Nabaz-e-punjab.com

ਨਿਯਮਾਂ ਦੀ ਉਲੰਘਣਾ: ਚੰਦੂਮਾਜਰਾ ਨੇ ਪਿੰਡ ਚੱਪੜਚਿੜੀ ਵਿੱਚ ਕੰਧਾਂ ’ਤੇ ਚਿਪਕਾਏ ‘ਸਾਡਾ ਐਮ ਸਾਡਾ ਮਾਣ’ ਦੇ ਪੋਸਟਰ

ਪਿੰਡ ਵਾਸੀ ਸੁਖਦੇਵ ਸਿੰਘ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਨੂੰ ਦਿੱਤੀ ਸ਼ਿਕਾਇਤ, ਐਸਡੀਐਮ ਵੱਲੋਂ ਨੋਟਿਸ ਜਾਰੀ

24 ਘੰਟੇ ਵਿੱਚ ਸਪੱਸ਼ਟਕਰਨ ਨਾ ਦੇਣ ਦੀ ਸੂਰਤ ਵਿੱਚ ਆਦਰਸ਼ ਚੋਣ ਜ਼ਾਬਤਾ ਦੀ ਉਲੰਘਣਾ ਤਹਿਤ ਕੀਤੀ ਜਾਵੇਗੀ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਇੱਥੋਂ ਦੇ ਨੇੜਲੇ ਪਿੰਡ ਚੱਪੜਚਿੜੀ ਖੁਰਦ ਵਿੱਚ ਲੰਘੀ ਰਾਤ ਲੋਕਾਂ ਦੇ ਘਰਾਂ ਦੀਆਂ ਕੰਧਾਂ ਉੱਤੇ ‘ਸਾਡਾ ਐਮ ਸਾਡਾ ਮਾਣ’ ਦੇ ਪੋਸਟਰ ਲਗਾਉਣ ਦਾ ਮਾਮਲਾ ਕਾਫੀ ਭਖ ਗਿਆ ਹੈ। ਸ੍ਰੀ ਚੰਦੂਮਾਜਰਾ ਦੇ ਸਮਰਥਕ ਨੇ ਇੱਕ ਦਿਹਾੜੀਦਾਰ ਤੋਂ ਪਿੰਡ ਦੀਆਂ ਗਲੀਆਂ ਵਿੱਚ ਕੰਧਾਂ ’ਤੇ ਪੋਸਟਰ ਚਿਪਕਾਏ ਗਏ ਹਨ। ਇਸ ਪੋਸਟਰ ਉੱਤੇ ‘ਸਾਡਾ ਐਮ ਸਾਡਾ ਮਾਣ’ ਦੇ ਬੈਨਰ ਹੇਠ ਅਕਾਲੀ ਆਗੂ ਵੱਲੋਂ ਪਿਛਲੇ ਪੰਜ ਸਾਲ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਜਾਣਕਾਰੀ ਦਰਜ ਹੈ।
ਪਿੰਡ ਵਾਸੀ ਸੁਖਦੇਵ ਸਿੰਘ ਨੇ ਉਸ ਦੇ ਘਰ ਦੀ ਕੰਧ ਉੱਤੇ ਅਜਿਹਾ ਪੋਸਟਰ ਚਿਪਕਾਉਣ ’ਤੇ ਸਖ਼ਤ ਇਤਰਾਜ਼ ਕਰਦਿਆਂ ਇਸ ਸਬੰਧੀ ਤੁਰੰਤ ਜ਼ਿਲ੍ਹਾ ਚੋਣ ਅਫ਼ਸਰ ਨੂੰ ਇਤਲਾਹ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਚੋਣ ਅਫ਼ਸਰ ਦੇ ਉਡਣ ਦਸਤੇ ਅਤੇ ਬਲੌਂਗੀ ਪੁਲੀਸ ਕਰਮਚਾਰੀਆਂ ਨੇ ਰਾਤ ਨੂੰ ਮੌਕੇ ’ਤੇ ਪਹੁੰਚ ਕੇ ਚੰਦੂਮਾਜਰਾ ਦੀ ਫੋਟੋ ਵਾਲੇ ਕੰਧਾਂ ’ਤੇ ਲੱਗੇ ਪੋਸਟਰ ਲਾਹੇ ਗਏ, ਪ੍ਰੰਤੂ ਉਡਣ ਦਸਤਾ ਅਤੇ ਪੁਲੀਸ ਦੇ ਚਲੇ ਜਾਣ ਮਗਰੋਂ ਉਕਤ ਪੋਸਟਰ ਫਿਰ ਤੋਂ ਕੰਧਾਂ ’ਤੇ ਚਿਪਕਾਏ ਗਏ। ਸ੍ਰੀ ਸੁਖਦੇਵ ਸਿੰਘ ਚੱਪੜਚਿੜੀ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਕੋਈ ਵੀ ਉਮੀਦਵਾਰ ਜਾਂ ਸਿਆਸੀ ਪਾਰਟੀ ਸਰਕਾਰੀ ਇਮਾਰਤਾਂ ਅਤੇ ਆਮ ਲੋਕਾਂ ਦੀਆਂ ਇਮਾਰਤਾਂ ’ਤੇ ਬਿਨਾਂ ਮਨਜ਼ੂਰੀ ਤੋਂ ਪੋਸਟਰ\ਬੈਨਰ ਨਹੀਂ ਲਗਾ ਸਕਦੇ ਹਨ ਪ੍ਰੰਤੂ ਸ੍ਰੀ ਚੰਦੂਮਾਜਰਾ ਨੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਕੰਧਾਂ ਉੱਤੇ ਆਪਣੇ ਪੋਸਟਰ ਲਗਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਅਕਾਲੀ ਆਗੂ ਦੇ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਚੋਣ ਅਫ਼ਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਪਿੰਡ ਚੱਪੜਚਿੜੀ ਵਿੱਚ ਸੰਸਦ ਮੈਂਬਰ ਸ੍ਰੀ ਚੰਦੂਮਾਜਰਾ ਦੀ ਫੋਟੋ ਵਾਲੇ ਪੋਸਟਰ ਕੰਧਾਂ ’ਤੇ ਚਿਪਕਾਉਣ ਬਾਰੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੀਤੀ ਰਾਤ ਹੀ ਉਡਣ ਦਸਤੇ ਨੂੰ ਮੌਕੇ ’ਤੇ ਭੇਜ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਮੌਕੇ ’ਤੇ ਹੀ ਟੀਮ ਨੇ ਕੰਧਾਂ ਤੋਂ ਸਬੰਧਤ ਪੋਸਟਰ ਉਤਾਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਹਾਲੀ ਦੇ ਐਸਡੀਐਮ-ਕਮ-ਸਹਾਇਕ ਚੋਣ ਅਧਿਕਾਰੀ ਜਗਦੀਪ ਸਹਿਗਲ ਤੋਂ ਰਿਪੋਰਟ ਤਲਬ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
(ਬਾਕਸ ਆਈਟਮ)
ਮੁਹਾਲੀ ਦੇ ਐਸਡੀਐਮ-ਕਮ-ਸਹਾਇਕ ਚੋਣ ਅਧਿਕਾਰੀ ਜਗਦੀਪ ਸਹਿਗਲ ਨੇ ਦੱਸਿਆ ਕਿ ਇਸ ਸਬੰਧੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਨੂੰ ਨੋਟਿਸ ਜਾਰੀ ਕਰਕੇ ਚੱਪੜਚਿੜੀ ਵਿੱਚ ਸਬੰਧਤ ਮਕਾਨ ਮਾਲਕ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਕੰਧਾਂ ’ਤੇ ਪੋਸਟਰਾਂ ਲਗਾਉਣ ਸਬੰਧੀ ਸਪੱਸ਼ਟੀ ਕਰਨ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 24 ਘੰਟੇ ਦੇ ਅੰਦਰ ਅੰਦਰ ਸਪੱਸ਼ਟੀ ਕਰਨ ਨਹੀਂ ਦਿੱਤਾ ਗਿਆ ਤਾਂ ਸਬੰਧਤ ਦੇ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
(ਬਾਕਸ ਆਈਟਮ)
ਅਕਾਲੀ ਦਲ (ਬ) ਦੇ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਹਾਲੇ ਤੱਕ ਉਨ੍ਹਾਂ ਨੂੰ ਚੋਣ ਅਧਿਕਾਰੀ ਦਾ ਕੋਈ ਨੋਟਿਸ ਨਹੀਂ ਮਿਲਿਆ ਹੈ ਅਤੇ ਨੋਟਿਸ ਮਿਲਣ ਤੋਂ ਬਾਅਦ ਸਪੱਸ਼ਟੀਕਰਨ ਦੇ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…