
1 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗੀ ਪਿੰਡ ਸ਼ਾਮਪੁਰ ਦੀ ਕਾਇਆ-ਕਲਪ: ਸਿੱਧੂ
ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦਾ ਕਿਸਾਨ ਤੇ ਵਿਕਾਸ ਨੂੰ ਤਹਿਸ ਨਹਿਸ ਕੀਤਾ: ਸਿੱਧੂ
ਸਿਹਤ ਮੰਤਰੀ ਵੱਲੋਂ 25 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ
ਪਿੰਡ ਸ਼ਾਮਪੁਰ ਤੋਂ ਭਾਰਤਪੁਰ ਤੱਕ ਬਣੇਗੀ ਨਵੀਂ ਸੜਕ, 10 ਪਿੰਡਾਂ ਨੂੰ ਆਉਣ ਜਾਣ ਵਿੱਚ ਮਿਲੇਗੀ ਰਾਹਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਬੁਨਿਆਦੀ ਢਾਂਚੇ ਵਿੱਚ ਵਿਕਾਸ ਦੀ ਰਫਤਾਰ ਪੂਰੀ ਤਰ੍ਹਾਂ ਤੇਜ਼ੀ ਨਾਲ ਚਲ ਰਹੀ ਹੈ। ਇਸ ਗਤੀ ਵਿੱਚ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪੂਰੀ ਦ੍ਰਿੜ੍ਹਤਾ ਨਾਲ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ਼ ਸ਼ੁਰੂ ਕਰਵਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਪੰਜਾਬ ਦੇ ਨਾਲ-ਨਾਲ ਆਪਣੇ ਹਲਕੇ ਦੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਹੱਲ ਤੇ ਮੰਗਾਂ ਨੂੰ ਪੂਰਾ ਕਰਨ ਲਈ ਪੂਰੀ ਤਵੱਜੋਂ ਦਿੱਤੀ ਜਾ ਰਹੀ ਹੈ। ਇਸੇ ਕੜੀ ਚ ਵਾਧਾ ਕਰਦੇ ਹੋਏ ਪਿੰਡ ਸ਼ਾਮਪੁਰ ਦੇ ਵਾਸੀਆਂ ਦੀ ਦਹਾਕੇ ਪੁਰਾਣੀ ਸਮੱਸਿਆ ਖਾਸ ਕਰਕੇ ਬਰਸਾਤ ਦੇ ਦਿਨਾਂ ਚ ਪਿੰਡ ਨੂੰ ਸ਼ਹਿਰਾਂ ਨਾਲ ਜੋੜਣ ਵਾਲੀ ਸੰਪਰਕ ਸੜਕ ਤੇ ਰੇਲਵੇ ਅੰਡਰ ਬ੍ਰਿਜ਼ ਚ ਪਾਣੀ ਭਰਨ ਨਾਲ ਆਵਾਜਾਈ ਬੰਦ ਹੋ ਜਾਂਦੀ ਅਤੇ ਉਨ੍ਹਾਂ ਦਾ ਐਸ.ਏ.ਐਸ ਨਗਰ, ਖਰੜ ਆਦਿ ਸ਼ਹਿਰਾਂ ਨਾਲੋਂ ਸੰਪਰਕ ਟੁੱਟ ਜਾਂਦਾ ਸੀ ਦੂਜਾ ਰਸਤਾ ਨਾਲ ਦੇ ਪਿੰਡ ਵਾਇਆ ਭਾਰਤਪੁਰ ਰਾਹੀਂ ਕਰੀਬ 1100 ਮੀਟਰ ਟੋਟਾ ਕੱਚਾ ਰਸਤਾ ਹੋਣ ਕਰਕੇ ਬਰਸਾਤੀ ਦਿਨਾਂ ਵਿਚ ਆਉਣ ਜਾਣ ਯੋਗ ਨਹੀਂ ਰਹਿੰਦਾ ਸੀ।
ਇਸ ਸਮੱਸਿਆ ਦੇ ਹੱਲ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਆਪਣੇ ਅਖਤਿਆਰੀ ਫੰਡ ’ਚੋਂ 25 ਲੱਖ ਰੁਪਏ ਲੋਕ ਨਿਰਮਾਣ ਵਿਭਾਗ (ਭ ਤੇ ਮ) ਨੂੰ ਦਿੱਤੇ ਅਤੇ ਪਿੰਡ ਸ਼ਾਮਪੁਰ ਤੋਂ ਭਾਰਤਪੁਰ ਤੱਕ ਦੇ 1100 ਮੀਟਰ ਸੜਕ ਦੇ ਟੋਟੇ ਨੂੰ ਪੱਕਾ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ। ਇਹ ਟੋਟਾ ਪੱਕਾ ਹੋਣ ਨਾਲ ਪਿੰਡ ਤੇ ਇਲਾਕੇ ਦੀ ਦਹਾਕਿਆਂ ਪੁਰਾਣੀ ਸਮੱਸਿਆ ਹੱਲ ਹੋ ਜਾਵੇਗੀ । ਜਿਸ ਨਾਲ ਕਰੀਬ 10 ਪਿੰਡਾਂ ਨੂੰ ਆਉਣ ਜਾਣ ਵਿੱਚ ਰਾਹਿਤ ਮਿਲੇਗੀ।
ਇਸ ਮੌਕੇ ਬਲਬੀਰ ਸਿੱਧੂ ਨੇ ਕਿਹਾ ਕਿ ਕਿਸਾਨੀ ਪੰਜਾਬ ਦੀ ਰੀੜ ਦੀ ਹੱਡੀ ਅਤੇ ਵਿਕਾਸ ਪੰਜਾਬ ਦੀ ਪਛਾਣ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਤੇ ਪੰਜਾਬ ਦਾ ਵਿਕਾਸ ਤਬਾਹ ਕਰ ਦਿੱਤੇ ਹਨ। ਉਨ੍ਹਾ ਕਿਹਾ ਜੋ ਕੇਂਦਰ ਸਰਕਾਰ ਨੇ ਤਿੰਨ ਬਿਲ ਪਾਸ ਕੀਤੇ ਹਨ ਇਸ ਨਾਲ ਜਿਥੇ ਕਿਸਾਨ ਤਬਾਹ ਹੋ ਜਾਵੇਗਾ ਉਥੇ ਪੰਜਾਬ ਦੇ ਵਿਕਾਸ ਦਾ ਵੀ ਵਿਨਾਸ ਹੋ ਜਾਵੇਗਾ। ਕਿਸਾਨਾਂ ਵੱਲੋਂ ਵੇਚੀ ਜਾਂਦੀ ਜਿਣਸ ਨਾਲ ਮਾਰਕੀਟ ਕਮੇਟੀਆਂ ਰਾਹੀਂ ਕਰੀਬ 5 ਹਜ਼ਾਰ ਕਰੋੜ ਰੁਪਏ ਪੰਜਾਬ ਮੰਡੀਕਰਣ ਬੋਰਡ ਇਕੱਤਰ ਕਰਦਾ ਹੈ ਜਿਸ ਨਾਲ ਪਿੰਡਾਂ ਦੀਆਂ ਸੰਪਰਕ ਸੜਕਾਂ ਬਣਾਈਆਂ ਜਾਂਦੀਆਂ ਹਨ। ਜੇ ਕਿਸਾਨ ਤਬਾਹ ਹੋ ਗਿਆ ਤਾਂ ਬੋਰਡ ਦੀ ਅਮਦਨ ਵੀ ਖਤਮ ਹੋ ਜਾਵੇਗੀ ਅਤੇ ਸੰਪਰਕ ਸੜਕਾਂ ਵੀ ਟੁੱਟ ਜਾਣਗੀਆਂ ਜਿਸ ਨਾਲ ਪਿੰਡਾਂ ਦਾ ਤੇ ਸ਼ਹਿਰਾਂ ਦਾ ਆਪਸ ਵਿੱਚ ਸੰਪਰਕ ਟੁੱਟ ਜਾਵੇਗਾ ਜੋ ਵਿਨਾਸ ਦਾ ਸਬੂਤ ਬਣੇਗਾ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਪੰਜਾਬ ਦਾ ਪੈਸਾ ਜੋ ਜੀ.ਐਸਟੀ ਦੇ ਰੂਪ ਵਿੱਚ ਕੇਂਦਰ ਸਰਕਾਰ ਪਾਸ ਇੱਕਠਾ ਹੁੰਦਾ ਹੈ ਉਸ ਦਾ ਬਣਦਾ ਹਿੱਸਾ ਵੀ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੀ ਵਿਆਜ ਮੁਆਫ਼ੀ ਯੋਜਨਾ ਵਿੱਚੋਂ ਵੀ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਲਿਆ ਇਸ ਫੈਸਲੇ ਨਾਲ ਭੋਰਾ ਵੀ ਸ਼ੱਕ ਨਹੀ ਰਹਿ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਵਲ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣਕੇ ਕਿਸਾਨ, ਮਜ਼ਦੂਰ ਅਤੇ ਗਰੀਬ ਵਿਰੋਧੀ ਫੈਸਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਾਰਪੋਰੇਟ ਘਰਾਣਿਆਂ ਅਤੇ ਧਨਾਢ ਵਪਾਰੀਆਂ ਦੀ ਜਮਾਤ ਹੈ ਜਿਸ ਨੇ ਕਾਰਪੋਰੇਟ ਘਰਾਣਿਆਂ ਦਾ ਕਈ ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਪਰ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਕਿਸਾਨਾਂ ਦਾ ਇਕ ਪੈਸਾ ਵੀ ਮੁਆਫ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਤਬਕੇ ਦੀ ਬਾਂਹ ਹਮੇਸ਼ਾਂ ਕਾਂਗਰਸ ਪਾਰਟੀ ਦੀ ਸਰਕਾਰਾਂ ਨੇ ਹੀ ਫੜੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਦੀ ਪ੍ਰਵਾਹ ਨਾ ਕਰਦੇ ਹੋਏ ਅਤੇ ਕੋਵਿਡ-19 ਦਾ ਦ੍ਰਿੜਤਾ ਨਾਲ ਟਾਕਰਾ ਕਰਦੇ ਹੋਏ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਵਿੱਚ ਬੁਨਿਆਦੀ ਢਾਂਚੇ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਾਮਪੁਰ ਪਿੰਡ ਵਿੱਚ ਵੀ ਕਰੀਬ 65.50 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿੱਚ 16 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ, 10 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦਾ ਨਿਕਾਸ, 3 ਲੱਖ ਰੁਪਏ ਧਰਮਸ਼ਾਲਾ (ਐਸ.ਸੀ), 3 ਲੱਖ ਰੁਪਏ ਧਰਮਸ਼ਾਲਾ (ਜਨਰਲ), 5.25 ਲੱਖ ਰੁਪਏ ਸ਼ਮਸ਼ਾਨ ਘਾਟ (ਐਸਸੀ) ਅਤੇ 5 ਲੱਖ ਰੁਪਏ ਸ਼ਮਸ਼ਾਨ ਘਾਟ (ਜਨਰਲ) ਤੇ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਪਿੰਡ ਦੇ ਵਿਕਾਸ ਕੰਮਾਂ ਤੇ ਕਰੀਬ 20 ਲੱਖ ਰੁਪਏ ਤੋਂ ਵੱਧ ਖਰਚੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਦਿਹਾਤੀ ਇਲਾਕਿਆਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
ਸ੍ਰੀ ਸਿੱਧੂ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚਲ ਰਹੇ ਵਿਕਾਸ ਕੰਮਾਂ ਤੇ ਆਪਣੀ ਪੂਰੀ ਨਿਗਰਾਨੀ ਰੱਖਣ ਅਤੇ ਲੋੜ ਅਨੁਸਾਰ ਕੰਮ ਨੂੰ ਪੂਰਾ ਕਰਨ ਲਈ ਆਪਣਾ ਬਣਦਾ ਸਹਿਯੋਗ ਦੇਣ। ਕੰਮਾਂ ਵਿੱਚ ਭ੍ਰੀਸ਼ਟਾਚਾਰ ਅਤੇ ਦੇਰੀ ਬਰਦਾਸ਼ਤ ਨਹੀਂ ਹੋਵੇਗੀ। ਹਰ ਕੰਮ ਚ ਗੁਣਵਤਾ ਅਤੇ ਸਮੇਂ ਤੇ ਹੋਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਰਾਜਪ੍ਰੀਤ ਸਿੰਘ ਸਿੱਧੂ, ਐਸਡੀਓ ਵਿਵੇਕ ਮਹਿਤਾ, ਬੀਡੀਪੀਓ ਹਿਤੇਨ ਕਪਲਾ, ਜਨਰਲ ਸਕੱਤਰ ਗੋਸਾਂਈ ਸਮਾਜ ਪੰਜਾਬ ਸ਼ਿਵ ਰਾਮ ਗਿਰੀ, ਰਜਿੰਦਰ ਸਿੰਘ ਰਾਏਪੁਰ, ਸਰਪੰਚ ਚਰਨਜੀਤ ਕੌਰ, ਸਰੋਜਬਾਲਾ, ਜੋਗਿੰਦਰ ਗਿਰ, ਕਰਨੈਲ ਸਿੰਘ, ਸ਼ੀਲਾ ਦੇਵੀ, ਇੰਦਰਜੀਤ ਗਿਰੀ, ਸੀਮਪਾਸ ਗਿਰੀ, ਦਾਰਾ ਗਿਰੀ, ਭੀਸਮ ਗਿਰੀ, ਮੋਹਨ ਗਿਰੀ ਸਮੇਤ ਹੋਰ ਇਲਾਕਾ ਵਾਸੀ ਮੌਜੂਦ ਸਨ।