Nabaz-e-punjaACb.com

ਪਿੰਡ ਮੱਛਲੀ ਕਲਾਂ ਦੇ ਖੇਤਾਂ ’ਚੋਂ ਸ਼ਰ੍ਹੇਆਮ ਕੀਤੀ ਜਾ ਹੈ ਨਾਜਾਇਜ਼ ਮਾਈਨਿੰਗ

ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਮਜਾਤ ਪੁਲੀਸ ਨੇ ਰਾਤ 10 ਵਜੇ ਦੋ ਟਰੈਕਟਰ ਟਰਾਲੀਆਂ ਨੂੰ ਕਬਜ਼ੇ ’ਚ ਲਿਆ

ਮਾਈਨਿੰਗ ਇੰਸਪੈਕਟਰ ਨੇ ਵਾਹਨਾਂ ਦੇ ਮਾਲਕਾਂ ਤੇ ਚਾਲਕਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਸਿਫ਼ਾਰਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਜ਼ਿਲ੍ਹਾ ਮੁਹਾਲੀ ਦੇ ਕਈ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਹੁਣ ਪੁਲੀਸ ਮੁਲਾਜ਼ਮਾਂ ’ਤੇ ਵੀ ਮਿਲੀਭੁਗਤ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ। ਸ਼ਿਕਾਇਤ ਕਰਤਾਵਾਂ ਦਾ ਕਹਿਣਾ ਹੈ ਕਿ ਨਾਜਾਇਜ਼ ਮਾਈਨਿੰਗ ਬਾਰੇ ਜਦੋਂ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਰੇਤ ਮਾਫ਼ੀਆਂ ਨੂੰ ਕਾਰਵਾਈ ਤੋਂ ਵੀ ਪਹਿਲਾਂ ਹੀ ਭਿਣਕ ਲੱਗ ਜਾਣ ਕਾਰਨ ਜਦੋਂ ਅਧਿਕਾਰੀ ਛਾਪੇਮਾਰੀ ਕਰਨ ਦਾ ਢੌਂਗ ਰਚਦੇ ਹਨ ਤਾਂ ਉਨ੍ਹਾਂ ਨੂੰ ਮੌਕੇ ’ਤੇ ਜ਼ਮੀਨ ਵਿੱਚ ਡੂੰਘੇ ਖੱਡਿਆਂ ਤੋਂ ਬਿਨਾਂ ਕੁਝ ਵੀ ਹੱਥ ਨਹੀਂ ਲਗਦਾ।
ਇੱਥੋਂ ਦੇ ਨਜ਼ਦੀਕੀ ਪਿੰਡ ਮੱਛਲੀ ਕਲਾਂ ਦੇ ਵਸਨੀਕਾਂ ਨੇ ਹਿੰਮਤ ਕਰਕੇ ਲੰਘੀ ਦੇਰ ਰਾਤ ਕਰੀਬ 10 ਵਜੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਘੇਰ ਕੇ ਪੁਲੀਸ ਨੂੰ ਮੌਕੇ ’ਤੇ ਸੱਦਿਆ ਅਤੇ ਤਿੰਨ ਟਰੈਕਟਰ-ਟਰਾਲੀਆਂ ਨੂੰ ਮੌਕੇ ’ਤੇ ਫੜਾਇਆ ਗਿਆ। ਖੇਤਾਂ ’ਚੋਂ ਗੈਰ ਕਾਨੂੰਨੀ ਤਰੀਕੇ ਨਾਲ ਮਿੱਟੀ ਚੁੱਕਣ ਲਈ ਵਰਤੇ ਜਾ ਰਹੇ ਇਨ੍ਹਾਂ ਵਾਹਨਾਂ ਨੂੰ ਲਿਆ ਕੇ ਮਜਾਤ ਪੁਲੀਸ ਚੌਕੀ ਦੇ ਵਿਹੜੇ ਵਿੱਚ ਖੜਾ ਕਰ ਦਿੱਤਾ। ਪ੍ਰੰਤੂ ਜਦੋਂ ਮੁਹਾਲੀ ਤੋਂ ਜੂਨੀਅਰ ਇੰਜੀਨੀਅਰ-ਕਮ-ਮਾਈਨਿੰਗ ਇੰਸਕੈਪਟਰ ਗੁਰਜੀਤ ਸਿੰਘ ਥਾਣੇ ਪਹੁੰਚੇ ਤਾਂ ਉੱਥੇ ਸਿਰਫ਼ ਦੋ ਟਰੈਕਟਰ-ਟਰਾਲੀਆਂ ਹੀ ਮੌਜੂਦ ਸਨ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਪਿਛਲੇ ਕਾਫੀ ਸਮੇਂ ਤੋਂ ਇਹ ਗੋਰਖਧੰਦਾ ਬੇਰੋਕ ਟੋਕ ਚੱਲ ਰਿਹਾ ਸੀ। ਟਿਕੀ ਹੋਈ ਰਾਤ ਨੂੰ ਨਾਜਾਇਜ਼ ਮਾਈਨਿੰਗ ਵਿੱਚ ਲੱਗੇ ਵਾਹਨਾਂ ਦੀਆਂ ਆਵਾਜ਼ਾਂ ਕਾਰਨ ਪਿੰਡ ਵਾਸੀਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ। ਰਾਤ ਨੂੰ ਜਦੋਂ ਇਨ੍ਹਾਂ ਵਾਹਨਾਂ ਨੂੰ ਫੜ ਕੇ ਥਾਣੇ ਲਿਆਂਦਾ ਗਿਆ ਤਾਂ ਸਵੇਰੇ ਸਿਆਸੀ ਆਗੂਆਂ ਕੋਲ ਜ਼ਬਤ ਕੀਤੇ ਵਾਹਨਾਂ ਨੂੰ ਬਿਨਾਂ ਕਾਰਵਾਈ ਤੋਂ ਛੁਡਾਉਣ ਦੀਆਂ ਸਿਫ਼ਾਰਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਮੁਲਾਹਜੇਦਾਰੀਆਂ ਦਾ ਵਾਸਤਾ ਵੀ ਦਿੱਤਾ ਗਿਆ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਪ੍ਰੀਤਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਪ੍ਰੰਤੂ ਬਾਅਦ ਵਿੱਚ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਮਾਈਨਿੰਗ ਅਫ਼ਸਰ ਗੁਰਜੀਤ ਸਿੰਘ ਨੂੰ ਜਾਂਚ ਲਈ ਮੌਕੇ ’ਤੇ ਭੇਜਿਆ ਗਿਆ। ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਅੱਜ ਸਵੇਰੇ ਕਰੀਬ 9 ਵਜੇ ਏਐਸਆਈ ਗੁਰਦੇਵ ਸਿੰਘ ਨੇ ਫੋਨ ’ਤੇ ਇਤਲਾਹ ਦਿੱਤੀ ਸੀ ਕਿ ਪਿੰਡ ਮੱਛਲੀ ਕਲਾਂ ਤੋਂ ਦੋ ਟਰੈਕਟਰ-ਟਰਾਲੀਆਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਦੇ ਹੋਏ ਕਾਬੂ ਕੀਤੀਆਂ ਗਈਆਂ ਹਨ। ਜਦੋਂ ਉਹ ਮਜਾਤ ਚੌਕੀ ਪਹੁੰਚੇ ਤਾਂ ਉੱਥੇ ਨਿਊ ਹੌਲੈਂਡ ਅਤੇ ਸਵਰਾਜ ਟਰੈਕਟਰ ਤੇ ਟਰਾਲੀਆਂ ਖੜੀਆਂ ਸਨ। ਜਿਨ੍ਹਾਂ ’ਚੋਂ ਸਵਰਾਜ ਟਰੈਕਟਰ ਬਿਨਾਂ ਨੰਬਰੀ ਸੀ। ਥਾਣੇਦਾਰ ਗੁਰਦੇਵ ਸਿੰਘ ਦੀ ਰਿਪੋਰਟ ਅਨੁਸਾਰ ਜੇਸੀਬੀ ਰਾਹੀਂ ਮਿੱਟੀ ਚੁੱਕ ਕੇ ਟਰਾਲੀ ਨੂੰ ਭਰਿਆ ਜਾ ਰਿਹਾ ਸੀ ਪ੍ਰੰਤੂ ਸਬੰਧਤ ਵਿਅਕਤੀ ਪੁਲੀਸ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ। ਮਾਈਨਿੰਗ ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ਵਿੱਚ ਇਹ ਗੱਲ ਸਾਫ਼ ਤੌਰ ’ਤੇ ਦਰਜ ਕੀਤੀ ਹੈ ਕਿ ਮੱਛਲੀ ਕਲਾਂ ਵਿੱਚ ਮਾਈਨਿੰਗ ਕਰ ਰਹੇ ਵਿਅਕਤੀਆਂ ਕੋਲ ਮਿੱਟੀ ਚੁੱਕਣ ਸਬੰਧੀ ਕੋਈ ਮਨਜ਼ੂਰੀ ਪੱਤਰ ਨਹੀਂ ਸੀ। ਲਿਹਾਜ਼ਾ ਦੋਵੇਂ ਵਾਹਨਾਂ ਦੇ ਮਾਲਕਾਂ ਅਤੇ ਚਾਲਕਾਂ ਖ਼ਿਲਾਫ਼ ਧਾਰਾ 379 ਤਹਿਤ ਕਾਰਵਾਈ ਕਰਨੀ ਬਣਦੀ ਹੈ। ਜਾਂਚ ਅਧਿਕਾਰੀ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪੁਲੀਸ ਕਾਰਵਾਈ ਸਬੰਧੀ ਵਿਭਾਗ ਨੂੰ ਜਾਣੂ ਕਰਵਾਇਆ ਜਾਵੇ।
(ਬਾਕਸ ਆਈਟਮ)
ਮਜਾਤ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਇਕਬਾਲ ਮੁਹੰਮਦ ਨੇ ਰੇਤ-ਮਾਫੀਆ ਨਾਲ ਮਿਲੀਭੁਗਤ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠੇ ਦੱਸਦਿਆਂ ਕਿਹਾ ਕਿ ਉਹ ਤਾਂ ਇੱਥੇ 4-5 ਦਿਨ ਪਹਿਲਾਂ ਚੌਕੀ ਵਿੱਚ ਲੱਗੇ ਹਨ। ਉਨ੍ਹਾਂ ਦੱਸਿਆ ਕਿ ਮਾਈਨਿੰਗ ਅਧਿਕਾਰੀ ਦੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਇਕ ਟਰੈਕਟਰ ਚਾਲਕ ਮੁਕੇਸ਼ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਇਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਚੌਕੀ ਇੰਚਾਰਜ ਨੇ ਕਿਹਾ ਕਿ ਸਬੰਧਤ ਵਾਹਨਾਂ ਦੀ ਰਜਿਸਟਰੇਸ਼ਨ ਸਬੰਧੀ ਆਰਟੀਏ ਦਫ਼ਤਰ ’ਚੋਂ ਕੀਤਾ ਜਾ ਰਿਹਾ ਹੈ। ਇਸ ਮਗਰੋਂ ਵਾਹਨ ਮਾਲਕਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।
(ਬਾਕਸ ਆਈਟਮ)
ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਪ੍ਰੀਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਮਾਈਨਿੰਗ ਅਤੇ ਮਿਨਰਲਜ਼ ਐਕਟ 1957 ਤਹਿਤ ਮਿੱਟੀ, ਰੇਤ ਅਤੇ ਬਜਰੀ ਛੋਟੇ ਖਣਿਜ ਪਦਾਰਥ ਹਨ। ਇਨ੍ਹਾਂ ਦੀ ਬਿਨਾਂ ਮਨਜ਼ੂਰੀ ਤੋਂ ਨਿਕਾਸੀ ਜਾਂ ਖੁਦਾਈ ਕਰਨਾ ਕਾਨੂੰਨੀ ਜੁਰਮ ਹੈ। ਜੁਰਮ ਸਾਬਤ ਹੋਣ ’ਤੇ ਸਬੰਧਤ ਨੂੰ ਉਕਤ ਐਕਟ ਦੀ ਧਾਰਾ 4 (1) ਅਤੇ 21 (1) ਤਹਿਤ 5 ਸਾਲ ਦੀ ਕੈਦ ਜਾਂ 5 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…