ਸਰਕਾਰੀ ਹਾਈ ਸਕੂਲ ਬਹਿਲੋਲਪੁਰ ਦੀ ਮੁੱਖ ਅਧਿਆਪਕਾਂ ਦੀ ਬਦਲੀ ਵਿਰੁੱਧ ਪਿੰਡ ਵਾਸੀਆਂ ਨੇ ਸਕੂਲ ਨੂੰ ਜੜਿਆ ਤਾਲਾ, ਤਣਾਅ

ਬਦਲੀ ਹੋ ਕੇ ਆਈ ਨਵੀਂ ਮੁੱਖ ਅਧਿਆਪਕਾਂ ਬਿਨਾਂ ਜੁਆਇੰਟ ਕੀਤੇ ਵਾਪਸ ਬੇਰੰਗ ਪਰਤੀ, ਪਿੰਡ ਵਾਸੀਆਂ ਤੇ ਬੱਚਿਆਂ ਵੱਲੋਂ ਤਿੱਖਾ ਵਿਰੋਧ

ਪਿੰਡ ਵਾਸੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਲਿਖਿਆ ਪੱਤਰ, ਮੁੱਖ ਅਧਿਆਪਕਾਂ ਅਲਕਾ ਮਹਾਜਨ ਦੀ ਬਦਲੀ ਰੱਦ ਕਰਨ ਦੀ ਮੰਗ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਇੱਥੋਂ ਦੇ ਨੇੜਲੇ ਪਿੰਡ ਸਰਕਾਰੀ ਹਾਈ ਸਕੂਲ ਬਹਿਲੋਲਪੁਰ ਦੀ ਮੁੱਖ ਅਧਿਆਪਕਾਂ ਸ੍ਰੀਮਤੀ ਅਲਕਾ ਮਹਾਜਨ ਦੀ ਅਚਾਨਕ ਬਦਲੀ ਕਰਨ ਵਿਰੁੱਧ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਦਾ ਪਾਰਾ ਉਦੋਂ ਸੱਤਵੇਂ ਅਸਮਾਨ ’ਤੇ ਜਾ ਚੜ੍ਹਿਆ ਜਦੋਂ ਪ੍ਰਦਰਸ਼ਨਕਾਰੀ ਪਿੰਡ ਵਾਸੀਆਂ ਨੇ ਸਕੂਲ ਤਾਲਾ ਜੜ ਦਿੱਤਾ। ਸਕੂਲ ਵਿੱਚ ਸਥਿਤੀ ਤਣਾਅ ਪੂਰਨ ਹੋਣ ਕਾਰਨ ਬੱਚਿਆਂ ਦੀ ਪੜਾਈ ਵੀ ਪ੍ਰਭਾਵਿਤ ਰਹੀ। ਪਿੰਡ ਦੀਆਂ ਬੀਬੀਆਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਮੁੱਖ ਅਧਿਆਪਕਾਂ ਦੀ ਬਦਲੀ ਰੱਦ ਕੀਤੀ ਜਾਵੇ। ਨਹੀਂ ਤਾਂ ਲੜੀ ਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਅਪਰੈਲ ਵਿੱਚ ਸਰਕਾਰੀ ਹਾਈ ਸਕੂਲ ਜੈਅੰਤੀ ਮਾਜਰੀ ਦੀ ਮੁੱਖ ਅਧਿਆਪਕਾਂ ਸ੍ਰੀਮਤੀ ਅਰਚਨਾ ਰਾਣੀ ਦੀ ਲੋਕਾਂ ਦੀ ਸ਼ਿਕਾਇਤ ’ਤੇ ਸਰਕਾਰੀ ਹਾਈ ਸਕੂਲ ਰੂਪਨਗਰ ਵਿੱਚ ਬਦਲੀ ਕੀਤੀ ਗਈ ਸੀ ਲੇਕਿਨ ਉਨ੍ਹਾਂ ਕਿਸੇ ਤਰ੍ਹਾਂ ਜੁਗਾੜ ਲਗਾ ਕੇ ਆਪਣੀ ਬਦਲੀ ਪਿੰਡ ਬਹਿਲੋਲਪੁਰ ਵਿੱਚ ਕਰਵਾ ਲਈ। ਜਿਵੇਂ ਹੀ ਸ੍ਰੀਮਤੀ ਅਰਚਨਾ ਰਾਣੀ ਰੂਪਨਗਰ ’ਚੋਂ ਰਿਲੀਵ ਹੋ ਕੇ ਛੇਵੇਂ ਪੀਰੀਅਡ ਵਿੱਚ ਸਰਕਾਰੀ ਹਾਈ ਸਕੂਲ ਬਹਿਲੋਲਪੁਰ ਵਿੱਚ ਬਤੌਰ ਮੁੱਖ ਅਧਿਆਪਕਾਂ ਆਪਣੀ ਡਿਊਟੀ ਜੁਆਇੰਨ ਕਰਨ ਪੁੱਜੀ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਡਿਊਟੀ ਜੁਆਇੰਨ ਕਰਨ ਤੋਂ ਰੋਕ ਦਿੱਤਾ। ਜਿਸ ਕਾਰਨ ਸਥਿਤੀ ਤਣਾਅ ਪੂਰਨ ਹੋ ਗਈ। ਅਧਿਆਪਕ ਅਤੇ ਵਿਦਿਆਰਥੀ ਵੀ ਆਪੋ ਆਪਣੀਆਂ ਕਲਾਸਾਂ ’ਚੋਂ ਬਾਹਰ ਆ ਗਏ। ਦੇਖਦੇ ਹੀ ਦੇਖਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਅੌਰਤਾਂ ਤੇ ਪੰਚਾਇਤ ਮੈਂਬਰ ਵੀ ਸਕੂਲ ਪਹੁੰਚ ਗਏ ਅਤੇ ਉਨ੍ਹਾਂ ਨੇ ਨਵੀਂ ਮੁੱਖ ਅਧਿਆਪਕਾਂ ਨੂੰ ਬਾਹਰ ਦਾ ਰਸਤਾ ਦਿਖਾਉਂਦਿਆਂ ਸਕੂਲ ਨੂੰ ਤਾਲਾ ਜੜ੍ਹ ਦਿੱਤਾ। ਪਿੰਡ ਵਾਸੀਆਂ ਦੇ ਨਾਲ ਵਿਦਿਆਰਥੀਆਂ ਨੇ ਵੀ ਨਾਅਰੇਬਾਜ਼ੀ ਕੀਤੀ।
ਉਧਰ, ਅਧਿਆਪਕ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਕਿਸੇ ਅਧਿਆਪਕ ਦੀ ਸ਼ਿਕਾਇਤ ’ਤੇ ਆਧਾਰਿਤ ਬਦਲੀ ਹੋਈ ਹੋਵੇ ਤਾਂ ਨਿਯਮਾਂ ਮੁਤਾਬਕ ਘੱਟੋ ਘੱਟ ਤਿੰਨ ਸਾਲ ਉਸ ਦੀ ਕਿਸੇ ਹੋਰ ਸਕੂਲ ਵਿੱਚ ਬਦਲੀ ਨਹੀਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਸਿਆਸੀ ਦਬਾਅ ਹੇਠ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਸ਼ਿਕਾਇਤੀ ਮੁੱਖ ਅਧਿਆਪਕਾਂ ਦੀ ਬਦਲੀ ਮੁਹਾਲੀ ਨੇੜਲੇ ਸਕੂਲ ਵਿੱਚ ਕੀਤੀ ਹੈ। ਇਸ ਸਬੰਧੀ ਪਿੰਡ ਵਾਸੀ ਪੰਚ ਗੁਰਮੀਤ ਸਿੰਘ, ਰਾਜ ਬਾਲਾ, ਅਮਰਜੀਤ ਕੌਰ, ਜੇਠੂ, ਊਸ਼ਾ ਰਾਣੀ, ਮਹਿੰਦਰ ਕੌਰ, ਸੁਨ ਦੇਵੀ, ਪਾਲ ਸਿੰਘ, ਬਬਲੀ ਰਾਣੀ, ਕੁਲਵਿੰਦਰ ਕੌਰ, ਗੁਰਦੀਪ ਕੌਰ, ਸਰੋਜ ਰਾਣੀ ਅਤੇ ਹੋਰਨਾਂ ਲੋਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਮੁੱਖ ਅਧਿਆਪਕਾਂ ਸ੍ਰੀਮਤੀ ਅਲਕਾ ਮਹਾਜਨ ਦੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਅੱਜ ਉਹ ਸਟੇਸ਼ਨ ਲੀਵ (ਛੁੱਟੀ) ’ਤੇ ਹਨ ਲੇਕਿਨ ਉਨ੍ਹਾਂ ਦੇ ਪਿੱਛੋਂ ਦੂਜੀ ਮੁੱਖ ਅਧਿਆਪਕਾਂ ਸ੍ਰੀਮਤੀ ਅਰਚਨਾ ਰਾਣੀ ਡਿਊਟੀ ਜੁਆਇੰਨ ਕਰਨ ਪਹੁੰਚ ਗਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹਿੱਤ ਵਿੱਚ ਪਿੰਡ ਵਾਸੀਆਂ ਦੀ ਅਪੀਲ ’ਤੇ ਗੌਰ ਕਰਦਿਆਂ ਮੁੱਖ ਅਧਿਆਪਕਾ ਸ੍ਰੀਮਤੀ ਅਲਕਾ ਦੀ ਬਦਲੀ ਰੱਦ ਕੀਤੀ ਜਾਵੇ। ਦੱਸਿਆ ਗਿਆ ਹੈ ਕਿ ਸ੍ਰੀਮਤੀ ਅਲਕਾ ਨੂੰ ਇੱਥੋਂ ਬਦਲ ਕੇ ਜੈਅੰਤੀ ਮਾਜਰੀ ਸਕੂਲ ਵਿੱਚ ਲਗਾਇਆ ਗਿਆ ਹੈ। ਜਿੱਥੋਂ ਸ੍ਰੀਮਤੀ ਅਰਚਨਾ ਦੀ ਸ਼ਿਕਾਇਤ ਦੇ ਆਧਾਰ ’ਤੇ ਬਦਲੀ ਹੋਈ ਸੀ। ਪਿੰਡ ਵਾਸੀਆਂ ਨੇ ਇਕਸੁਰ ਵਿੱਚ ਕਿਹਾ ਕਿ ਜੇਕਰ ਸ੍ਰੀਮਤੀ ਅਲਕਾ ਦੀ ਬਦਲੀ ਤੁਰੰਤ ਰੱਦ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੂੰ ਲੜੀਵਾਰ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਾ ਪਵੇਗਾ।
(ਬਾਕਸ ਆਈਟਮ)
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਅਧਿਆਪਕਾਂ ਨੂੰ ਚਾਰਜ ਸੰਭਾਲਣ ਲਈ ਆਖਿਆ ਸੀ ਪ੍ਰੰਤੂ ਪਿੰਡ ਵਾਸੀਆਂ ਨੇ ਸਕੂਲ ਨੂੰ ਤਾਲਾ ਜੜ੍ਹ ਦਿੱਤਾ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਜਦੋਂ ਅਧਿਕਾਰੀ ਨੂੰ ਸ਼ਿਕਾਇਤ ਦੇ ਆਧਾਰਿਤ ਹੋਈ ਬਦਲੀ ਰੱਦ ਕਰਨ ਬਾਰੇ ਪੁੱਛਿਆਂ ਤਾਂ ਉਨ੍ਹਾਂ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਮੁੱਖ ਅਧਿਆਪਕਾਂ ਦੀ ਬਦਲੀ ਉਨ੍ਹਾਂ ਨੇ ਨਹੀਂ ਕੀਤੀ ਹੈ। ਇਹ ਉਪਰੋਂ ਹੀ ਆਰਡਰ ਆਏ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਪਿੰਡ ਵਾਸੀਆਂ ਦਾ ਕੋਈ ਪੱਤਰ ਨਹੀਂ ਮਿਲਿਆ ਹੈ।
(ਸਿੱਖਿਆ ਮੰਤਰੀ ਦਾ ਪੱਖ)
ਉਧਰ, ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਂਜ ਉਨ੍ਹਾਂ ਏਨਾ ਜ਼ਰੂਰ ਆਖਿਆ ਕਿ ਸਕੂਲਾਂ ਵਿੱਚ ਪ੍ਰਬੰਧਕੀ ਸਟਾਫ਼ ਜਿਨ੍ਹਾਂ ਵਿੱਚ ਮੁੱਖ ਅਧਿਆਪਕ ਤੇ ਪ੍ਰਿੰਸੀਪਲਾਂ ਦੀ ਬਦਲੀ ਕਿਸੇ ਵੀ ਵੇਲੇ ਕੀਤੀ ਜਾ ਸਕਦੀ ਹੈ। ਇਸ ਬਾਰੇ ਕਿਸੇ ਕਿੰਤੂ ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਮੰਤਰੀ ਨੇ ਪਿੰਡ ਵਾਸੀਆਂ ਵੱਲੋਂ ਕੀਤੀ ਤਾਲਾਬੰਦੀ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮੌਕੇ ’ਤੇ ਜਾ ਕੇ ਵਿਸਥਾਰ ਰਿਪੋਰਟ ਦੇਣ ਲਈ ਆਖਿਆ ਹੈ।
(ਬਾਕਸ ਆਈਟਮ)
ਉਧਰ, ਅੱਜ ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ, ਸਰਦੂਲ ਸਿੰਘ, ਹਰਮਿੰਦਰ ਸਿੰਘ, ਗੁਰਬਖ਼ਸ਼ ਸਿੰਘ ਅਤੇ ਰਮਸਾ ਯੂਨੀਅਨ ਦੇ ਆਗੂ ਅਮਰਜੀਤ ਸਿੰਘ, ਬਲਜੀਤ ਸਿੰਘ, ਵਿਸ਼ਾਲ ਕੁਮਾਰ, ਕੁਲਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਅਧਿਆਪਕਾ ਅਲਕਾ ਮਹਾਜਨ ਦੀ ਬਦਲੀ ਨਿਯਮਾਂ ਦੇ ਵਿਰੁੱਧ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਅਧਿਆਪਕ ਦੀ ਸ਼ਿਕਾਇਤ ’ਤੇ ਆਧਾਰਿਤ ਬਦਲੀ ਹੋਈ ਹੋਵੇ ਤਾਂ ਨਿਯਮਾਂ ਮੁਤਾਬਕ ਘੱਟੋ ਘੱਟ ਤਿੰਨ ਸਾਲ ਉਸ ਦੀ ਕਿਸੇ ਹੋਰ ਮਨਪਸੰਦ ਸਕੂਲ ਵਿੱਚ ਬਦਲੀ ਨਹੀਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਸਿਆਸੀ ਦਬਾਅ ਹੇਠ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਸ਼ਿਕਾਇਤੀ ਮੁੱਖ ਅਧਿਆਪਕਾ ਦੀ ਬਦਲੀ ਮੁਹਾਲੀ ਨੇੜਲੇ ਸਕੂਲ ਵਿੱਚ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਅਧਿਆਪਕਾ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ। ਉਨ੍ਹਾਂ ਪਿੰਡ ਵਾਸੀਆਂ ਅਤੇ ਮੁੱਖ ਅਧਿਆਪਕਾ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਦੇ ਇਨ੍ਹਾਂ ਨਾਦਰਸ਼ਾਹੀ ਹੁਕਮਾਂ ਦੇ ਖ਼ਿਲਾਫ਼ ਜਨ ਅੰਦੋਲਨ ਦੀ ਕਾਮਯਾਬੀ ਲਈ ਦੋਵੇਂ ਅਧਿਆਪਕ ਯੂਨੀਅਨਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…