
ਬਲੌਂਗੀ ਨੂੰ ਮੁਹਾਲੀ ਨਗਰ ਨਿਗਮ ਵਿੱਚ ਸ਼ਾਮਲ ਕਰਨ ’ਤੇ ਪਿੰਡ ਵਾਸੀਆਂ ਨੇ ਜਸ਼ਨ ਮਨਾਇਆ, ਲੱਡੂ ਵੰਡੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਪੰਜਾਬ ਸਰਕਾਰ ਵੱਲੋਂ ਮੁਹਾਲੀ ਦੀ ਜੂਹ ਵਿੱਚ ਵਸਦੇ ਪਿੰਡ ਬਲੌਂਗੀ ਅਤੇ ਕਲੋਨੀਆਂ ਨੂੰ ਨਗਰ ਨਿਗਮ ਦੀ ਹੱਦ ਵਿੱਚ ਕਰਨ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰਨ ’ਤੇ ਪਿੰਡ ਵਾਸੀਆਂ ਨੇ ਸੂਬਾ ਸਰਕਾਰ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਤੇ ਮੇਅਰ ਜੀਤੀ ਸਿੱਧੂ ਦਾ ਧੰਨਵਾਦ ਕੀਤਾ। ਪਿੰਡ ਵਾਸੀਆਂ ਨੇ ਕਾਂਗਰਸੀ ਵਰਕਰਾਂ ਨਾਲ ਮਿਲ ਕੇ ਜਸ਼ਨ ਮਨਾਇਆ ਅਤੇ ਖ਼ੁਸ਼ੀ ਵਿੱਚ ਲੱਡੂ ਵੰਡੇ ਅਤੇ ਓਪਨ ਜੀਪ ਵਿੱਚ ਸਵਾਰ ਹੋ ਕੇ ਬਲੌਂਗੀ ਅਤੇ ਕਲੋਨੀਆਂ ਵਿੱਚ ਧੰਨਵਾਦ ਰੈਲੀ ਕੱਢੀ। ਧੰਨਵਾਦ ਰੈਲੀ ਦੀ ਅਗਵਾਈ ਸੀਨੀਅਰ ਕਾਂਗਰਸ ਆਗੂ ਜੋਗਿੰਦਰ ਸਿੰਘ ਧਾਲੀਵਾਲ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਵਾਲੀਆ, ਬਲੌਂਗੀ ਦੇ ਪ੍ਰਧਾਨ ਮਨਜੀਤ ਸਿੰਘ, ਬਹਾਦਰ ਸਿੰਘ ਸਰਪੰਚ, ਮੱਖਣ ਸਿੰਘ ਸਾਬਕਾ ਸਰਪੰਚ, ਦਲੀਪ ਸਿੰਘ ਪੰਚ, ਕੁਲਦੀਪ ਸਿੰਘ ਸਾਬਕਾ ਪੰਚ, ਕੁਲਵਿੰਦਰ ਕੌਰ ਰੂਬੀ, ਰਾਜੀਵ ਕੁਮਾਰ, ਜੈ ਦੀਪ ਸਿੰਘ ਬਿੰਨੀ ਅਤੇ ਹੋਰ ਪਤਵੰਤੇ ਮੌਜੂਦ ਸਨ।
ਉਧਰ, ਕਿਸੇ ਕੰਮ ਲਈ ਅੱਗੇ ਲੰਘ ਰਹੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਜਦੋਂ ਪਿੰਡ ਵਾਸੀਆਂ ਅਤੇ ਵਰਕਰਾਂ ਦਾ ਉਤਸ਼ਾਹ ਦੇਖਿਆ ਤਾਂ ਉਨ੍ਹਾਂ ਨੇ ਸੜਕ ’ਤੇ ਰੁਕ ਕੇ ਬਲੌਂਗੀ ਵਾਸੀਆਂ ਦਾ ਹੌਸਲਾ ਵਧਾਇਆ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਬਲੌਂਗੀ ਅਤੇ ਕਲੋਨੀ ਦੇ ਵਸਨੀਕਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸ੍ਰੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਹੋਣ ਵਾਲੇ ਬਲੌਂਗੀ ਸਮੇਤ ਹੋਰ ਨੇੜਲੇ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਵਿਧਾਇਕ ਸਿੱਧੂ ਨੇ ਕਿਹਾ ਕਿ ਪਿਛਲੀ ਵਿਧਾਨ ਸਭਾ ਅਤੇ ਨਗਰ ਨਿਗਮ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ।
ਇਸ ਮੌਕੇ ਜੋਗਿੰਦਰ ਸਿੰਘ ਧਾਲੀਵਾਲ, ਪਰਮਜੀਤ ਸਿੰਘ ਵਾਲੀਆ ਅਤੇ ਮੱਖਣ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪਿੰਡ ਬਲੌਂਗੀ ਅਤੇ ਸਮੂਹ ਕਲੋਨੀਆਂ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਲਈ ਮੰਗ ਕਰਦੇ ਆ ਰਹੇ ਹਨ ਪ੍ਰੰਤੂ ਹੁਣ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਬਲਬੀਰ ਸਿੱਧੂ ਦੇ ਨਿੱਜੀ ਦਖ਼ਲ ਨਾਲ ਪਿੰਡ ਵਾਸੀਆਂ ਦੀ ਇਹ ਚਿਰਕੌਣੀ ਮੰਗ ਪੂਰੀ ਹੋਈ ਹੈ। ਪਿੰਡ ਵਾਸੀਆਂ ਨੇ ਵਿਧਾਇਕ ਸਿੱਧੂ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੇਅਰ ਜੀਤੀ ਸਿੱਧੂ ਦਾ ਧੰਨਵਾਦ ਕੀਤਾ।