ਪਿੰਡ ਦਾਊਂ ਵਾਸੀਆਂ ਵੱਲੋਂ ਨਾਜਾਇਜ਼ ਕਲੋਨੀ ਦੇ ਵਸਨੀਕਾਂ ਨੂੰ ਪਾਣੀ ਦੇ ਕੁਨੈਕਸ਼ਨ ਦੇਣ ਦਾ ਵਿਰੋਧ

ਜਲ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਪਿੰਡ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ, ਨਾਅਰੇਬਾਜ਼ੀ ਕੀਤੀ

ਬਲੌਂਗੀ ਪੁਲੀਸ ਦੀ ਸੂਝਬੂਝ ਨਾਲ ਬੜੀ ਮੁਸ਼ਕਲ ਨਾਲ ਝਗੜਾ ਹੁੰਦੇ ਹੁੰਦੇ ਟਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਨਵੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਦਾਊਂ ਅਤੇ ਰਾਏਪੁਰ ਵਿੱਚ ਪੰਜਾਬ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਭੂ-ਮਾਫੀਆ ਦੀ ਮਿਲੀਭੁਗਤ ਨਾਲ ਨਾਜਾਇਜ਼ ਕਲੋਨੀਆਂ ਦੀ ਉਸਾਰੀਆਂ ਧੜੱਲੇ ਨਾਲ ਹੋ ਰਹੀਆਂ ਹਨ। ਇਨ੍ਹਾਂ ਕਲੋਨੀਆਂ ਵਿੱਚ ਬਿਲਡਰਾਂ ਵੱਲੋਂ ਪੀਣ ਵਾਲੇ ਪਾਣੀ ਦੀ ਵਿਵਸਥਾ ਨਾ ਕੀਤੇ ਜਾਣ ਕਾਰਨ ਲੋਕ ਕਾਫ਼ੀ ਅੌਖੇ ਹਨ ਅਤੇ ਅਜਿਹੇ ਲੋਕਾਂ ਵੱਲੋਂ ਸਿਆਸੀ ਦਬਾਅ ਨਾਲ ਪਿੰਡ ਦਾਊਂ ਦੇ ਟਿਊਬਵੈਲ ਤੋਂ ਪਾਣੀ ਦੇ ਕੁਨੈਕਸ਼ਨ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੱਜ ਵੱਡੀ ਗਿਣਤੀ ਵਿੱਚ ਪਿੰਡ ਰਾਏਪੁਰ ਨੇੜਲੀ ਕਲੋਨੀ ਵਾਸੀਆਂ ਵੱਲੋਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜ਼ਬਰਦਸਤੀ ਪਾਣੀ ਦੇ ਕੁਨੈਕਸ਼ਨ ਜੋੜਨ ਦੀ ਕਾਰਵਾਈ ਨੂੰ ਅੰਜਾਮ ਦੇਣ ਦਾ ਯਤਨ ਕੀਤਾ ਗਿਆ ਪ੍ਰੰਤੂ ਇਸ ਦੀ ਭਿਣਕ ਪੈਣ ’ਤੇ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਤਣਾਅ ਪੂਰਨ ਹੋ ਗਈ। ਇਸ ਦੌਰਾਨ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਬਲੌਗੀ ਪੁਲੀਸ ਨੂੰ ਇਤਲਾਹ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਬਲੌਂਗੀ ਥਾਣੇ ’ਚੋਂ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕੀਤਾ ਗਿਆ। ਇਸ ਮਗਰੋਂ ਪਿੰਡ ਦਾਊਂਂ ਅਤੇ ਰਾਏਪੁਰ ਦੇ ਵਸਨੀਕ ਜਿਨ੍ਹਾਂ ਵਿੱਚ ਅੌਰਤਾਂ ਵੀ ਸ਼ਾਮਲ ਸਨ ਨੇ ਜਲ ਸਪਲਾਈ ਵਿਭਾਗ ਮੁਹਾਲੀ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ।
ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਨਾਲ ਮੁਹਾਲੀ ਨੇੜਲੇ ਪੇਂਡੂ ਖੇਤਰਾਂ ਵਿੱਚ ਧੜੱਲੇ ਨਾਲ ਨਾਜਾਇਜ਼ ਕਲੋਨੀਆਂ ਬਣ ਰਹੀਆਂ ਹਨ। ਜਿਸ ਦੀ ਤਾਜ਼ਾ ਉਦਾਹਰਨ ਅੱਜ ਪਿੰਡ ਦਾਊਂ ਵਿੱਚ ਦੇਖਣ ਨੂੰ ਮਿਲੀ ਜਦੋਂ ਪਿੰਡ ਵਾਸੀ ਰਾਏਪੁਰ ਦੇ ਖੇਤਾਂ ਵਿੱਚ ਕੱਟੀ ਜਾ ਰਹੀ ਨਾਜਾਇਜ਼ ਕਲੋਨੀ ਨੂੰ ਪਾਣੀ ਦੇ ਕੁਨੈਕਸ਼ਨ ਦੇਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਅਤੇ ਤਣਾਅ ਪੈਦਾ ਹੋਣ ਦੀ ਨੌਬਤ ਆ ਗਈ।
ਉਧਰ, ਜਲ ਸਪਲਾਈ ਵਿਭਾਗ ਦੇ ਐਕਸੀਅਨ ਨੇ ਪਿੰਡ ਵਾਸੀਆਂ ਦੀ ਬੜੇ ਠਰੰ੍ਹਮੇ ਨਾਲ ਗੱਲ ਸੁਣੀ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਪੜਤਾਲ ਕਰਨ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮਗਰੋਂ ਪਿੰਡ ਵਾਸੀਆਂ ਦਾ ਗੁੱਸਾ ਸ਼ਾਂਤ ਹੋਇਆ ਅਤੇ ਉਹ ਧਰਨਾ ਖ਼ਤਮ ਕਰ ਕੇ ਆਪਣੇ ਘਰਾਂ ਨੂੰ ਪਰਤ ਗਏ। ਇਸ ਮੌਕੇ ਹਰਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਮਿੰਦਰ ਸਿੰਘ, ਚਰਨਜੀਤ ਸਿੰਘ, ਲਾਭ ਕੌਰ ਸਾਬਕਾ ਸਰਪੰਚ, ਹਰਬੰਸ ਸਿੰਘ ਬਾਗੜੀ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਪਿੰਡ ਦਾਊਂ ਨੇੜਲੇ ਖੇਤਾਂ ਵਿੱਚ ਬਣੀਆਂ ਨਾਜਾਇਜ਼ ਕਲੋਨੀਆਂ ਵਿੱਚ ਇਸ ਸਮੇ ਪਹਿਲਾਂ ਹੀ ਸੈਂਕੜੇ ਨਾਜਾਇਜ਼ ਪਾਣੀ ਦੇ ਕੁਨੈਕਸ਼ਨ ਚੱਲ ਰਹੇ ਹਨ ਜਿਸ ਕਾਰਨ ਸਰਕਰੀ ਖਜਾਨੇ ਨੂੰ ਵੱਡਾ ਚੂਨਾ ਲੱਗ ਰਿਹਾ ਹੈ। ਅਤੇ ਹੁਣ ਹੋਰ ਨਾਜਾਇਜ ਕੁਨੈਕਸ਼ਨ ਰੋਕਣ ਲਈ ਪਿੰਡ ਦੀ ਪੰਚਾਇਤ ਵੱਲੋ ਮਤੇ ਪਾਏ ਹੋਏ ਅਤੇ ਸ਼ਿਕਾਇਤਾਂ ਕੀਤੀਆਂ ਹੋਈਆਂ ਸਨ ਪਰ ਫਿਰ ਵੀ ਰਾਜਸੀ ਦਬਾਓ ਨਾਲ ਵਿਭਾਗ ਦੇ ਅਫ਼ਸਰ ਧੱਕੇ ਨਾਲ ਕੁਨੈਕਸਨ ਜੋੜਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਅੱਜ ਫਿਰ ਅਫ਼ਸਰਾਂ ਦੀ ਸ਼ਹਿ ਤੇ ਇਨ੍ਹਾਂ ਕਲੋਨੀਆਂ ਨੂੰ ਕੁਨੈਕਸ਼ਨ ਦੇਣ ਦੀ ਕੋਸ਼ਿਸ ਕੀਤੀ ਗਈ। ਜਿਸ ਨੂੰ ਮੌਕੇ ’ਤੇ ਪਿੰਡ ਵਾਸੀਆਂ ਨੇ ਅਸਫ਼ਲ ਬਣਾ ਦਿੱਤਾ ਅਤੇ ਬਾਅਦ ਵਿੱਚ ਐਕਸੀਅਨ ਜਲ ਸਪਲਾਈ ਵਿਭਾਗ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…