
100 ਏਕੜ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਵਾਲੇ ਪਿੰਡਾਂ ਨੂੰ ਸਨਮਾਨਿਤ ਕੀਤਾ ਜਾਵੇਗਾ: ਅਮਿਤ ਤਲਵਾੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਪੰਜਾਬ ਸਰਕਾਰ ਦੇ ਝੋਨੇ ਦੀ ਸਿੱਧੀ ਬਿਜਾਈ ਦੇ ਵਿਸ਼ੇਸ਼ ਉਪਰਾਲੇ ਨੂੰ ਉਤਸ਼ਾਹਿਤ ਕਰਨ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਜਿਹੜੇ ਪਿੰਡ ਜਾਂ ਪੰਚਾਇਤ ਝੋਨੇ ਦੀ ਸਿੱਧੀ ਬਿਜਾਈ ਲਈ 100 ਏਕੜ ਦਾ ਯੋਗਦਾਨ ਪਾਵੇਗੀ, ਉਨ੍ਹਾਂ ਪਿੰਡਾਂ ਨੂੰ ਵੱਡੇ ਸਮਾਰੋਹ ਦੌਰਾਨ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਹੋਰ ਵੱਡੀ ਘੋਸ਼ਣਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਕਿਸਾਨ ਗਰੁੱਪ ਜਾਂ ਸਮੂਹ ਜਾਂ ਪੰਚਾਇਤ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨ ਲੋੜੀਂਦੀ ਹੋਵੇ ਅਤੇ ਉਨ੍ਹਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਵਾਹੀਯੋਗ ਦੇ ਤੀਜੇ ਹਿੱਸੇ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਮਨ ਬਣਾ ਲਿਆ ਹੋਵੇ ਤਾਂ ਉਨ੍ਹਾਂ ਨੂੰ ਡੀਐਸਆਰ ਮਸ਼ੀਨ ਦੀ ਕਿਸੇ ਉਦਯੋਗਿਕ ਸੰਸਥਾ ਵੱਲੋਂ ਸੋਸ਼ਲ ਰਿਸਪੋਂਸੀਬਿਲਟੀ ਫੰਡ ’ਚੋਂ ਮਾਲੀ ਮਦਦ ਦਿੱਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਪਿੰਡ ਬਸੋਲੀ ਵਿੱਚ 100 ਏਕੜ ਤੋਂ ਵੱਧ ਕਿਸਾਨਾਂ ਦੀ ਚੋਣ ਹੋ ਗਈ ਹੈ ਅਤੇ ਭਲਕੇ 21 ਮਈ ਨੂੰ ਸ਼ਾਮ 4 ਵਜੇ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਡੀਐਸਆਰ ਦੇ ਫੀਲਡ ਦੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦੋਂਕਿ ਉਹ ਖ਼ੁਦ (ਡੀਸੀ ਮੁਹਾਲੀ) ਪਿੰਡ ਬਸੋਲੀ ਦੀ ਗਰਾਮ ਪੰਚਾਇਤ ਅਤੇ ਕਿਸਾਨਾਂ ਦੇ ਸਮੂਹ ਨੂੰ ਪੰਜਾਬ ਸਰਕਾਰ ਦੇ ਝੋਨੇ ਦੀ ਸਿੱਧੀ ਬਿਜਾਈ ਦੇ ਉਪਰਾਲੇ ਦਾ ਆਗਾਜ਼ ਕਰਨਗੇ।
ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਕਿਸਾਨ ਮੰਡੀ ਬੋਰਡ ਦੇ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਕਰਨਗੇ ਅਤੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾ ਦੀ ਨੋਡਲ ਅਫ਼ਸਰਾਂ ਵੱਲੋਂ ਤਸਦੀਕ ਕਰਨ ਉਪਰੰਤ ਕਿਸਾਨਾਂ ਦੇ ਖਾਤੇ ਵਿੱਚ ਸਿੱਧੇ ਤੌਰ ’ਤੇ 1500 ਰੁਪਏ ਪ੍ਰਤੀ ਏਕੜ ਜਮ੍ਹਾਂ ਹੋ ਜਾਣਗੇ। ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਭਲਕੇ ਸ਼ਾਮ 4 ਵਜੇ ਪਿੰਡ ਬਸੋਲੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੇ ਖੇਤ ਦਿਵਸ ਦੇ ਮੌਕੇ ਤਕਨੀਕੀ ਮਾਹਰਾਂ ਤੋਂ ਗਿਆਨ ਪ੍ਰਾਪਤ ਕਰਨ ਅਤੇ ਆਪਣੇ ਤਜਰਬੇ ਸਾਂਝੇ ਕਰਨ।