Nabaz-e-punjab.com

ਖਰੜ ਨੇੜਲੇ ਪਿੰਡ ਮੱਛਲੀ ਕਲਾਂ ਨੇੜੇ ਖੇਤਾਂ ਵਿੱਚ ਪਲਟੀ ਸਕੂਲ ਬੱਸ

ਤੇਜ ਰਫ਼ਤਾਰ ਕਾਰਨ ਵਾਪਰਿਆ ਹਾਦਸਾ, ਇਕ ਬੱਚਾ ਗੰਭੀਰ ਜ਼ਖ਼ਮੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਮਾਰਚ:
ਇੱਥੋਂ ਦੇ ਨਜ਼ਦੀਕੀ ਪਿੰਡ ਮੱਛਲੀ ਕਲਾਂ ਵਿੱਚ ਇਕ ਸਕੂਲੀ ਬੱਸ ਦੇ ਖੇਤਾਂ ਵਿੱਚ ਪਲਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਬੱਸ ਵਿੱਚ ਲਗਭਗ 50 ਸਕੂਲੀ ਬੱਚੇ ਸਵਾਰ ਸੀ, ਜੋ ਵਾਲ-ਵਾਲ ਬਚ ਗਏ। ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਹਾਦਸੇ ਵਿੱਚ ਜ਼ਖ਼ਮੀਂ ਬੱਚਿਆਂ ਵਿੱਚੋੱ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਅਕਾਲ ਅਕੈਡਮੀ ਚੁੰਨੀ ਕਲਾਂ ਸਕੂਲ ਦੀ ਬੱਸ (ਜਿਸ ਵਿੱਚ ਸਮਰੱਥਾ ਤੋਂ ਜ਼ਿਆਦਾ ਬੱਚੇ ਬਿਠਾਏ ਗਏ ਸਨ) ਤੇਜ਼ ਰਫ਼ਤਾਰ ਹੋਣ ਕਾਰਨ ਆਪਣਾ ਸੰਤੁਲਨ ਗਵਾ ਬੈਠੀ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਖੇਤਾਂ ਵਿੱਚ ਪਲਟ ਗਈ। ਫਿਲਹਾਲ ਪੁਲਸ ਨੇ ਸਕੂਲ ਬੱਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੌਰਾਨ ਖਰੜ ਦੇ ਐਸਡੀਐਮ ਹਿਮਾਂਸੂ ਜੈਨ ਨੇ ਕਿਹਾ ਹੈ ਕਿ ਓਵਰਸਪੀਡ ਅਤੇ ਲੋੜੀਂਦੇ ਦਸਤਾਵੇਜ਼ ਤੋਂ ਬਗ਼ੈਰ ਚਲਾਈਆਂ ਜਾ ਰਹੀਆਂ ਸਕੂਲੀ ਬੱਸਾਂ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਜਾਵੇਗੀ ਅਤੇ ਉਹਨਾਂ ਨੂੰ ਕਬਜ਼ੇ ਵਿੱਚ ਲਿਆ ਜਾਵੇਗਾ। ਐਸਡੀਐਮ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਡਰਾਈਵਰ ਵਿਰੁੱਧ ਵੀ ਪੁਲੀਸ ਕੇਸ ਦਰਜ ਕੀਤਾ ਗਿਆ ਹੈ ਜੋ ਕਿ ਬਿਨਾਂ ਕਿਸੇ ਦਸਤਾਵੇਜ ਤੋਂ ਬੜੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਏਡੀਟੀਓ ਪਰਦੀਪ ਢਿੱਲੋਂ ਅਤੇ ਪੁਲੀਸ ਚੌਕੀ ਮਜਾਤ ਦੇ ਇੰਚਾਰਜ ਏਐਸਆਈ ਇਕਬਾਲ ਮੁਹੰਮਦ ਨੇ ਹਾਦਸੇ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਮੁੱਚੇ ਮੁਹਾਲੀ ਜ਼ਿਲੇ ਦੀਆਂ ਸੜਕਾਂ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹਾ ਕੋਈ ਹਾਦਸਾ ਨਾ ਵਾਪਰੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …