Nabaz-e-punjab.com

ਦਸਵੀਂ ਸ਼੍ਰੇਣੀ: ਵੀਆਈਪੀ ਸ਼ਹਿਰ ਮੁਹਾਲੀ ਦੇ ਸਕੂਲ ਪੰਜਾਬ ਦੀ ਮੈਰਿਟ ’ਚੋਂ ਆਊਟ, ਪਿੰਡਾਂ ਦੀਆਂ ਕੁੜੀਆਂ ਨੇ ਰੱਖੀ ਲਾਜ

ਆਈਏਐਸ ਜਾਂ ਆਈਪੀਐਸ ਬਣਨਾ ਚਾਹੁੰਦੀ ਹੈ ਬਾਕਰਪੁਰ ਦੀ ਅਮਨਦੀਪ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਸ਼੍ਰੇਣੀ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਵੀਆਈਪੀ ਸ਼ਹਿਰ ਮੁਹਾਲੀ ਪੰਜਾਬ ਪੱਧਰ ਦੀ ਮੈਰਿਟ ’ਚੋਂ ਬਿਲਕੁਲ ਆਊਟ ਹੋ ਗਿਆ ਹੈ। ਸ਼ਹਿਰ ਦਾ ਇਕ ਵੀ ਵਿਦਿਆਰਥੀ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ ਹੈ, ਜਿਸ ਕਾਰਨ ਸਰਕਾਰੀ ਅਤੇ ਸਿੱਖਿਆ ਬੋਰਡ ਨਾਲ ਸਬੰਧਤ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪੇ ਕਾਫੀ ਚਿੰਤਤ ਹਨ ਪ੍ਰੰਤੂ ਪਿੰਡਾਂ ਦੇ ਸਕੂਲਾਂ ਦੀਆਂ ਕੁੜੀਆਂ ਨੇ ਮੁਹਾਲੀ ਨੂੰ ਸ਼ਰਮਸਾਰ ਹੋਣ ਤੋਂ ਬਚਾ ਲਿਆ ਹੈ। ਪਿਛਲੇ ਸਾਲ ਵੀ ਸ਼ਹਿਰ ਦਾ ਕੋਈ ਵੀ ਸਕੂਲ ਮੈਰਿਟ ਨਹੀਂ ਆਇਆ ਸੀ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਮੁਹਾਲੀ ਦੇ ਸਕੂਲਾਂ ਵਿੱਚ ਜ਼ਿਆਦਾਤਰ ਸਿਫ਼ਾਰਸ਼ੀ ਅਧਿਆਪਕ ਤਾਇਨਾਤ ਹਨ। ਕਈ ਸਰਕਾਰੀ ਸਕੂਲ ਤਾਂ ਅਜਿਹੇ ਹਨ। ਜਿਨ੍ਹਾਂ ਵਿੱਚ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਬੈਠੇ ਹਨ। ਅਧਿਆਪਕਾਂ ਦੀ ਉੱਚੀ ਪਹੁੰਚ ਹੋਣ ਕਾਰਨ ਉਨ੍ਹਾਂ ਵਿਰੁੱਧ ਮਾੜੇ ਨਤੀਜੇ ਸਬੰਧੀ ਕਿਸੇ ਕਿਸਮ ਦੀ ਵਿਭਾਗੀ ਕਾਰਵਾਈ ਵੀ ਨਹੀਂ ਹੁੰਦੀ ਹੈ। ਜ਼ਿਆਦਾਤਰ ਅਧਿਆਪਕਾਂ ਦੀ ਮੁਹਾਲੀ ਸਟੇਸ਼ਨ ਪਹਿਲੀ ਪਸੰਦ ਹੈ। ਕਈ ਸਕੂਲਾਂ ਵਿੱਚ ਤਾਇਨਾਤ ਅਧਿਆਪਕ ਪੁਲੀਸ ਜਾਂ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਪਤਨੀਆਂ ਜਾਂ ਪਤੀ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਕਰਪੁਰ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਗਿਆਨ ਸਿੰਘ ਨੇ ਦਸਵੀਂ ਸ਼ੇ੍ਰਣੀ ਦੀ ਮੈਰਿਟ ਵਿੱਚ 650 ਅੰਕਾਂ ’ਚੋਂ 634 ਅੰਕ ਲੈ ਕੇ 97.54 ਫੀਸਦੀ ਨਾਲ ਮੁਹਾਲੀ ਤਹਿਸੀਲ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਸਮੁੱਚੇ ਜ਼ਿਲ੍ਹੇ ਵਿੱਚ ਅਮਨਦੀਪ ਦਾ ਛੇਵਾਂ ਸਥਾਨ ਹੈ। ਉਸ ਦੇ ਪਿਤਾ ਗਿਆਨ ਸਿੰਘ ਪ੍ਰਾਈਵੇਟ ਨੌਕਰੀ ਕਰਦੇ ਹਨ। ਜਿਨ੍ਹਾਂ ਨੂੰ ਆਪਣੀ ਬੇਟੀ ਦੀ ਇਸ ਉਪਲਬਧੀ ’ਤੇ ਬਹੁਤ ਮਾਣ ਹੈ। ਅਮਨਦੀਪ ਕੌਰ ਨੇ ਕਿਹਾ ਕਿ ਭਵਿੱਖ ਵਿੱਚ ਉਹ ਆਈਏਐਸ ਜਾਂ ਆਈਪੀਐਸ ਅਫ਼ਸਰ ਬਣ ਕੇ ਆਮ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਹ ਵੱਡੀ ਅਫ਼ਸਰ ਲੱਗ ਕੇ ਅੌਰਤਾਂ ਅਤੇ ਲੜਕੀਆਂ ’ਤੇ ਅੱਤਿਆਚਾਰ ਵਿਰੁੱਧ ਪੀੜਤਾਂ ਨੂੰ ਸਮੇਂ ਸਿਰ ਇਨਸਾਫ਼ ਦਿਵਾਉਣ ਲਈ ਹਮੇਸ਼ਾ ਤਤਪਰ ਰਹੇਗੀ ਅਤੇ ਅੌਰਤਾਂ ’ਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਕੰਮ ਕਰੇਗੀ।
ਇਸੇ ਤਰ੍ਹਾਂ ਖਾਲਸਾ ਪਬਲਿਕ ਸਕੂਲ ਪਿੰਡ ਤੰਗੋਰੀ ਦੀ ਸਿਮਰਪ੍ਰੀਤ ਕੌਰ ਪੁੱਤਰੀ ਲਾਭ ਸਿੰਘ ਨੇ 650 ’ਚੋਂ 633 ਅੰਕ ਹਾਸਲ ਕੀਤੇ ਗਏ ਹਨ। ਉਸ ਦੀ ਪਾਸ ਪ੍ਰਤੀਸਤਤਾ 97.38 ਫੀਸਦੀ ਬਣਦੀ ਹੈ। ਮੁਹਾਲੀ ਤਹਿਸੀਲ ’ਚ ਸਿਮਰਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਜ਼ਿਲ੍ਹੇ ਉਹ ਸੱਤਵੇਂ ਨੰਬਰ ’ਤੇ ਆਈ ਹੈ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਤਮੰਨਾ ਪੁੱਤਰੀ ਸੁਦੇਸ਼ ਕੁਮਾਰ ਨੇ 639 ਅੰਕ ਲੈ ਕੇ 98.31 ਫੀਸਦੀ ਨਾਲ ਮੁਹਾਲੀ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਸਕੂਲ ਦੀ ਹਰਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ 636 ਅੰਕ ਲੈ ਕੇ 97.85 ਫੀਸਦੀ ਨਾਲ ਜ਼ਿਲ੍ਹਾ ਪੱਧਰ ਦੀ ਮੈਰਿਟ ’ਚ ਦੂਜਾ ਸਥਾਨ ਹਾਸਲ ਕੀਤਾ ਹੈ। ਬਿਕਰਮ ਪਬਲਿਕ ਸਕੂਲ ਖਰੜ ਦੇ ਸਿਮਰਨ ਪੁੱਤਰ ਸੁਭਾਸ਼ ਕੁਮਾਰ ਨੇ 636 ਅੰਕ ਲੈ ਕੇ 97.85 ਫੀਸਦੀ ਨਾਲ ਜ਼ਿਲ੍ਹੇ ’ਚੋਂ ਤੀਜਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਕਰਨ ਪੁੱਤਰ ਭੁਪਿੰਦਰ ਕੁਮਾਰ ਨੇ 636 ਅੰਕ ਲੈ ਕੇ 97.85 ਫੀਸਦੀ ਨਾਲ ਜ਼ਿਲ੍ਹੇ ’ਚੋਂ ਚੌਥਾ ਅਤੇ ਬਾਬਾ ਜ਼ੋਰਾਵਰ ਸਿੰਘ, ਫਤਹਿ ਸਿੰਘ ਪਬਲਿਕ ਸਕੂਲ ਖਿਜਰਾਬਾਦ ਦੇ ਕਰਮਜੀਤ ਸਿੰਘ ਪੁੱਤਰ ਮੇਵਾ ਰਾਮ ਨੇ 634 ਅੰਕਾਂ ਲੈ ਕੇ 97.54 ਫੀਸਦੀ ਨਾਲ ਪੰਜਵਾਂ ਸਥਾਨ ਹਾਸਲ ਕੀਤਾ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…