ਕਿਰਤ ਕਾਨੂੰਨ ਦੀ ਉਲੰਘਣਾ: ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਗੇਟ ਰੈਲੀ

ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ, ਸਰਕੂਲਰ ਦੀਆਂ ਕਾਪੀਆਂ ਸਾੜੀਆਂ

ਨਬਜ਼-ਏ-ਪੰਜਾਬ, ਮੁਹਾਲੀ, 26 ਸਤੰਬਰ:
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਵੱਲੋਂ ਆਪਣੇ ਮੁਲਾਜ਼ਮਾਂ ਦੀ ਡਿਊਟੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਰੋਸ ਵਜੋਂ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਮੁਹਾਲੀ ਸਰਕਲ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਮੁਹਾਲੀ ਨੇ ਗੇਟ ਰੈਲੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਤਾਜ਼ਾ ਸਰਕੂਲਰ ਦੀਆਂ ਕਾਪੀਆਂ ਸਾੜ ਕੇ ਸੂਬਾ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ।
ਸਰਕਲ ਪ੍ਰਧਾਨ ਗੁਰਬਖ਼ਸ਼ ਸਿੰਘ ਅਤੇ ਸਾਬਕਾ ਪ੍ਰਧਾਨ ਲੱਖਾ ਸਿੰਘ ਨੇ ਕਿਹਾ ਕਿ ਕਿਰਤ ਕਾਨੂੰਨ ਮੁਤਾਬਕ ਕਿਸੇ ਵੀ ਕਰਮਚਾਰੀ ਤੋਂ ਅੱਠ ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ ਹੈ। ਪੰਜਾਬ ਸਰਕਾਰ ਦੀ ਇਹ ਕੋਈ ਸਾਧਾਰਨ ਕਾਰਵਾਈ ਨਹੀਂ ਹੈ ਬਲਕਿ ਇਹ ਮਜ਼ਦੂਰਾਂ ਦੇ ਹੱਕਾਂ ’ਤੇ ਸ਼ਰ੍ਹੇਆਮ ਡਾਕਾ ਹੈ। ਉਨ੍ਹਾਂ ਕਿਹਾ ਕਿ ਮਈ ਦਿਵਸ ਦੇ ਮਹਾਨ ਸ਼ਹੀਦਾਂ ਵੱਲੋਂ ਬੰਧੂਆ ਮਜ਼ਦੂਰੀ ਤੋਂ ਮੁਕਤੀ ਪਾਉਣ ਲਈ ਸੰਸਾਰ ਭਰ ਵਿੱਚ ਲੰਮਾ ਅਤੇ ਸਿਰੜੀ ਸੰਘਰਸ਼ ਕੀਤਾ ਗਿਆ ਸੀ। ਜਿਸ ਦੀ ਵਿਰਾਸਤ ਦੇ ਰੂਪ ਵਿੱਚ ਹੁਣ ਰਾਖੀ ਕਰਨੀ ਸਾਡੀ ਅਹਿਮ ਜ਼ਿੰਮੇਵਾਰੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਸਦੀ ਤੋਂ ਬਾਅਦ ਭਾਰਤ ਦੀ ਕਾਰਪੋਰੇਟ ਪੱਖੀ ਹਕੂਮਤ ਨੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਇਸ ਵਿਰਾਸਤ ’ਤੇ ਵੱਡਾ ਹਮਲਾ ਕੀਤਾ ਹੈ ਅਤੇ ਮਹਾਨ ਸ਼ਹੀਦਾਂ ਵੱਲੋਂ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤੇ ਬੁਨਿਆਦੀ ਹੱਕਾਂ ਨੂੰ ਇਕ-ਇਕ ਕਰਕੇ ਖੋਹਿਆ ਜਾਂ ਬੇਅਸਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੀ ਕੜੀ ਵਜੋਂ ਪੱਕੇ ਰੁਜ਼ਗਾਰ ਦਾ ਭੋਗ ਪਾਉਣਾ, ਘੱਟੋ-ਘੱਟ ਉਜਰਤ ਦੇ ਕਾਨੂੰਨ ਨੂੰ ਬੇਅਸਰ ਬਣਾਉਣ, ਪੈਨਸ਼ਨਰੀ ਸੇਵਾ ਲਾਭ ਖੋਹਣੇ, ਸੰਘਰਸ਼ ਦੇ ਅਧਿਕਾਰ ਨੂੰ ਬੇਅਸਰ ਬਣਾਉਣ ਦੀ ਸਾਜ਼ਿਸ਼ ਹੈ। ਬੁਲਾਰਿਆਂ ਨੇ ਕਿਹਾ ਕਿ ਸੰਘਰਸ਼ਾਂ ’ਚੋਂ ਉਪਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 8 ਘੰਟੇ ਦੀ ਡਿਊਟੀ\ਦਿਹਾੜੀ ’ਤੇ ਵੱਡਾ ਹੱਲਾ ਬੋਲ ਦਿੱਤਾ ਹੈ। ਜਿਸ ਵਿਰੁੱਧ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣ ਦੀ ਸਖ਼ਤ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਜਲਦੀ ਹੀ ਇਨਸਾਫ਼ ਪਸੰਦ ਲੋਕਾਂ ਅਤੇ ਹਮਖ਼ਿਆਲੀ ਜਥੇਬੰਦੀ ਨਾਲ ਤਾਲਮੇਲ ਕਰਕੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਗੇਟ ਰੈਲੀ ਨੂੰ ਜਤਿੰਦਰ ਸਿੰਘ, ਜਗਦੀਪ ਸਿੰਘ, ਸਾਬਕਾ ਸੰਗਠਨ ਸਕੱਤਰ ਰਜਿੰਦਰ ਸਿੰਘ, ਸਤਵੰਤ ਸਿੰਘ, ਬਿਕਰਮ ਸਿੰਘ, ਜਸਪਾਲ ਸਿੰਘ, ਰਾਧੇ ਸ਼ਿਆਮ, ਹਰਬੰਸ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਸ਼ਰਨਜੀਤ ਸਿੰਘ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਵਿਜੈ ਕੁਮਾਰ, ਪਰਮਜੀਤ ਸਿੰਘ, ਕਪਿਲ ਦੇਵ, ਬਲਵੀਰ ਸਿੰਘ ਅਤੇ ਰਮੇਸ਼ ਗੁਪਤਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

ਗਿਆਨ ਜਯੋਤੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਨਬਜ਼-ਏ-ਪੰਜਾਬ, ਮੁਹਾਲ…