨਾਂ ਉਤੇ ਕਬਜ਼ੇ, ਸੀਵਰੇਜ ਦੇ ਖੱਡੇ ਸਾਫ਼ ਕਰਨ ਅਤੇ ਪਿੰਡਾਂ ਦਾ ਲਾਲ ਡੋਰਾ ਵਧਾਉਣ ਬਾਰੇ ਮੰਗਾਂ ਸ਼ਾਮਲ ਸਨ।
ਮੀਟਿੰਗ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਸਰਕਾਰੀ ਦਫ਼ਤਰਾਂ ਵਿੱਚ ਪੰਚਾਂ-ਸਰਪੰਚਾਂ ਨੂੰ ਪੂਰਾ ਮਾਣ-ਸਤਿਕਾਰ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਚਾਇਤੀ ਨੁਮਾਇੰਦਿਆਂ ਨੂੰ ਜਲਦੀ ਸ਼ਨਾਖ਼ਤੀ ਕਾਰਡ ਜਾਰੀ ਹੋ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਏਗੀ। ਉਨ੍ਹਾਂ ਨਾਲ ਹੀ ਕਿਹਾ ਕਿ ਸ. ਸਿੱਧੂ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਹਲਕੇ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਦੇ ਗੱਫੇ ਦਿੱਤੇ ਹਨ। ਇਸ ਦੌਰਾਨ ਪੰਚਾਂ ਸਰਪੰਚਾਂ ਵੱਲੋਂ ਚੁੱਕੇ ਮਸਲਿਆਂ ਦੇ ਐਕਸੀਅਨ ਜਨ ਸਿਹਤ ਸਾਹਿਲ ਸ਼ਰਮਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਡੀ.ਕੇ. ਸਾਲਦੀ, ਐਸ.ਡੀ.ਓ. ਬੀ.ਐਂਡ.ਆਰ. ਰਾਜੀਵ ਗੌਰ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਰਵਿੰਦਰ ਸੰਧੂ, ਐਸ.ਸੀ. ਪੀ.ਐਸ.ਪੀ.ਸੀ.ਐਲ. ਰਵਿੰਦਰ ਸਿੰਘ ਸੈਣੀ ਅਤੇ ਹੋਰਾਂ ਨੇ ਜਵਾਬ ਦਿੱਤੇ ਅਤੇ ਆਪਣੇ ਆਪਣੇ ਵਿਭਾਗਾਂ ਦੀਆਂ ਚੱਲ ਰਹੀਆਂ ਤੇ ਸ਼ੁਰੂ ਹੋਣ ਵਾਲੀਆਂ ਸਕੀਮਾਂ ਬਾਰੇ ਦੱਸਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਮਨਜੀਤ ਸਿੰਘ ਤੰਗੌਰੀ ਵਾਈਸ ਚੇਅਰਮੈਨ ਬਲਾਕ ਸਮਿਤੀ ਖਰੜ, ਪਿੰਡ ਤੰਗੌਰੀ ਦੀ ਸਰਪੰਚ ਐਡਵੋਕੇਟ ਅਮਨਦੀਪ ਕੌਰ, ਜ਼ੋਰਾ ਸਿੰਘ ਮਨੌਲੀ, ਮੈਂਬਰ ਬਲਾਕ ਸਮਿਤੀ ਗੁਰਦੀਪ ਸਿੰਘ ਬਾਸੀ ਮਨੌਲੀ ਅਤੇ ਹੋਰ ਪੰਚ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਦੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…