ਵਿਨੀ ਮਹਾਜਨ ਵੱਲੋਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਇਨ-ਲਾਈਨ ਬੈਗੇਜ ਸਕਰੀਨਿੰਗ ਸਿਸਟਮ ਦਾ ਉਦਘਾਟਨ

ਟੈਕਨਾਲੋਜੀ ਵਿੱਚ ਵਾਧੇ ਨਾਲ 1500 ਬੈਗ ਪ੍ਰਤੀ ਘੰਟਾ ਸੰਭਾਲਣ ਦੀ ਹੋਵੇਗੀ ਸਮਰਥਾ

ਯਾਤਰੀਆਂ ਨੂੰ ਸਮਾਨ ਦੀ ਜਾਂਚ ਲਈ ਹੁਣ ਨਿੱਜੀ ਤੌਰ ’ਤੇ ਕਤਾਰ ਲਗਾਉਣ ਦੀ ਨਹੀਂ ਪਵੇਗੀ ਲੋੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੂੰ ਯਾਤਰੀਆਂ ਦੀ ਸਹੂਲਤ ਲਈ ਬੈਗੇਜ ਹੈਂਡਲਿੰਗ ਪ੍ਰਣਾਲੀ ਦੇ ਖੇਤਰ ਵਿੱਚ ਤਕਨੀਕੀ ਵਿਕਾਸ ਕਰਦਿਆਂ ਇਨ-ਲਾਈਨ ਬੈਗੇਜ ਸਕਰੀਨਿੰਗ ਪ੍ਰਣਾਲੀ ਦੀ ਸਥਾਪਨਾ ਨਾਲ ਅਪਗਰੇਡ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇੱਥੇ ਨਵੇਂ ਸਥਾਪਿਤ ਕੀਤੇ ਇਨ-ਲਾਈਨ ਬੈਗੇਜ ਸਕਰੀਨਿੰਗ ਸਿਸਟਮ ਦੇ ਉਦਘਾਟਨ ਉਪਰੰਤ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ-ਲਾਈਨ ਸਿਸਟਮ ਨਾਲ ਸਕਰੀਨਿੰਗ ਸਮੇਂ ਯਾਤਰੀਆਂ ਦੇ ਸਮਾਨ ਦੀ ਸਕਰੀਨਿੰਗ ਲਈ ਅੱਧਾ ਸਮਾਂ ਲੱਗੇਗਾ। ਇਸ ਦੀ ਸਕਰੀਨਿੰਗ ਸਮਰਥਾ 1500 ਬੈਗ ਪ੍ਰਤੀ ਘੰਟਾ ਹੈ। ਨਵੀਂ ਪ੍ਰਣਾਲੀ ਦੇ ਲਾਗੂ ਹੋਣ ਨਾਲ ਯਾਤਰੀਆਂ ਨੂੰ ਹੁਣ ਸਾਮਾਨ ਦੀ ਜਾਂਚ ਲਈ ਨਿੱਜੀ ਤੌਰ ’ਤੇ ਕਤਾਰ ਲਗਾਉਣ ਦੀ ਲੋੜ ਨਹੀਂ ਹੋਵੇਗੀ। ਇਸ ਪ੍ਰਣਾਲੀ ਨਾਲ ਚੈੱਕ-ਇਨ ਕਰਨ ਵਿੱਚ ਮੁਸ਼ਕਲ ਨਹੀਂ ਆਵੇਗੀ ਅਤੇ ਪ੍ਰਤੀ ਯਾਤਰੀ ਅੌਸਤਨ 5 ਤੋਂ 10 ਮਿੰਟ ਦੀ ਬੱਚਤ ਹੋਣ ਦੀ ਉਮੀਦ ਹੈ। ਇਹ ਪ੍ਰਾਜੈਕਟ 15.8 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ ਅਤੇ ਬੈਗੇਜ ਪ੍ਰੋਸੈਸਿੰਗ ਅਤੇ ਸਕਰੀਨਿੰਗ ਪ੍ਰਣਾਲੀ ਮੁਹੱਈਆ ਕਰਵਾਉਣ ਲਈ ਮੌਜੂਦਾ ਬੈਗੇਜ ਹੈਂਡਲਿੰਗ ਪ੍ਰਣਾਲੀ ਨਾਲ ਜੋੜਿਆ ਗਿਆ ਹੈ। ਇਸ ਦੌਰਾਨ ਮੁੱਖ ਸਕੱਤਰ ਨੇ ਹਵਾਈ ਅੱਡੇ ਦੀਆਂ ਨਵੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਕਾਨਫਰੰਸ ਹਾਲ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਵਾਈ ਅੱਡੇ ਦੇ ਹੋਰ ਵਿਕਾਸ ਨਾਲ ਜੁੜੇ ਮੁੱਦਿਆਂ ਬਾਰੇ ਲੰਮੀ ਚਰਚਾ ਕੀਤੀ।
ਸ੍ਰੀਮਤੀ ਵਿਨੀ ਮਹਾਜਨ ਨੇ ਏਅਰ ਲਾਈਨਜ਼ ਲਈ ਮੁਹਾਲੀ ਹਵਾਈ ਅੱਡੇ ਤੋਂ ਨਵੇਂ ਰੂਟ/ ਨਾ ਵਰਤੇ ਜਾ ਰਹੇ ਰੂਟਾਂ ਨੂੰ ਜੋੜਨ ਲਈ ਸ਼ੁਰੂ ਕੀਤੀ ਪ੍ਰੋਤਸਾਹਨ ਯੋਜਨਾ ਦਾ ਜਾਇਜ਼ਾ ਵੀ ਲਿਆ। ਜ਼ਿਕਰਯੋਗ ਹੈ ਕਿ ਮੁਹਾਲੀ ਹਵਾਈ ਅੱਡਾ ਅਜਿਹਾ ਪਹਿਲਾ ਹਵਾਈ ਅੱਡਾ ਹੈ ਜੋ ਨਵੇਂ ਰੂਟ/ਨਾ ਵਰਤੇ ਜਾ ਰਹੇ ਰੂਟਾਂ ’ਤੇ ਘਰੇਲੂ ਹਵਾਈ ਯਾਤਰਾ ਲਈ ਏਅਰਲਾਈਨਜ਼ ਨੂੰ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਨਿਰਧਾਰਿਤ ਮਾਪਦੰਡਾਂ ਮੁਤਾਬਕ ਏਅਰਲਾਈਨਜ਼ ਨੂੰ ਦਿੱਤੀਆਂ ਛੋਟਾਂ ਵਿੱਚ ਪ੍ਰਤੀ ਯਾਤਰੀ, ਜੀਐਸਟੀ ਛੱਡ ਕੇ 125 ਨੌਟਿਕਲ ਮੀਲ ਲਈ 125 ਰੁਪਏ ਅਤੇ ਇਸ ਤੋਂ ਵੱਧ ਦੂਰੀ ਲਈ 300 ਰੁਪਏ ਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਉਦਘਾਟਨੀ ਸਮਾਰੋਹ ਵਿੱਚ ਸ਼ਹਿਰੀ ਹਵਾਬਾਜ਼ੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਗਮਾਡਾ ਦੇ ਮੁੱਖ ਪ੍ਰਸ਼ਾਸਕ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਏਅਰ ਕਮਾਂਡਰ ਤੇਜਬੀਰ ਸਿੰਘ, ਏ.ਏ.ਆਈ. ਉੱਤਰੀ ਭਾਰਤ ਦੇ ਖੇਤਰੀ ਕਾਰਜਕਾਰੀ ਨਿਰਦੇਸ਼ਕ ਡੀ.ਕੇ. ਕਾਮਰਾ (ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ) ਅਤੇ ਹਵਾਈ ਅੱਡੇ ਦੇ ਸੀਈਓ ਅਜੈ ਕੁਮਾਰ ਸਮੇਤ ਕਸਟਮ/ਇਮੀਗ੍ਰੇਸ਼ਨ/ਪੰਜਾਬ ਪੁਲੀਸ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …