
ਪਿੰਡ ਕੁੰਭੜਾ ਵਾਸੀਆਂ ਨੇ ਸੈਂਟਰਲ ਥਾਣਾ ਫੇਜ਼-8 ਦਾ ਘਿਰਾਓ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਪੰਜਾਬ ਦੀ ਰਾਜਧਾਨੀ ਦੀ ਜੂਹ ਵਿੱਚ ਵਸਦੇ ਮੁਹਾਲੀ ਜ਼ਿਲ੍ਹੇ ਵਿੱਚ ਪੰਜਾਬ ਪੁਲੀਸ ਦੀਆਂ ਵਧੀਕੀਆਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੱਤ ਨਾਰਾਇਣ ਮੰਦਰ ਦੇ ਨਵੇਂ ਪ੍ਰਧਾਨ ਦੀ ਚੋਣ ਅਤੇ ਗੋਲਕਾਂ ਚੁੱਕਣ ਤੇ ਸੀਸੀਟੀਵੀ ਕੈਮਰਿਆਂ ਨਾਲ ਕਥਿਤ ਛੇੜਛਾੜ ਦਾ ਮਾਮਲਾ ਹਾਲੇ ਚੰਗੀ ਤਰ੍ਹਾਂ ਠੰਢਾ ਵੀ ਨਹੀਂ ਸੀ ਹੋਇਆ। ਅੱਜ ਪਿੰਡ ਕੁੰਭੜਾ ਵਾਸੀਆਂ ਨੇ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8 ਦਾ ਘਿਰਾਓ ਕਰਕੇ ਪੰਜਾਬ ਦੀ ਆਪ ਸਰਕਾਰ ਅਤੇ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਤੇ ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ, ਮਨਦੀਪ ਸਿੰਘ, ਸਤੀਸ਼ ਕੁਮਾਰ ਸਰੋਜ ਰਾਣੀ, ਦਰਸ਼ਨ ਸਿੰਘ, ਸੌਰਵ ਕੁਮਾਰ, ਜਗਦੀਪ ਸਿੰਘ, ਗਗਨਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਿੰਡ ਕੁੰਭੜਾ ਦੇ ਵਸਨੀਕ ਕਰਨਵੀਰ ਸਿੰਘ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਪ੍ਰੰਤੂ ਜ਼ਮਾਨਤ ਹੋਣ ਦੇ ਬਾਵਜੂਦ ਵੀ ਮੁਲਜ਼ਮ ਨੂੰ ਨਹੀਂ ਛੱਡਿਆ ਗਿਆ। ਜਿਸ ਕਾਰਨ ਸੋਮਵਾਰ ਸ਼ਾਮ ਨੂੰ ਪਿੰਡ ਵਾਸੀਆਂ ਨੇ ਬਲਵਿੰਦਰ ਕੁੰਭੜਾ ਦੀ ਅਗਵਾਈ ਹੇਠ ਥਾਣੇ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਪੁਲੀਸ ਨੇ ਗੱਲੀਬਾਤੀ ਧਰਨਾ ਚੁਕਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਪਿੰਡ ਵਾਸੀ ਧਰਨਾ ਚੁੱਕਣ ਲਈ ਰਾਜ਼ੀ ਨਹੀਂ ਹੋਏ। ਉਧਰ, ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਪੁਲੀਸ ਵੱਲੋਂ ਕਰਨਵੀਰ ਨੂੰ ਰਿਹਾਅ ਕੀਤਾ ਗਿਆ।