
ਮਾਜਰੀ ਬਲਾਕ ਵਿੱਚ ਗੈਰਕਾਨੂੰਨੀ ਮਾਈਨਿੰਗ ਦੇ ਖ਼ਿਲਾਫ਼ ਪਿੰਡ ਵਾਸੀਆਂ ਨੇ ਰਾਤ ਭਰ ਦਿੱਤਾ ਧਰਨਾ
ਮਾਈਨਿੰਗ ਮਾਫੀਆ ਦੇ ਖਿਲਾਫ ਆਰ ਪਾਰ ਦੀ ਲੜਾਈ ਦਾ ਐਲਾਨ
ਮਲਕੀਤ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਮਾਜਰੀ ਬਲਾਕ ਦੇ ਅਧੀਨ ਆਉਂਦੇ ਕਈ ਪਿੰਡਾਂ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਤੋਂ ਤੰਗ ਆ ਕੇ ਹੁਣ ਪਿੰਡਾਂ ਦੇ ਲੋਕਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰੇਤ ਮਾਫੀਆ ਖ਼ਿਲਾਫ਼ ਆਰਪਾਰ ਦੀ ਲੜਾਈ ਲਡਨ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਜਿਸਦੇ ਤਹਿਤ ਪਿੰਡ ਵਾਸੀਆਂ ਵੱਲੋਂ ਰਾਤ ਭਰ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਪਿੰਡ ਅਭੀਪੁਰ ਦੇ ਵਸਨੀਕ ਰਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਰੇਤ ਮਾਫੀਆ ਦੇ ਸਮਾਜਿਕ ਅਤੇ ਕਾਨੂੰਨੀ ਖ਼ਿਲਾਫ਼ ਲੜ ਰਹੇ ਹਨ। ਇਸ ਸਬੰਧੀ ਪਿੰਡਾਂ ਵਾਲਿਆਂ ਵੱਲੋਂ ਅਦਾਲਤ ਵਿੱਚ ਕੇਸ ਵੀ ਪਾਏ ਗਏ ਹਨ ਪਰ ਇਸਦੇ ਬਾਵਜੂਦ ਵੀ ਇਸ ਖੇਤਰ ਵਿੱਚ ਮਾਈਨਿੰਗ ਦਾ ਕੰਮ ਲਗਾਤਾਰ ਚਲ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਖੇਤਰ ਦੇ ਪਿੰਡਾਂ ਅਭੀਪੁਰ, ਮੀਆਂਪੁਰ ਚੰਗਰ ਅਤੇ ਕੁਬਾਹੇੜੀ ਦੇ ਆਸ-ਪਾਸ 10 ਦੇ ਕਰੀਬ ਕਰੈਸ਼ਰ ਲੱਗੇ ਹੋਏ ਹਨ। ਜਿਨ੍ਹਾਂ ਵੱਲੋਂ ਵੱਡੀਆਂ ਮਸ਼ੀਨਾਂ ਲਗਵਾ ਕੇ ਸਾਰੀ ਰਾਤ ਮਾਈਨਿੰਗ ਕਰਵਾਈ ਜਾਂਦੀ ਹੈ ਅਤੇ ਕ੍ਰੈਸ਼ਰ ਚਲਾਉਣ ਦਾ ਕੰਮ ਵੀ ਰਾਤ ਵੇਲੇ ਹੀ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਇਸ ਖੇਤਰ ਦੀਆਂ ਸ਼ਾਮਲਾਟ ਜਮੀਨਾਂ, ਖੇਤਾਂ ਅਤੇ ਪਹਾੜੀਆਂ ਵਿੱਚ ਮਾਈਨਿੰਗ ਕੀਤੀ ਜਾਂਦੀ ਹੈ ਅਤੇ ਪਿੰਡਾਂ ਵਾਲਿਆਂ ਵਲੋੱ ਹੁਣ ਇਸਦੇ ਖਿਲਾਫ ਆਰ-ਪਾਰ ਦੀ ਲੜਾਈ ਦਾ ਫੈਸਲਾ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋੱ ਪਹਿਲਾ ਮਾਈਨਿੰਗ ਮਾਫੀਆ ਵੱਲੋਂ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਸਨ ਅਤੇ ਮਾਈਨਿੰਗ ਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਤੇ ਹਮਲੇ ਵੀ ਹੋਏ ਹਨ ਜਿਸਦੇ ਖਿਲਾਫ ਪਿੰਡਾਂ ਵਾਲਿਆਂ ਨੇ ਇੱਕ ਜੁਟ ਹੋ ਕੇ ਲੜ੍ਹਨ ਦਾ ਐਲਾਨ ਕੀਤਾ ਹੈ ਅਤੇ ਇਹ ਧਰਨੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਉਹਨਾਂ ਦੇ ਨਾਲ ਸੁਦਾਗਰ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਭਾਗ ਸਿੰਘ, ਜਰਨੈਲ ਸਿੰਘ ਅਤੇ ਪੂਰਨ ਸਿੰਘ ਹਾਜ਼ਰ ਸਨ।