nabaz-e-punjab.com

ਪੰਜਾਬ ਵਿੱਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਦੌਰਾਨ 10 ਜ਼ਿਲ੍ਹਿਆਂ ਵਿੱਚ ਫੌਜ ਸੱਦੀ

ਡੇਰਾ ਸਿਰਸਾ ਦੀ ਸੂਬਾ ਪੱਧਰੀ ਕਮੇਟੀ ਦੇ ਮੈਂਬਰ ਸਮੇਤ ਕਈ ਡੇਰਾ ਸਮਰਥਕ ਗ੍ਰਿਫ਼ਤਾਰ

ਮੁੱਖ ਮੰਤਰੀ ਵੱਲੋਂ ਕਈ ਸ਼ਹਿਰਾਂ ਦਾ ਦੌਰਾ, ਇਹਤਿਆਤ ਵਜੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਕਰਫਿਊ ਲਾਇਆ, ਪੁਲੀਸ ਨੇ ਗਸ਼ਤ ਤੇਜ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਅਗਸਤ:
ਰਾਮ ਰਹੀਮ ਦੇ ਕੇਸ ਵਿੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਕੁਝ ਇਲਾਕਿਆਂ ਵਿੱਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਵਾਪਰਨ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਅਮਨ-ਚੈਨ ਅਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਮਦਦ ਵਾਸਤੇ ਅਗਲੇ 24 ਘੰਟਿਆਂ ਲਈ ਫੌਜ ਬੁਲਾ ਲਈ ਹੈ। ਇਸ ਦੇ ਨਾਲ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਸੰਵੇਦਨਸ਼ੀਲ ਇਲਾਕਿਆਂ ਵਿੱਚ ਇਹਤਿਆਤ ਵਜੋਂ ਕਰਫਿਊ ਲਾ ਦਿੱਤਾ ਗਿਆ। ਪੁਲੀਸ ਨੇ ਗੜਬੜ ਫੈਲਾਉਣ ਵਾਲਿਆਂ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਆਰੰਭੀ ਅਤੇ ਡੇਰਾ ਸੱਚਾ ਸੌਦਾ ਦੀ ਸੂਬਾ ਪੱਧਰੀ ਕਮੇਟੀ ਦੇ ਇਕ ਮੈਂਬਰ ਸਮੇਤ ਕਈ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੰਚਕੂਲਾ ਵਿੱਚ ਵਾਪਰੀ ਹਿੰਸਾ ਦੇ ਮੱਦੇਨਜ਼ਰ ਮਾਲਵਾ ਖੇਤਰ ਵਿੱਚ ਫੌਜ ਸੱਦਣ ਦਾ ਫੈਸਲਾ ਲਿਆ। ਫੌਜ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ। ਰਾਜ ਦੀ ਸਥਿਤੀ ਦਾ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਸੰਗਰੂਰ, ਬਰਨਾਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਵਿੱਚ ਸਰਕਾਰੀ ਅਤੇ ਨਿੱਜੀ ਜਾਇਦਾਦ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਲਈ ਲਿਆ ਗਿਆ ਹੈ। ਇਹਤਿਆਤ ਵਜੋਂ ਕਰਫਿਊ ਰਾਜ ਵਿੱਚ ਛੇ ਥਾਵਾਂ ’ਤੇ ਲਾਇਆ ਗਿਆ ਹੈ ਜਿਨ੍ਹਾਂ ਵਿੱਚ ਪਟਿਆਲਾ, ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ ਅਤੇ ਮਲੋਟ ਤਹਿਸੀਲ (ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ) ਸ਼ਾਮਲ ਹਨ। ਇਸ ਤੋਂ ਇਲਾਵਾ ਜਿਨ੍ਹਾਂ ਥਾਵਾਂ ’ਤੇ ਇਹਤਿਆਤ ਵਜੋਂ ਰਾਤ ਦਾ ਕਰਫਿਊ ਲਾਇਆ ਜਾ ਸਕਦਾ ਹੈ, ਉਨ੍ਹਾਂ ਵਿੱਚ ਮੋਗਾ, ਬਾਘਾਪੁਰਾਣਾ ਅਤੇ ਅਬੋਹਰ ਸ਼ਾਮਲ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜ ਵਿੱਚ ਪੁਲਿਸ ਦੀ ਗਸ਼ਤ ਨੂੰ ਹੋਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਜਿਨ੍ਹਾਂ ਥਾਵਾਂ ’ਤੇ ਗਸ਼ਤ ਨੂੰ ਤੇਜ਼ ਕੀਤਾ ਗਿਆ ਹੈ, ਉਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਰਾਜਮਾਰਗ ਅਤੇ ਮੁੱਖ ਮਾਰਗ ਸ਼ਾਮਲ ਹਨ। ਮੁੱਖ ਮੰਤਰੀ ਦੇ ਹੁਕਮਾਂ ’ਤੇ ਰਾਜ ਦੇ ਸੀਨੀਅਰ ਪੁਲਿਸ ਅਫਸਰ ਜਿਨ੍ਹਾਂ ਵਿੱਚ ਇਕ ਏ.ਡੀ.ਜੀ.ਪੀ. ਪੱਧਰ ਦਾ ਅਧਿਕਾਰੀ, 4 ਆਈ.ਜੀ. ਪੀ. ਪੱਧਰ ਦੇ, ਤਿੰਨ ਡੀ.ਆਈ.ਜੀ. ਅਤੇ ਕਮਾਂਡੈਂਟ ਪੱਧਰ ਦੇ ਅਧਿਕਾਰੀ ਅਗਾਮੀ 24 ਘੰਟਿਆ ਵਿੱਚ ਵਿਸ਼ੇਸ਼ ਤੌਰ ’ਤੇ ਰਾਤ ਨੂੰ ਵੱਖ-ਵੱਖ ਪਹਿਲੂਆ ਦੇ ਅਧਾਰ ’ਤੇ ਨਿਗਰਾਨੀ ਕਰਨ ਲਈ ਲਗਾਏ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਬਠਿੰਡਾ ਜ਼ਿਲ੍ਹੇ ਦੇ ਬੱਲੂਆਣਾ ਰੇਲਵੇ ਸਟੇਸ਼ਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਪੰਜ ਡੇਰਾ ਸਮਰਥਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਦੋ ਹਥਿਆਰ ਵੀ ਬਰਾਮਦ ਹੋਏ ਹਨ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਗੁਰਦੇਵ ਸਿੰਘ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਸੂਬਾ ਪੱਧਰੀ ਕਮੇਟੀ ਦਾ ਮੈਂਬਰ ਹੈ ਜਿਸ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਡੇਰਾ ਸਮਰਥਕਾਂ ਨੂੰ ਅਗਜ਼ਨੀ ਅਤੇ ਹਿੰਸਾ ਲਈ ਭੜਕਾ ਰਿਹਾ ਸੀ। ਪੁਲਿਸ ਦੀ ਤਿੱਖੀ ਕਾਰਵਾਈ ਅਤੇ ਦਬਾਅ ਕਾਰਨ ਬਹੁਤ ਸਾਰੇ ਡੇਰਾ ਆਗੂਆਂ ਅਤੇ ਸਮਰਥਕਾਂ ਵੱਲੋਂ ਅਗਲੇ 24 ਘੰਟਿਆਂ ਦੌਰਾਨ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੀ ਸੰਭਾਵਨਾ ਹੈ। ਬੁਲਾਰੇ ਅਨੁਸਾਰ ਸੂਬਾ ਸਰਕਾਰ ਇਕ ਲੱਖ ਤੋਂ ਵੱਧ ਡੇਰਾ ਸਮਰਥਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਸਰੱਖਿਅਤ ਅਤੇ ਬਿਨਾਂ ਅੜਚਣ ਲਾਂਘਾ ਮੁਹੱਈਆ ਕਰਾੳਣ ’ਚ ਲੱਗੀ ਹੋਈ ਹੈ। ਡੇਰੇ ਦੇ ਸਮਰਥਕ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਅੌਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਾਸਤੇ ਆਪਣੇ ਜ਼ਿਲ੍ਹਿਆਂ ਤੱਕ ਪਹੁੰਚਣ ਲਈ ਟਰਾਂਸਪੋਰਟ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਪੀ.ਆਰ.ਟੀ.ਸੀ. ਦੀਆਂ 200 ਤੋਂ ਵੱਧ ਬੱਸਾਂ ਦਾ ਪ੍ਰਬੰਧ ਕਰਨ ਲਈ ਹੁਕਮ ਜਾਰੀ ਕੀਤੇ ਹਨ ਤਾਂ ਜੋਂ ਡੇਰਾ ਸਮਰਥਕਾਂ ਨੂੰ ਆਪਣੇ ਜ਼ਿਲ੍ਹਿਆਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਵਿਰੁੱਧ ਅਦਾਲਤ ਦੇ ਫੈਸਲੇ ਦੇ ਸੰਦਰਭ ਵਿੱਚ ਪੰਜਾਬ ’ਚ ਵਾਪਰੀਆਂ ਘਟਨਾਵਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਕਿਹਾ ਕਿ ਸੂਬੇ ਵਿੱਚ ਤਕਰੀਬਨ 40 ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਾਰ ਛੋਟੀਆਂ-ਮੋਟੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ 28 ਘਟਨਾਵਾਂ ਅਗਜ਼ਨੀ ਦੀਆਂ ਹਨ ਜਦਕਿ ਬਾਕੀ ਘਟਨਾਵਾਂ ਸੂਬੇ/ਕੇਂਦਰ ਸਰਕਾਰ ਦੇ ਦਫਤਰਾਂ/ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਹਨ। ਇਹ ਘਟਨਾਵਾਂ ਮਾਲਵਾ ਖੇਤਰ ਦੇ ਸੱਤ ਜ਼ਿਲ੍ਹਿਆਂ ਵਿੱਚ ਵਾਪਰੀਆਂ ਹਨ। ਰੇਲਵੇ ਸਟੇਸ਼ਨ ਨੂੰ ਵੀ ਨੁਕਸਾਨ ਪਹੁੰਚਾਉਣ ਦੀਆਂ ਚਾਰ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚੋਂ ਦੋ ਬਠਿੰਡਾ ਅਤੇ ਇਕ-ਇਕ ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਵਾਪਰੀਆਂ ਹਨ। ਇਸੇ ਤਰ੍ਹਾਂ ਬਿਜਲੀ ਗਰਿੱਡ ਸਟੇਸ਼ਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਛੇ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚੋਂ ਮਾਨਸਾ, ਸੰਗਰੂਰ ਅਤੇ ਬਠਿੰਡਾ ਵਿੱਚ ਇਕ-ਇਕ ਅਤੇ ਫਰੀਦਕੋਟ ਵਿੱਚ ਤਿੰਨ ਘਟਨਾਵਾਂ ਸ਼ਾਮਲ ਹਨ। ਸੇਵਾ ਕੇਂਦਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਪਰੀਆਂ ਕੁੱਲ 9 ਘਟਨਾਵਾਂ ਵਿੱਚੋਂ ਬਠਿੰਡਾ ਵਿੱਚ ਚਾਰ, ਮਾਨਸਾ ਵਿੱਚ ਦੋ, ਬਰਨਾਲੇ ਵਿੱਚ ਦੋ ਅਤੇ ਫਰੀਦਕੋਟ ਵਿੱਚ ਇਕ ਘਟਨਾ ਵਾਪਰੀ ਹੈ। ਟੈਲੀਫੋਨ ਐਕਸਚੇਂਜ ਨੂੰ ਨੁਕਸਾਨ ਪਹੁੰਚਾਉਣ ਦੀਆਂ ਚਾਰ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚੋਂ ਬਠਿੰਡਾ, ਮੁਕਤਸਰ, ਸੰਗਰੂਰ ਅਤੇ ਬਰਨਾਲਾ ਵਿੱਚ ਇਕ-ਇਕ ਘਟਨਾ ਵਾਪਰੀ ਹੈ।
ਇਸੇ ਤਰ੍ਹਾਂ ਹੀ ਚਾਰ ਥਾਵਾਂ ’ਤੇ ਪੈਟਰੋਲ ਪੰਪਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿਨ੍ਹਾਂ ਵਿੱਚ ਮਾਨਸਾ ਦੇ ਦੋ ਅਤੇ ਮੁਕਤਸਰ ਅਤੇ ਫਰੀਦਕੋਟ ਦਾ ਇਕ-ਇਕ ਪੈਟਰੋਲ ਪੰਪ ਸ਼ਾਮਲ ਹਨ। ਤਹਿਸੀਲ ਦਫ਼ਤਰ ਸੰਗਰੂਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਮਾਨਸਾ ਜ਼ਿਲ੍ਹੇ ਵਿੱਚ ਸਥਿਤ ਆਮਦਨ ਕਰ ਦਫ਼ਤਰ ਦੀਆਂ ਖਿੜਕੀਆਂ ਤੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਅਤੇ ਘਨੌਰੀ ਵਿਖੇ ਦੋ ਥਾਈਂ ਸੜਕੀ ਆਵਾਜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਮਾਣਕਪੁਰ ਅਤੇ ਬਨੂੜ ਦੇ ਸਰਕਾਰੀ ਸਕੂਲਾਂ ਦੇ ਫਰਨੀਚਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਡੇਰਾ ਸਮਰਥਕਾਂ ਨੇ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਇਲਾਕੇ ਵਿੱਚ ਪੁਲਿਸ ਦੀ ਇਕ ਗੱਡੀ ’ਤੇ ਹਮਲਾ ਕੀਤਾ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Load More Related Articles
Load More By Nabaz-e-Punjab
Load More In Important Stories

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …