ਵਾਅਦਾਖ਼ਿਲਾਫ਼ੀ: ਸਿੱਖਿਆ ਵਿਭਾਗ ਦੇ ਦਫ਼ਤਰੀ ਸਟਾਫ਼ ਵੱਲੋਂ ਕਲਮਛੋੜ ਹੜਤਾਲ ਸ਼ੁਰੂ

ਜ਼ਿਲ੍ਹਾ ਸਿੱਖਿਆ ਤੇ ਬਲਾਕ ਸਿੱਖਿਆ ਦਫ਼ਤਰਾਂ ਦੇ ਕੱਚੇ ਮੁਲਾਜ਼ਮ ਵੀ ਹੜਤਾਲ ’ਤੇ ਰਹੇ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਕਲਮਛੋੜ ਹੜਤਾਲ ਨੂੰ ਸਮਰਥਨ ਦੇਣ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 6 ਜੁਲਾਈ:
ਪੰਜਾਬ ਦੀ ਆਪ ਸਰਕਾਰ ਦੀ ਵਾਅਦਾਖ਼ਿਲਾਫ਼ੀ ਅਤੇ ਝੂਠੇ ਲਾਰਿਆਂ ਤੋਂ ਅੱਕੇ ਸਿੱਖਿਆ ਵਿਭਾਗ ਪੰਜਾਬ ਦੇ ਕੱਚੇ ਦਫ਼ਤਰੀ ਮੁਲਾਜ਼ਮ ਅਤੇ ਆਈਈਆਰਟੀ ਅਧਿਆਪਕਾਂ ਵੱਲੋਂ ਵੀਰਵਾਰ ਨੂੰ ਕਲਮਛੋੜ ਹੜਤਾਲ ਸ਼ੁਰੂ ਕੀਤੀ ਗਈ। ਅੱਜ ਡੀਜੀਐਸਈ ਦਫ਼ਤਰ ਦਾ ਸਾਰਾ ਸਟਾਫ਼ ਵੀ ਹੜਤਾਲ ’ਤੇ ਰਿਹਾ। ਜਿਸ ਕਾਰਨ ਦਫ਼ਤਰੀ ਕੰਮ-ਕਾਜ ਠੱਪ ਰਿਹਾ। ਜ਼ਿਲ੍ਹਾ ਸਿੱਖਿਆ ਅਤੇ ਬਲਾਕ ਸਿੱਖਿਆ ਦਫ਼ਤਰਾਂ ਦੇ ਕੱਚੇ ਮੁਲਾਜ਼ਮ ਵੀ ਹੜਤਾਲ ’ਤੇ ਰਹੇ।
ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਸੰਧਾ, ਰਾਜਵੀਰ, ਭਵਨੀਸ਼ ਕੁਮਾਰ, ਪ੍ਰਦੀਪ ਸਿੰਘ ਹਰਦੀਪ ਸਿੰਘ ਜਗਮੋਹਨ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ 10 ਮਹੀਨੇ ਤੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਪ੍ਰਚਾਰ ਕਰ ਰਹੀ ਹੈ ਜਦੋਂਕਿ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਸਰਕਾਰਾਂ ਨੇ ਕੱਚੇ ਮੁਲਾਜ਼ਮਾਂ ਦੀ ਜਵਾਨੀ ਰੋਲ ਕੇ ਰੱਖ ਦਿੱਤੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਦਾ ਭਵਿੱਖ ਰੋਲਣ ਦੀ ਤਿਆਰੀ ਕਰੀ ਬੈਠੀ ਹੈ। ਬੁਲਾਰਿਆਂ
ਆਗੂਆਂ ਨੇ ਦੱਸਿਆ ਕਿ 7 ਅਕਤੂਬਰ 2022 ਨੂੰ ਸਿੱਖਿਆ ਨੀਤੀ ਜਾਰੀ ਕਰਨ ਸਮੇਂ ਮੁਲਾਜ਼ਮਾਂ ਨੇ ਕੁੱਝ ਖ਼ਦਸ਼ੇ ਪ੍ਰਗਟ ਕੀਤੇ ਸੀ। ਜਿਸ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੱਤਰਕਾਰ ਸੰਮੇਲਨ ਵਿੱਚ ਸਪੱਸ਼ਟ ਆਖਿਆ ਸੀ ਕਿ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਹੋਣ ’ਤੇ ਪੂਰੇ ਪੇ-ਸਕੇਲ ਭੱਤੇ ਸੀਐਸਆਰ ਰੂਲ ਅਤੇ ਪੈਨਸ਼ਨਰੀ ਲਾਭ ਦਿੱਤੇ ਜਾਣਗੇ ਪ੍ਰੰਤੂ ਹੁਣ ਤੱਕ ਕਾਰਵਾਈ ਅੱਗੇ ਨਹੀਂ ਤੁਰੀ ਅਤੇ ਹੁਕਮਰਾਨ ਅਤੇ ਉੱਚ ਅਧਿਕਾਰੀ ਝੂਠੇ ਲਾਰੇ ਲਗਾ ਕੇ ਡੰਗ ਟਪਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੇ-ਸਕੇਲ ਤੋਂ ਬਿਨਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਸੰਦੇਸ਼ ਰਾਹੀਂ ਕਿਹਾ ਸੀ ਕਿ ਕੁੱਝ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਪਰ ਮੁੱਖ ਮੰਤਰੀ ਨੇ ਦਫ਼ਤਰੀ ਕਰਮਚਾਰੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ।
ਆਗੂਆਂ ਨੇ ਕਿਹਾ ਕਿ ਆਪ ਲੀਡਰਸ਼ਿਪ ਨੇ ਵਿਧਾਨ ਸਭਾ ਚੋਣਾਂ ਸਮੇਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ 1 ਅਪਰੈਲ 2018 ਨੂੰ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਸਾਰੇ ਲਾਭ ਦੇ ਕੇ ਰੈਗੂਲਰ ਕਰ ਦਿੱਤਾ ਗਿਆ ਸੀ ਪ੍ਰੰਤੂ ਦਫ਼ਤਰੀ ਸਟਾਫ਼ ਨੂੰ ਅਣਗੌਲਿਆ ਕੀਤਾ ਗਿਆ। ਹੁਣ ਵੀ ਸਰਕਾਰ ਝੂਠ ਤੇ ਝੂਠ ਬੋਲ ਕੇ ਕੱਚੇ ਕਰਮਚਾਰੀਆਂ ਦਾ ਸ਼ੋਸ਼ਣ ਕਰ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਕਲਮਛੋੜ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਉਧਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਨੇ ਸਿੱਖਿਆ ਵਿਭਾਗ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਾਥੀਆਂ ਦੀ ਕਲਮਛੋੜ ਹੜਤਾਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ, ਸਕੱਤਰ ਐਨਡੀ ਤਿਵਾੜੀ, ਗੁਲਜ਼ਾਰ ਖਾਨ, ਨਵਪ੍ਰੀਤ ਬੱਲੀ ਅਤੇ ਬਿੱਕਰ ਸਿੰਘ ਮਾਖਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਮੱਗਰਾ ਸਿੱਖਿਆ ਅਭਿਆਨ, ਮਿਡ-ਡੇਅ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ, ਆਈਆਰਟੀ ਦੇ ਸਾਥੀਆਂ ਵੱਲੋਂ ਆਪਣੀ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਕਲਮਛੋੜ ਹੜਤਾਲ ’ਤੇ ਮਜਬੂਰ ਹੋਣਾ ਪਿਆ ਹੈ।
ਇਸ ਮੌਕੇ ਭੁਪਿੰਦਰ ਪਾਲ ਕੌਰ, ਸੁਰਿੰਦਰ ਕੰਬੋਜ, ਸੋਮ ਸਿੰਘ, ਕੰਵਲਜੀਤ ਸੰਗੋਵਾਲ, ਸੁਖਵਿੰਦਰ ਦੋਦਾ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਅਤੇ ਮੁਲਾਜ਼ਮ ਵਰਗ ਨਾਲ ਕੀਤੇ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਕੇਂਦਰ ਸਰਕਾਰ ਦੀ ਨੀਤੀਆਂ ’ਤੇ ਚੱਲਦਿਆਂ ਮੁਲਾਜ਼ਮਾਂ ਦੀਆਂ ਸੇਵਾਵਾਂ ਨਿਯਮਿਤ ਕਰਨ ਦੀ ਥਾਂ ਨਿੱਜੀਕਰਨ ਨੀਤੀ ਵੱਲ ਵੱਧ ਰਹੀ ਹੈ। ਜਿਸ ਕਾਰਨ ਕੱਚੇ ਮੁਲਾਜ਼ਮ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਜਤਿੰਦਰ ਸਿੰਘ ਸੋਨੀ, ਪ੍ਰਗਟ ਸਿੰਘ ਜਬਰ, ਗੁਰਦੀਪ ਸਿੰਘ ਸੰਗਰੂਰ, ਕਮਲਜੀਤ ਸਿੰਘ ਅੰਮ੍ਰਿਤਸਰ, ਸੁੱਚਾ ਸਿੰਘ ਰੂਪਨਗਰ, ਹਰਮਿੰਦਰ ਸਿੰਘ ਫਤਹਿਗੜ੍ਹ, ਕਰਮਦੀਨ, ਲਾਲ ਚੰਦ ਨਵਾਂ ਸ਼ਹਿਰ, ਗੁਰਮੀਤ ਸਿੰਘ ਖ਼ਾਲਸਾ, ਰੇਸ਼ਮ ਸਿੰਘ, ਲਖਵਿੰਦਰ ਸਿੰਘ ਲਾਡੀ ਬਰਨਾਲਾ, ਹਿੰਮਤ ਸਿੰਘ ਦੂਲੋਵਾਲ, ਅਮਨ ਲੰਬੀ, ਮਨੀਸ਼ ਬਠਿੰਡਾ, ਕਮਲ ਕੁਮਾਰ, ਅਸ਼ੋਕ ਕੁਮਾਰ, ਧਰਮਿੰਦਰ ਠਾਕਰੇ ਨੇ ਵੀ ਕਲਮਛੋੜ ਹੜਤਾਲ ਦੀ ਪੂਰਨ ਹਮਾਇਤ ਐਲਾਨ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …