ਚੋਣ ਜ਼ਾਬਤੇ ਦੀ ਉਲੰਘਣਾ: ਸਿੱਧੂ ਵੱਲੋਂ ਚੋਣ ਦਫ਼ਤਰ ਵਿੱਚ ਭਰਵਾਏ ਜਾ ਰਹੇ ਹਨ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੇ ਫਾਰਮ

ਆਪ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ, ਵੋਟਰਾਂ ਨੂੰ ਡਿਨਰ ਸੈੱਟ ਦੇ ਕੇ ਭਰਮਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਡਾ. ਸੰਨ੍ਹੀ ਆਹਲੂਵਾਲੀਆ ਨੇ ਸਾਬਕਾ ਸਿਹਤ ਮੰਤਰੀ ਅਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ’ਤੇ ਦੋਸ਼ ਲਾਇਆ ਕਿ ਸਿੱਧੂ ਸ਼ਰ੍ਹੇਆਮ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਵੋਟਰਾਂ ਨੂੰ ਭਰਮਾਉਣ ਲਈ ਡਿਨਰ ਸੈੱਟ ਵੰਡਣ ਅਤੇ ਆਪਣੇ ਚੋਣ ਦਫ਼ਤਰ ਵਿੱਚ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ ਲਈ ਫਾਰਮ ਭਰਵਾਏ ਜਾ ਰਹੇ ਹਨ। ਅੱਜ ਇੱਥੇ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਚੋਣ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਸੰਨ੍ਹੀ ਆਹਲੂਵਾਲੀਆ, ਆਜ਼ਾਦ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ ਨੇ ਦੋਸ਼ ਲਾਇਆ ਕਿ ਬਲਬੀਰ ਸਿੱਧੂ ਨੇ ਸਿਹਤ ਮੰਤਰੀ ਹੁੰਦਿਆਂ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਨੂੰ ਕੀਤਾ। ਕਰੋਨਾ ਕਾਲ ਦੌਰਾਨ ਸਭ ਤੋਂ ਵੱਧ ਕੰਮ ਕਰਨ ਦਾ ਦਾਅਵਾ ਕਰਨ ਵਾਲੇ ਸਿੱਧੂ ਦੀ ਕਾਰਗੁਜ਼ਾਰੀ ਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਜਦੋਂ ਉਨ੍ਹਾਂ ਨੇ ਆਪਣੀ ਕੋਠੀ ਦੇ ਬਾਹਰ ‘ਨੋ ਪਬਲਿਕ ਡੀਲਿੰਗ’ ਦਾ ਬੋਰਡ ਲਗਵਾ ਕੇ ਆਪਣਾ ਬੂਹਾ ਭੇੜ ਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ’ਤੇ ਕਰੋਨਾ ਵੈਕਸੀਨ ਘੁਟਾਲਾ, ਪੀਪੀਈ ਕਿੱਟ ਘੁਟਾਲਾ ਅਤੇ ਨਸ਼ਾ ਛੁਡਾਊ ਗੋਲੀਆਂ ਨੂੰ ਵੇਚਣ ਦੇ ਗੰਭੀਰ ਦੋਸ਼ ਲਗਦੇ ਰਹੇ ਹਨ।
ਆਪ ਆਗੂਆਂ ਨੇ ਕਿਹਾ ਕਿ ਸਿੱਧੂ ਭਰਾ ਵਿਕਾਸ ਦਾ ਦਾਅਵਾ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਜਦੋਂਕਿ ਸਚਾਈ ਇਹ ਹੈ ਕਿ ਪੰਜ ਸਾਲ ਨਗਰ ਨਿਗਮ ਦੇ ਮੇਅਰ ਰਹੇ ਕੁਲਵੰਤ ਸਿੰਘ ਦੇ ਕਾਰਜਕਾਲ ਦੌਰਾਨ ਹੀ ਸ਼ਹਿਰ ਦਾ ਵਿਕਾਸ ਹੋਇਆ ਹੈ। ਜਿਸ ਬਾਰੇ ਮੁਹਾਲੀ ਵਾਸੀ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਸਿੱਧੂ ਵੱਲੋਂ 19 ਵਿਕਾਸ ਪ੍ਰਾਜੈਕਟਾਂ ਸਿਰਫ਼ ਨੀਂਹ ਪੱਥਰ ਹੀ ਰੱਖੇ ਹਨ ਪ੍ਰੰਤੂ ਹੁਣ ਤੱਕ ਕਿਸੇ ਇਕ ਪ੍ਰਾਜੈਕਟ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ। ਆਈਟੀ ਸਿਟੀ ਵਿੱਚ ਬੱਸ ਅੱਡਾ ਤੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਇਸ ਕਰਕੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਣ ਨਹੀਂ ਆਏ ਕਿਉਂਕਿ ਗਮਾਡਾ ਨੇ ਇਸ ਕੰਮ ਲਈ ਜ਼ਮੀਨ ਅਲਾਟ ਨਹੀਂ ਕੀਤੀ ਸੀ।
(ਬਾਕਸ ਆਈਟਮ)
ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਉਕਤ ਸਾਰੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਆਪ ਦੇ ਉਮੀਦਵਾਰ ਸਿਰਫ਼ ਦੂਸ਼ਣਬਾਜ਼ੀ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਨੂੰ ਕਾਂਗਰਸ ਨੇ ਸਮਰਥਨ ਦੇ ਕੇ ਮੁਹਾਲੀ ਦਾ ਮੇਅਰ ਬਣਾਇਆ ਸੀ ਪ੍ਰੰਤੂ ਬਾਅਦ ਵਿੱਚ ਉਹ ਪਿੱਠ ਦਿਖਾ ਕੇ ਭੱਜ ਗਏ। ਪਿਛਲੇ ਸਾਲ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਉਹ ਆਪਣੇ ਦਮ ’ਤੇ ਕੌਂਸਲਰ ਦੀ ਚੋਣ ਵੀ ਨਹੀਂ ਜਿੱਤ ਸਕੇ ਅਤੇ ਹੁਣ ਵਿਧਾਇਕ ਬਣਨ ਦੇ ਸੁਪਨੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਦੀ ਲੀਡਰਸ਼ਿਪ ਚੋਣਾਂ ਵਿੱਚ ਹਾਰ ਹੁੰਦੀ ਦੇਖ ਕੇ ਬੁਖਲਾ ਗਏ ਹਨ। ਜਿਸ ਕਾਰਨ ਗੁਮਰਾਹਕੁਨ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਹਲਕੇ ਦਾ ਜਿੰਨਾ ਵਿਕਾਸ ਪਿਛਲੇ ਪੰਜ ਸਾਲਾਂ ਵਿੱਚ ਹੋਇਆ ਹੈ, ਉਨਾਂ 50 ਸਾਲਾਂ ਵਿੱਚ ਵੀ ਨਹੀਂ ਹੋਇਆ ਹੈ।

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…