ਕਰਫਿਊ ਦੀ ਉਲੰਘਣਾ: ਸੜਕਾਂ ਦੇ ਘੁੰਮ ਰਹੇ 61 ਵਿਅਕਤੀਆਂ ਨੂੰ ਆਰਜ਼ੀ ਜੇਲ੍ਹ ’ਚ ਭੇਜਿਆ

ਮੁਹਾਲੀ ਪਿੰਡ ਵਿੱਚ ਰਾਸ਼ਨ ਦੀਆਂ ਦੁਕਾਨਾਂ ’ਤੇ ਭੀੜ ਇਕੱਠੀ ਕਰਨ ਵਾਲੇ ਦੁਕਾਨਦਾਰਾਂ ਨੂੰ ਤਾੜਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਜ਼ਿਲ੍ਹਾ ਪੁਲੀਸ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਲੋਕਹਿੱਤ ਵਿੱਚ ਸਖ਼ਤੀ ਨਾਲ ਲਾਗੂ ਕੀਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-9 ਸਥਿਤ ਹਾਕੀ ਸਟੇਡੀਅਮ ਨੂੰ ਅਸਥਾਈ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ਜਿੱਥੇ ਲੋਕਾਂ ਨੂੰ ਫੜ ਕੇ ਰੱਖਿਆ ਜਾ ਰਿਹਾ ਹੈ। ਮੁਹਾਲੀ ਪੁਲੀਸ ਵੱਲੋਂ ਅੱਜ ਕਰਫਿਊ ਦੀ ਉਲੰਘਣਾ ਦੇ ਦੋਸ਼ ਵਿੱਚ ਵੱਖ ਵੱਖ ਥਾਵਾਂ ਤੋਂ 61 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਆਰਜ਼ੀ ਜੇਲ੍ਹ ਭੇਜਿਆ ਗਿਆ।
ਇਹ ਜਾਣਕਾਰੀ ਦਿੰਦਿਆਂ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਕਰਫਿਊ ਉਲੰਘਣਾ ਦੇ ਦੋਸ਼ ਵਿੱਚ ਵੀਰਵਾਰ ਨੂੰ ਕਰਫਿਊ ਦੀ ਉਲੰਘਣਾ ਦੇ ਦੋਸ਼ ਵਿੱਚ ਇੱਥੋਂ ਦੇ ਫੇਜ਼-1, ਫੇਜ਼-6, ਪੀਟੀਐਲ ਚੌਕ ਅਤੇ ਨਵੇਂ ਏਸੀ ਬੱਸ ਅੱੜੇ ਨੇੜਿਓਂ 51 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਵਿਅਕਤੀ ਕਰਫਿਊ ਦੀ ਉਲੰਘਣਾ ਕਰਕੇ ਸੜਕਾਂ ਅਤੇ ਪਾਰਕਾਂ ਆਦਿ ਵਿੱਚ ਘੁੰਮ ਫਿਰ ਰਹੇ ਸੀ। ਮੁੱਢਲੀ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਮੁਹਾਲੀ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਫੇਜ਼-9 ਸਥਿਤ ਹਾਕੀ ਸਟੇਡੀਅਮ ਵਿੱਚ ਸਥਾਪਿਤ ਕੀਤੀ ਆਰਜ਼ੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇੰਜ ਹੀ ਖੋਖਾ ਮਾਰਕੀਟ ਫੇਜ਼-1 ਵਿੱਚ ਕੱਪੜਿਆਂ ਦੀ ਦੁਕਾਨ ਖੋਲ੍ਹਣ ਵਾਲੇ ਦੁਕਾਨਦਾਰ ਰਾਜ ਕੁਮਾਰ ਨੂੰ ਵੀ ਕਾਬੂ ਕਰਕੇ ਆਰਜ਼ੀ ਜੇਲ੍ਹ ਵਿੱਚ ਭੇਜਿਆ ਗਿਆ ਹੈ।
ਉਧਰ, ਅੱਜ ਪੁਰਾਣਾ ਮੁਹਾਲੀ ਪਿੰਡ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂਕਿ ਪੁਲੀਸ ਦੀਆਂ ਜਿਪਸੀਆਂ ਆ ਕੇ ਰੁਕੀਆਂ ਅਤੇ ਪੁਲੀਸ ਕਈ ਜਣਿਆਂ ਨੂੰ ਫੜ ਕੇ ਥਾਣੇ ਲੈ ਗਈ। ਲੋਕਾਂ ਨੂੰ ਲੱਗਿਆ ਸ਼ਾਇਦ ਕੋਈ ਕਰੋਨਾ ਦਾ ਪਾਜ਼ੇਟਿਵ ਕੇਸ ਨਾ ਆ ਗਿਆ ਹੋਵੇਗਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਪਿੰਡ ਦੇ ਬਾਹਰਵਾਰ ਰਾਸ਼ਨ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਇਕੱਠੀ ਕਰਨ ਵਾਲੇ 7-8 ਦੁਕਾਨਦਾਰਾਂ ਨੂੰ ਪੁਲੀਸ ਆਪਣੇ ਨਾਲ ਲੈ ਗਈ ਹੈ। ਥਾਣੇ ਲਿਜਾ ਕੇ ਪੁਲੀਸ ਨੇ ਇਨ੍ਹਾਂ ਦੁਕਾਨਾਂ ਨੂੰ ਕਾਨੂੰਨ ਦਾ ਪਪਾਠ ਪੜ੍ਹਾਇਆ। ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਦੁਕਾਨਦਾਰਾਂ ਵੱਲੋਂ ਗਲਤੀ ਮੰਨ ਲੈਣ ’ਤੇ ਉਨ੍ਹਾਂ ਨੂੰ ਸਖ਼ਤ ਤਾੜਨਾ ਕਰਕੇ ਛੱਡ ਦਿੱਤਾ ਗਿਆ ਹੈ। ਜੇਕਰ ਉਨ੍ਹਾਂ ਨੇ ਦੁਬਾਰਾ ਆਪਣੀਆਂ ਦੁਕਾਨਾਂ ’ਤੇ ਭੀੜ ਇਕੱਠੀ ਕੀਤੀ ਤਾਂ ਉਕਤ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸੇ ਤਰ੍ਹਾਂ ਸ਼ਹਿਰ ਦੇ ਹੋਰਨਾਂ ਹਿੱਸਿਆਂ ’ਚੋਂ ਵੀ 10 ਵਿਅਕਤੀਆਂ ਨੂੰ ਕਾਬੂ ਕਰਕੇ ਆਰਜ਼ੀ ਜੇਲ੍ਹ ਭੇਜਿਆ ਗਿਆ। ਦੇਰ ਸ਼ਾਮ ਇਨ੍ਹਾਂ ਵਿਅਕਤੀਆਂ ਨੂੰ ਵੀ ਤਾੜਨਾ ਕਰਕੇ ਛੱਡ ਦਿੱਤਾ ਗਿਆ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…