ਕੁਰਾਲੀ ਵਿੱਚ ਸਰਕਾਰੀ ਹੁਕਮਾਂ ਦੀ ਸ਼ਰੇਆਮ ਹੋ ਰਹੀ ਹੈ ਘੋਰ ਉਲੰਘਣਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਅਕਤੂਬਰ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਖ਼ਤੀ ਦੇ ਚੱਲਦਿਆਂ ਇਸ ਵਾਰ ਪਟਾਕੇ ਅਤੇ ਆਤਿਸ਼ਬਾਜ਼ੀ ਵੇਚਣ ਵਾਲਿਆਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ। ਹਾਲਾਂਕਿ ਦਸਹਿਰਾ ਤੇ ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ ਵੱਡੇ ਵਪਾਰੀਆਂ ਤੇ ਦੁਕਾਨਦਾਰਾਂ ਨੇ ਮਹੀਨਾ ਪਹਿਲਾਂ ਹੀ ਲੱਖਾਂ/ਕਰੋੜਾਂ ਰੁਪਏ ਦੇ ਪਟਾਕੇ ਤੇ ਆਤਿਸ਼ਬਾਜ਼ੀਆਂ ਖ਼ਰੀਦ ਕੇ ਸਟੋਰ ਕਰ ਲਏ ਸਨ, ਪਰ ਹੁਣ ਐਨ ਮੌਕੇ ਹਾਈ ਕੋਰਟ ਦੀ ਘੁਰਕੀ ਕਾਰਨ ਪਟਾਕੇ ਚੱਲਣ ਤੋਂ ਪਹਿਲਾਂ ਹੀ ਫੁੱਸ ਹੋ ਗਏ।ਪ੍ਰਸ਼ਾਸਨ ਵੱਲੋਂ ਤਿੰਨ ਦਿਨਾਂ ਤੋਂ ਕੀਤੀ ਜਾ ਰਹੀ ਕਾਰਵਾਈ ਦੇ ਬਾਵਜੂਦ ਸ਼ਹਿਰ ਦੀ ਚੰਡੀਗੜ੍ਹ ਰੋਡ, ਮੋਰਿੰਡਾ ਰੋਡ, ਬਡਾਲੀ ਰੋਡ ਅਤਿਸ਼ਬਾਜ਼ੀ ਮਾਰਕੀਟ ਬਣ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ਦੇ ਬਾਹਰਵਾਰ ਸੀਸਵਾਂ ਰੋਡ ਤੇ ਸਿੰਘਪੁਰਾ ਰੋਡ ਦੇ ਪੁਰਾਣੀ ਪਸ਼ੂ ਮੰਡੀ ਵਾਲੇ ਖੁੱਲ੍ਹੇ ਸਟੇਡੀਅਮ ਵਿੱਚ ਅਤਿਸ਼ਬਾਜ਼ੀ ਦੀਆਂ ਸਟਾਲਾਂ ਲਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ ।ਅੱਜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੇ ਸਥਾਨਕ ਪੁਲੀਸ ਦੀ ਮਦਦ ਤੇ ਡਿਊਟੀ ਮੈਜਿਸਟ੍ਰੇਟ-ਕਮ-ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ ਦੀ ਦੇਖਰੇਖ ਹੇਠ ਅਤਿਸ਼ਬਾਜੀ ਦੀਆਂ ਲੱਗੀਆਂ ਅਣ-ਅਧਿਕਾਰਿਤ ਸਟਾਲਾਂ ਹਟਾਵਾਈਆਂ ਗਈਆਂ। ਇਸੇ ਦੌਰਾਨ ਬਾਅਦ ਦੁਪਹਿਰ ਕੌਂਸਲ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਚੰਡੀਗੜ੍ਹ ਰੋਡ, ਸੀਸਵਾਂ ਰੋਡ, ਮੋਰਿੰਡਾ ਰੋਡ ਤੇ ਬਡਾਲੀ ਰੋਡ ਆਦਿ ’ਤੇ ਕਾਰਵਾਈ ਕੀਤੀ ਗਈ, ਪਰ ਕੁੱਝ ਘੰਟੇ ਬਾਅਦ ਸਾਰੀਆਂ ਹੀ ਸੜਕਾਂ ’ਤੇ ਅਤਿਸ਼ਬਾਜ਼ੀ ਦੀਆਂ ਸੈਂਕੜੇ ਹੀ ਸਟਾਲਾਂ ਫਿਰ ਸਜ ਗਈਆਂ ।
ਲਾਈਸੈਂਸ ਜਾਰੀ ਹੋਣ ਤੋਂ ਪਹਿਲਾਂ ਹੀ ਸਜੀਆਂ ਦੁਕਾਨ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਤਿਸ਼ਬਾਜ਼ੀ ਵੇਚਣ ਵਾਲਿਆਂ ਨੂੰ ਲਾਇਸੈਂਸ ਜਾਰੀ ਕਰਨ ਦੀ ਕਾਰਵਾਈ ਅੱਜ ਕੀਤੀ ਗਈ। ਸ਼ਹਿਰ ਦੇ 25 ਦੁਕਾਨਦਾਰਾਂ ਨੇ ਅਤਿਸ਼ਬਾਜ਼ੀ ਦੀ ਸਟਾਲ ਦੇ ਲਾਈਸੈਂਸ ਲਈ ਅਪਲਾਈ ਕੀਤਾ ਸੀ ਤੇ ਡਰਾਅ ਦੌਰਾਨ ਸ਼ਹਿਰ ਦੇ ਚਾਰ ਦੁਕਾਨਦਾਰਾਂ ਨੂੰ ਲਾਈਸੈਂਸ ਜਾਰੀ ਕਰਨ ਲਈ ਚੁਣਿਆ ਗਿਆ। ਜਿਨ੍ਹਾਂ ਨੂੰ ਮੰਗਲਵਾਰ ਨੂੰ ਲਾਇਸੈਂਸ ਜਾਰੀ ਹੋਣਗੇ, ਪਰ ਇਹ ਲਾਈਸੈਂਸ ਜਾਰੀ ਕਰਨ ਤੋਂ ਪਹਿਲਾਂ ਹੀ ਸ਼ਹਿਰ ਵਿੱਚ ਸੈਂਕੜੇ ਅਤਿਸ਼ਬਾਜ਼ੀ ਦੀਆਂ ਸਟਾਲਾਂ ਖੁੱਲ੍ਹ ਚੁੱਕੀਆਂ ਹਨ।
ਅਦਾਲਤ ਦੇ ਹੁਕਮ ਲਾਗੂ ਹੋਣਗੇ: ਡੀਸੀ
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਇਸ ਬਾਰੇ ਕਿਹਾ ਕਿ ਕੁਰਾਲੀ ਸ਼ਹਿਰ ਵਿੱਚ ਅਤਿਸ਼ਬਾਜ਼ੀ ਦੀਆਂ ਸਟਾਲਾਂ ਲਾਉਣ ਲਈ ਚਾਰ ਦੁਕਾਨਦਾਰਾਂ ਦਾ ਡਰਾਅ ਨਿਕਲਿਆਂ ਹੈ, ਜਿਨ੍ਹਾਂ ਨੂੰ ਮੰਗਲਵਾਰ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ ਅਤੇ ਇਹ ਲਾਇਸੈਂਸ ਹੋਲਡਰ ਵੀ ਸੀਸਵਾਂ ਰੋਡ ’ਤੇ ਸਿੰਘਪੁਰਾ ਰੋਡ ਦੇ ਸਟੇਡੀਅਮ ਵਿੱਚ ਹੀ ਅਤਿਸ਼ਬਾਜ਼ੀ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਪਟਾਕੇ ਵੇਚਣ ਵਾਲੇ ਹਾਈ ਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨਗੇ ਤਾਂ ਨਾ ਸਿਰਫ਼ ਉਨ੍ਹਾਂ ਦੇ ਲਾਇਸੈਂਸ ਹੀ ਰੱਦ ਕੀਤੇ ਜਾਣਗੇ, ਸਗੋਂ ਉਨ੍ਹਾਂ ਖ਼ਿਲਾਫ਼ ਪੁਲੀਸ ਕਾਰਵਾਈ ਵੀ ਹੋ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…