ਵਾਅਦਾਖ਼ਿਲਾਫ਼ੀ: ਸਿੱਖਿਆ ਬੋਰਡ ਦੇ 525 ਡੇਲੀਵੇਜ ਕਰਮਚਾਰੀਆਂ ਵੱਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ

ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ’ਤੇ ਕਿਰਤ ਕਾਨੂੰਨਾਂ ਦੀਆਂ ਉਡਾਉਣ ਦਾ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 1 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ ਕਰਮਚਾਰੀ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਤਿੰਨ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਿਸੇ ਵੀ ਕੱਚੇ ਮੁਲਾਜ਼ਮ ਨੇ ਦਫ਼ਤਰ ਵਿੱਚ ਕੰਮ ਨਹੀਂ ਕੀਤਾ ਸਗੋਂ ਵਰ੍ਹਦੇ ਮੀਂਹ ਵਿੱਚ ਹੁਕਮਰਾਨਾਂ ਨੂੰ ਕੋਸਦੇ ਰਹੇ। ਕੱਚੇ ਕਰਮਚਾਰੀ ਸਵੇਰੇ 9 ਵਜੇ ਦਫ਼ਤਰ ਪਹੁੰਚ ਗਏ ਪ੍ਰੰਤੂ ਉਹ ਗੇਟ ਤੋਂ ਅੰਦਰ ਨਹੀਂ ਗਏ ਅਤੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਇਹ ਸਿਲਸਿਲਾ ਸ਼ਾਮ 5 ਵਜੇ ਤੱਕ ਜਾਰੀ ਰਿਹਾ। ਰੋਸ ਮੁਜ਼ਾਹਰੇ ਦੌਰਾਨ ਅੌਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜਦੋਂਕਿ ਖੇਤਰੀ ਡਿੱਪੂਆਂ ਅਤੇ ਆਦਰਸ਼ ਸਕੂਲਾਂ ਦੇ ਡੇਲੀਵੇਜ ਕਰਮਚਾਰੀਆਂ ਨੇ ਆਪੋ ਆਪਣੇ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿੱਚ ਬੋਰਡ, ਕਾਰਪੋਰੇਸ਼ਨ ਮਹਾਸੰਘ, ਸੀਟੂ ਅਤੇ ਹੋਰ ਜਥੇਬੰਦੀਆਂ ਨੇ ਵੀ ਹੜਤਾਲ ਦਾ ਸਮਰਥਨ ਕੀਤਾ।
ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਬੀਤੀ 18 ਜਨਵਰੀ ਨੂੰ ਸਕੱਤਰ ਨੇ ਮੀਟਿੰਗ ਵਿੱਚ ਜਾਇਜ਼ ਮੰਗਾਂ ’ਤੇ ਬਣੀ ਸਹਿਮਤੀ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੋਰਡ ਮੈਨੇਜਮੈਂਟ ਦੀ ਵਾਅਦਾਖ਼ਿਲਾਫ਼ੀ ਕਾਰਨ ਡੇਲੀਵੇਜ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਸੀ ਕਿ 7 ਅਕਤੂਬਰ 2022 ਨੂੰ ਰੈਗੂਲਰ ਪਾਲਿਸੀ ਅਧੀਨ ਡੇਲੀਵੇਜ ਕਰਮਚਾਰੀ ਦਾ ਕੇਸ ਮੱਦ ਨੰਬਰ 3 (6) ’ਤੇ ਵਿਚਾਰ ਕਰਕੇ ਰਲੀਫ਼ ਦੇਣ ਲਈ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਕਿਰਤ ਵਿਭਾਗ ਅਨੁਸਾਰ ਘੱਟੋ-ਘੱਟ ਉਜ਼ਰਤਾਂ ਅਤੇ ਛੁੱਟੀਆਂ ਦਿੱਤੀਆਂ ਜਾਣਗੀਆਂ। ਸਕੱਤਰ ਨੇ ਉਪਰੋਕਤ ਕਾਰਵਾਈ ਲਈ 7 ਦਿਨ ਦੀ ਮੋਹਲਤ ਮੰਗੀ ਸੀ। ਜਿਸ ’ਤੇ ਬੋਰਡ ਮੈਨੇਜਮੈਂਟ ਨੇ 30 ਜਨਵਰੀ 2024 ਤੱਕ ਕੋਈ ਯੋਗ ਕਾਰਵਾਈ ਪੂਰੀ ਨਹੀਂ ਕੀਤੀ ਗਈ। ਜਿਸ ਦੇ ਰੋਸ ਵਜੋਂ ਡੇਲੀਵੇਜ ਕਰਮਚਾਰੀਆਂ ਨੂੰ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ।
ਉਧਰ, ਸਾਲਾਨਾ ਪ੍ਰੀਖਿਆਵਾਂ ਸਿਰ ’ਤੇ ਹੋਣ ’ਤੇ ਬੋਰਡ ਮੈਨੇਜਮੈਂਟ ਵੱਲੋਂ ਡੇਲੀਵੇਜ ਕਰਮਚਾਰੀਆਂ ਦੀਆਂ ਡਿਊਟੀਆਂ ਪ੍ਰਸ਼ਨ ਪੱਤਰ ਲੈ ਕੇ ਜਾਣ ਵਾਲੇ ਟਰੱਕਾਂ ’ਤੇ ਲਗਾਈ ਹੈ, ਪ੍ਰੰਤੂ ਅੱਜ ਕੱਚੇ ਕਰਮਚਾਰੀਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ। ਡੇਲੀਵੇਜ ਕਰਮਚਾਰੀ ਯੂਨੀਅਨ ਨੇ ਬੋਰਡ ਮੁਖੀ ਅਤੇ ਸਕੱਤਰ ਨਾਲ ਗੱਲ ਕਰਕੇ ਕਿਹਾ ਕਿ 8 ਘੰਟੇ ਦੀ ਡਿਊਟੀ ਤੋਂ ਬਾਅਦ ਕੰਮ ਕਰਨ ਵਾਲੇ ਕਰਮਚਾਰੀ ਨੂੰ ਡਬਲ ਤਨਖ਼ਾਹ ਦਿੱਤੀ ਜਾਵੇ ਪ੍ਰੰਤੂ ਅਧਿਕਾਰੀਆਂ ਦਾ ਕੱਚੇ ਮੁਲਾਜ਼ਮਾਂ ਪ੍ਰਤੀ ਵਿਵਹਾਰ ਚੰਗਾ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੈਸੇ 9 ਘੰਟੇ ਦੀ ਦਿਹਾੜੀ ਦੀ ਦਿੱਤੀ ਜਾਵੇਗੀ ਅਤੇ ਕੰਮ 24 ਘੰਟੇ ਦਾ ਲਿਆ ਜਾਵੇਗਾ। ਇਸ ਤੋਂ ਇਲਾਵਾ ਕੋਈ ਵਾਧੂ ਦਿਹਾੜੀ ਨਹੀਂ ਦਿੱਤੀ ਜਾਵੇਗੀ। ਇਹੀ ਨਹੀਂ ਕੱਚੇ ਕਰਮਚਾਰੀਆਂ ਨੂੰ ਕੰਮ ਛੱਡ ਕੇ ਜਾਣ ਲਈ ਕਿਹਾ ਜਾ ਰਿਹਾ ਹੈ। ਅਜਿਹਾ ਕਰਕੇ ਅਧਿਕਾਰੀ ਸ਼ਰ੍ਹੇਆਮ ਕਿਰਤ ਕਾਨੂੰਨ ਦੀਆਂ ਧੱਜੀਆਂ ਉੱਡਾ ਰਹੇ ਹਨ।
ਇਸ ਮੌਕੇ ਪ੍ਰੈਸ ਸਕੱਤਰ ਤੇਜਿੰਦਰ ਸਿੰਘ, ਇੰਦਰਜੀਤ ਸਿੰਘ, ਭਗਵੰਤ ਸਿੰਘ, ਮਨਦੀਪ ਸਿੰਘ, ਕਰਨ ਸਿੰਘ, ਦਵਿੰਦਰ ਸਿੰਘ, ਬੂਟਾ ਸਿੰਘ, ਨਵਦੀਪ ਸਿੰਘ, ਅਮਨਦੀਪ ਸਿੰਘ, ਸੁਖਵੀਰ ਸਿੰਘ, ਜਗਮੋਹਨ ਸਿੰਘ, ਰਾਜਪਾਲ ਕੌਰ, ਸੁਖਰਾਜ ਕੌਰ, ਸ੍ਰੇਸ਼ਟਾ, ਨਰਿੰਦਰ ਕੌਰ, ਹਰਮੇਸ਼ ਕੌਰ ਅਤੇ ਵੱਡੀ ਗਿਣਤੀ ਵਿੱਚ ਡੇਲੀਵੇਜ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…