ਪਿੰਡ ਸੇਖਣ ਮਾਜਰਾ ਦਾ ਮੱਛੀ ਪਾਲਕ ਰਾਜ ਕਪੂਰ ਬਣਿਆ ਹੋਰਨਾਂ ਲਈ ਪ੍ਰੇਰਨਾ ਸਰੋਤ

ਰਾਜ ਕਪੂਰ ਨੂੰ ਮੱਛੀ ਪਾਲਣ ਵਿਭਾਗ ਨੇ 4 ਲੱਖ 47 ਹਜ਼ਾਰ 500 ਦੀ ਸਬਸਿਡੀ ਦਿੱਤੀ: ਜਤਿੰਦਰ ਗਿੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਜ਼ਿਲ੍ਹਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 1350 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਸਥਿਤ ਮਿਰਜਾਪੁਰ, ਸੀਸਵਾਂ, ਜੈਅੰਤੀ ਅਤੇ ਪੜਛ ਡੈਮ ਪੰਜ ਸਾਲ ਲਈ ਮੱਛੀ ਪਾਲਣ ਵਿਭਾਗ ਨੇ ਲੀਜ਼ ’ਤੇ ਦਿੱਤੇ ਹੋਏ ਹਨ, ਜਿਸ ਤੋਂ ਸਰਕਾਰ ਨੂੰ 56 ਲੱਖ 90 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੱਛੀ ਪਾਲਣ ਅਫ਼ਸਰ ਐਸ.ਏ.ਐਸ. ਨਗਰ ਸ੍ਰੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਪਰਫੁੱਲਤ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਕਿਸਾਨਾਂ ਨੂੰ ਮੱਛੀ ਪਾਲਣ ਲਈ ਹਰ ਮਹੀਨੇ ਪੰਜ ਦਿਨਾਂ ਦਾ ਸਿਖਲਾਈ ਕੈਂਪ ਲਾ ਕੇ ਮੁਫ਼ਤ ਸਿਖਲਾਈ ਦੇ ਨਾਲ-ਨਾਲ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।
ਸ੍ਰੀ ਗਿੱਲ ਨੇ ਦੱਸਿਆ ਕਿ ਕਿਸਾਨਾਂ ਨੂੰ ਸਿਖਲਾਈ ਦੇਣ ਉਪਰੰਤ ਮੱਛੀ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਸਾਨਾਂ ਨੂੰ 04 ਲੱਖ ਰੁਪਏ ਪ੍ਰਤੀ ਹੈਕਟਰ ਕਰਜ਼ਾ ਦਿਵਾਇਆ ਜਾਂਦਾ ਹੈ, ਜਿਸ ’ਤੇ ਉਨ੍ਹਾਂ ਨੂੰ ਮੱਛੀ ਪਾਲਣ ਵਿਭਾਗ ਵੱਲੋਂ ਆਰ.ਕੇ.ਵੀ.ਵਾਈ. ਸਕੀਮ ਤਹਿਤ 50 ਫੀਸਦ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਰਿਵਾਇਤੀ ਖੇਤੀ ਨਾਲੋਂ ਮੱਛੀ ਪਾਲਣ ਵਿੱਚ ਵਧੇਰੇ ਕਮਾਈ ਦੀਆਂ ਸੰਭਾਵਨਾਵਾਂ ਹਨ ਅਤੇ ਮੱਛੀ ਪਾਲਣ ਦੇ ਧੰਦਿਆਂ ਨਾਲ ਹੋਰ ਧੰਨਦਿਆਂ ਦਾ ਵੀ ਬੇਹੱਦ ਸੁਮੇਲ ਹੈ, ਜਿਨ੍ਹਾਂ ਵਿੱਚ ਸੂਰ ਪਾਲਣ, ਪਸ਼ੂ ਪਾਲਣ, ਮੁਰਗੀ ਪਾਲਣ, ਖੇਤੀਬਾੜੀ ਅਤੇ ਬਾਗ਼ਬਾਨੀ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਮੱਛੀ ਪਾਲਕਾਂ ਨੂੰ ਛੱਪੜਾਂ ਦੀ ਪੁਟਾਈ ਤੋਂ ਲੈ ਕੇ ਪਾਲਣਯੋਗ ਮੱਛੀਆਂ ਦੀਆਂ ਕਿਸਮਾਂ, ਉਨ੍ਹਾਂ ਦੀ ਸਾਂਭ-ਸੰਭਾਲ, ਮੰਡੀਕਰਨ, ਬੈਂਕਾਂ ਤੋਂ ਕਰਜ਼ੇ ਅਤੇ ਕਰਜ਼ੇ ’ਤੇ ਮਿਲਣ ਵਾਲੀ ਸਬਸਿਡੀ ਮੁਹੱਈਆ ਕਰਵਾਉਂਦਾ ਹੈ।
ਸ੍ਰੀ ਗਿੱਲ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ, ਪੰਚਾਇਤੀ ਛੱਪੜਾਂ ਨੂੰ ਮਗਨਰੇਗਾ ਸਕੀਮ ਰਾਹੀਂ ਉਨ੍ਹਾਂ ਦੀ ਸਾਂਭ-ਸੰਭਾਲ, ਖ਼ੁਦਾਈ ਆਦਿ ਕਰਵਾ ਕੇ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਤ ਕਰਨ ਵਿੱਚ ਬੇਹੱਦ ਸਹਾਈ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਆਮਦਨ ਦੇ ਸਰੋਤਾਂ ਵਿੱਚ ਅਥਾਅ ਵਾਧਾ ਹੋ ਸਕਦਾ ਹੈ ਅਤੇ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕੀਤੇ ਜਾ ਸਕਦੇ ਹਨ, ਜਿਸ ਸਬੰਧੀ ਜਾਣਕਾਰੀ ਮੱਛੀ ਪਾਲਣ ਵਿਭਾਗ ਮੁਹੱਈਆ ਕਰਵਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਸੇਖਣ ਮਾਜਰਾ ਦਾ ਅਗਾਂਹਵਧੂ ਕਿਸਾਨ ਸ੍ਰੀ ਰਾਜ ਕਪੂਰ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਸਾਲ 2014 ਵਿੱਚ ਉਸ ਨੇ ਮੱਛੀ ਪਾਲਣ ਵਿਭਾਗ ਨਾਲ ਤਾਲਮੇਲ ਕਰ ਕੇ ਪੰਜ ਰੋਜ਼ਾ ਸਿਖਲਾਈ ਕਰਨ ਉਪਰੰਤ 2.4 ਹੈਕਟੇਅਰ ਰਕਬੇ ਵਿੱਚ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਅਤੇ ਉਹ ਹੁਣ 03 ਲੱਖ 12 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਸਾਲਾਨਾ ਮੁਨਾਫਾ ਕਮਾ ਰਿਹਾ ਹੈ।
ਮੱਛੀ ਪਾਲਣ ਵਿਭਾਗ ਵੱਲੋਂ ਉਸ ਨੂੰ ਆਰ.ਕੇ.ਵੀ.ਵਾਈ. ਸਕੀਮ ਤਹਿਤ 04 ਲੱਖ 47 ਹਜ਼ਾਰ 500 ਰੁਪਏ ਦੀ ਸਬਸਿਡੀ ਵੀ ਪ੍ਰਦਾਨ ਕੀਤੀ ਗਈ। ਹੁਣ ਉਸ ਨੇ ਧੰਦੇ ਨੂੰ ਜ਼ਿਲ੍ਹੇ ਵਿੱਚ ਪ੍ਰਫੁੱਲਤ ਕਰਨ ਲਈ 2.4 ਹੈਕਟੇਅਰ ਰਕਬੇ ਵਿੱਚ ਇੱਕ ਕਰੋੜ ਸਾਲਾਨਾ ਮੱਛੀ ਪੂੰਗ ਸਮਰੱਥਾ ਵਾਲੀ ਹੈਚਰੀ ਵੀ ਸਥਾਪਿਤ ਕੀਤੀ ਹੈ ਅਤੇ ਉਸ ਦੀ ਹੈਚਰੀ ਕਾਮਨਕਾਰਪ ਮੱਛੀ ਦਾ ਪੂੰਗ ਸਪਲਾਈ ਕਰਨ ਲਈ ਤਿਆਰ ਹੈ। ਇਸ ਹੈਚਰੀ ਸਦਕਾ ਜ਼ਿਲ੍ਹੇ ਦੇ ਮੱਛੀ ਪਾਲਕਾਂ ਦੀ ਵਧੀਆ ਕੁਆਲਿਟੀ ਤੇ ਸਮੇਂ ਸਿਰ ਪੰੂਗ ਪ੍ਰਾਪਤ ਕਰਨ ਦੀ ਮੰਗ ਪੂਰੀ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…