
ਮੁਹਾਲੀ ਦੇ ਪਿੰਡਾਂ ਵਿੱਚ ਸਮਾਰਟ ਵਿਲੇਜ਼ ਸਕੀਮ ਤਹਿਤ 31 ਕਰੋੜ 44 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਹਨ ਵਿਕਾਸ ਕਾਰਜ: ਸਿੱਧੂ
ਬਲਬੀਰ ਸਿੱਧੂ ਨੇ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ ਸਰਪੰਚਾਂ ਨੂੰ 04 ਕਰੋੜ 46 ਲੱਖ ਰੁਪਏ ਤੋਂ ਵੱਧ ਦੇ ਸੌਂਪੇ ਮਨਜ਼ੂਰੀ ਪੱਤਰ
ਸਮਾਰਟ ਵਿਲੇਜ਼ ਸਕੀਮ ਤਹਿਤ ਪਿੰਡਾਂ ਦੇ ਵਿਕਾਸ ਲਈ 08 ਕਰੋੜ 93 ਲੱਖ 62 ਹਜ਼ਾਰ ਰੁਪਏ ਦੇ ਫੰਡ ਹੋਏ ਮਨਜ਼ੁਰ
ਪੰਚਾਇਤਾਂ ਨੂੰ ਸਿਆਸੀ ਧੜੇਬੰਦੀ ਤੋਂ ਉਪਰ ਉਠ ਕੇ ਪਿੰਡਾਂ ਦਾ ਚੌਤਰਫਾ ਵਿਕਾਸ ਕਰਨ ਦੀ ਕੀਤੀ ਅਪੀਲ
ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ ਨਗਰ, 20 ਨਵੰਬਰ:
ਸਮਾਰਟ ਵਿਲੇਜ਼ ਸਕੀਮ ਤਹਿਤ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਦੇ ਪਿੰਡਾਂ ਵਿੱਚ ਸਮਾਰਟ ਵਿਲੇਜ਼ ਸਕੀਮ ਤਹਿਤ 31 ਕਰੋੜ 44 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ । ਇਸ ਲੜੀ ਤਹਿਤ ਹਲਕਾ ਵਿਧਾਇਕ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਲਕੇ ਦੀਆਂ 49 ਪੰਚਾਇਤਾਂ ਨੂੰ 04 ਕਰੋੜ 46 ਲੱਖ 81 ਹਜ਼ਾਰ ਰੁਪਏ ਦੀਆਂ ਗਰਾਂਟਾਂ ਦੇ ਪ੍ਰਵਾਨਗੀ ਪੱਤਰ ਸੌਂਪੇ।
ਪਿੰਡ ਸਨੇਟਾ ਦੇ ਨਜ਼ਦੀਕ ਜਗਤ ਪੰਜਾਬੀ ਰਸੋਈ ਵਿਖੇ ਪੰਚਾਇਤੀ ਰਾਜ ਵੱਲੋਂ ਕਰਵਾਏ ਸਾਦੇ ਸਮਾਗਮ ਦੌਰਾਨ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਗਰਾਂਟਾਂ ਦੇ ਮਨਜੂਰੀ ਪੱਤਰ ਸੌਪਣ ਉਪਰੰਤ ਗੱਲਬਾਤ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਪਿੰਡਾਂ ਦੇ ਵੱਖ ਵੱਖ ਕੰਮਾਂ ਲਈ ਸਮਾਰਟ ਵਿਲੇਜ਼ ਸਕੀਮ ਤਹਿਤ ਪੇਂਡੂ ਵਿਕਾਸ ਫੰਡ ਚ ਹਲਕੇ ਦੇ 49 ਪਿੰਡਾਂ ਲਈ 08 ਕਰੋੜ 93 ਲੱਖ 62 ਹਜ਼ਾਰ ਰੁਪਏ ਪ੍ਰਵਾਨ ਹੋਏ ਹਨ ਜਿਨ੍ਹਾਂ ਦਾ 50 ਫੀਸਦੀ ਹਿੱਸਾ ਪੰਚਾਇਤਾਂ ਨੂੰ ਦਿੱਤਾ ਗਿਆ ਅਤੇ ਇਹ ਰਕਮ ਖਰਚ ਕਰਨ ਉਪਰੰਤ ਬਾਕੀ 50 ਫੀਸਦੀ ਰਕਮ ਜਾਰੀ ਕਰ ਦਿੱਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਲਕੇ ਚ ਪਿੰਡਾਂ ਦੇ ਵਿਕਾਸ ਕਾਰਜ਼ਾਂ ਲਈ 22 ਕਰੋੜ 51 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ । ਸ. ਸਿੱਧੂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ਼ਾਂ ਸਬੰਧੀ ਇਹ ਸੁਨਿਸ਼ਚਿਤ ਬਣਾਇਆ ਗਿਆ ਹੈ ਕਿ ਵਿਕਾਸ ਕੰਮਾਂ ਵਿੱਚ ਗੁਣਵਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ । ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਵਿਕਾਸ ਕੰਮਾਂ ਵਿੱਚ ਲਾਪ੍ਰਵਾਹੀ ਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਸ਼ਚਿਤ ਸਮੇਂ ਵਿੱਚ ਨਿਰਮਾਣ ਕੰਮ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਨੇ ਹਰ ਖੇਤਰ ਵਿੱਚ ਰਿਕਾਰਡਤੋੜ ਵਿਕਾਸ ਕੰਮ ਕਰਵਾਏ ਹਨ ਅਤੇ ਭਵਿੱਖ ਵਿੱਚ ਵੀ ਇਹ ਗਤੀ ਇਸੇ ਤਰ੍ਹਾਂ ਜਾਰੀ ਰਹੇਗੀ । ਕਾਂਗਰਸ ਸਰਕਾਰ ਹਰ ਪਿੰਡ ਦਾ ਵਿਕਾਸ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ|ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਾਰਜਾਂ ਵਾਸਤੇ ਜਿੰਨੇ ਫੰਡ ਇਸ ਸਰਕਾਰ ਦੌਰਾਨ ਦਿਤੇ ਜਾ ਰਹੇ ਹਨ, ਓਨੇ ਪਹਿਲਾਂ ਕਦੇ ਵੀ ਨਹੀਂ ਦਿਤੇ ਗਏ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਹਰੇਕ ਪਿੰਡ ਚ ਸਿਆਸੀ ਧੜੇਬੰਦੀ ਤੋਂ ਉਪਰ ਉਠਕੇ ਚੌਤਰਫਾ ਵਿਕਾਸ ਕੀਤਾ ਜਾਵੇ ।ਵਿਕਾਸ ਕੰਮਾਂ ਚ ਧੜੇਬੰਦੀ ਅਤੇ ਸਿਅਸੀ ਰੰਜ਼ਸ ਨੂੰ ਭਾਰੂ ਨਾ ਹੋਣ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਰਕਾਰ ਤੋਂ ਪਹਿਲਾਂ ਅਕਾਲੀ ਦਲ ਦੇ ਦਸ ਸਾਲ ਦੇ ਰਾਜ ਦੌਰਾਨ ਇਸ ਹਲਕੇ ਚ ਵਿਕਾਸ ਕਾਰਜ਼ਾਂ ਚ ਖੜੋਤ ਆ ਗਈ ਸੀ । ਵਿਕਾਸ ਕਾਰਜ਼ਾਂ ਦੀ ਖੜੋਤ ਨੂੰ ਤੋੜਦੇ ਹੋਏ ਕਾਂਗਰਸ ਪਾਰਟੀ ਨੇ ਦੁਬਾਰਾ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਹਨ । ਉਨ੍ਹਾਂ ਦੱਸਿਆ ਕਿ ਹਲਕੇ ਦੇ ਪੰਜ ਪਿੰਡਾਂ ਚ 125 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਪੰਚਾਇਤ ਘਰਾਂ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਦੋ ਹੋਰ ਪਿੰਡਾਂ ਵਿੱਚ ਛੇਤੀ ਹੀ ਉਸਾਰੀ ਸ਼ੁਰੂ ਕਰਵਾਈ ਜਾਵੇਗੀ ।ਇਸ ਦੇ ਨਾਲ ਇਸ ਹਲਕੇ ਦੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਸਨੇਟਾ ਵਿਖੇ ਹਸਪਤਾਲ ਦੀ ਉਸਾਰੀ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ । ਪਿੰਡ ਦੈੜੀ ਤੋਂ ਗੱਜੂ ਖੇੜਾ , ਪਿੰਡ ਸਨੇਟਾ ਤੋਂ ਮਾਣਕਪੁਰ ਖੇੜਾ, ਗੁਡਾਣਾ ਤੋਂ ਵਾਇਆ ਢੇਲਪੁਰ ਮਾਣਕਪੁਰ ਚੌਂਕ ਤੱਕ ਦੀਆਂ ਸੜਕਾਂ 18 ਫੁੱਟ ਚੌੜੀਆ ਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ । ਇਸ ਮੌਕੇ ਉਨ੍ਹਾਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ।
ਇਸ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰਾਂ ਸਮੇਤ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਜਿਲ੍ਹਾ ਪ੍ਰੀਸਦ ਚੇਅਰਪਰਸਨ ਜਸਵਿੰਦਰ ਕੌਰ ਦੁਰਾਲੀ, ਐਕਸੀਅਨ ਪੰਚਾਇਤੀ ਰਾਜ ਮਹੇਸ਼ਵਰ ਸ਼ਾਰਦਾ, ਐਸ.ਡੀ.ਓ ਗੁਰਮੀਤ ਸਿੰਘ, ਜੇ.ਈ. ਜਸਪਾਲ ਮਸੀਹ ਹੋਰ ਅਧਿਕਾਰੀ ਤੇ ਪਤਵੰਤੇ ਵੀ ਮੌਜੂਦ ਸਨ ।