ਮੁਹਾਲੀ ਵਿੱਚ ਚੋਰਾਂ ਦਾ ਵੀਆਈਪੀ ਕਲਚਰ, ਵੱਡੀਆਂ ਗੱਡੀਆਂ ’ਚ ਆਉਂਦੇ ਨੇ ਚੋਰੀਆਂ ਕਰਨ
ਪਿੰਡ ਕੁੰਭੜਾ ਬਣਿਆ ਕਰਾਈਮ ਦਾ ਅੱਡਾ, ਚੋਰੀਆਂ ਦੀਆਂ ਵਾਰਦਾਤਾਂ ਵਿੱਚ ਆਏ ਦਿਨ ਹੋ ਰਹੇ ਨੇ ਵਾਧੇ
ਇੱਕ ਹੋਰ ਬੈਟਰੀ ਚੋਰੀ ਦੀ ਘਟਨਾ ਵਿੱਚ ਚੋਰ ਦੀ ਸ਼ਨਾਖ਼ਤ ਹੋਈ, ਪਰ ਨਹੀਂ ਹੋਈ ਕੋਈ ਕਾਰਵਾਈ
ਨਬਜ਼-ਏ-ਪੰਜਾਬ, ਮੁਹਾਲੀ, 20 ਜਨਵਰੀ:
ਮੋਹਾਲੀ ਜਿਲੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਚੋਰ ਬੇਖੌਫ ਹੋ ਕੇ ਵੱਡੀਆਂ ਗੱਡੀਆਂ ਚ ਆਕੇ ਮੋਟਰਸਾਈਕਲ, ਕਾਰਾਂ ਜਾਂ ਰੇੜੀਆਂ ਦੀ ਚੋਰੀ ਕਰ ਰਹੇ ਹਨ। ਜਿਸ ਦੀ ਇੱਕ ਤਾਜ਼ਾ ਉਦਾਹਰਣ ਚੋਰਾਂ ਨੇ ਉੱਘੇ ਸਮਾਜਸੇਵੀ ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਐਸਸੀ ਬੀਸੀ ਮੋਰਚਾ ਪੰਜਾਬ ਅਤੇ ਅੱਤਿਆਚਾਰ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੀ ਆਲਟੋ ਗੱਡੀ ਦੇ ਟਾਇਰ ਖੋਲ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਲੋਕਾਂ ਦੀ ਆਵਾਜਾਈ ਕਰਕੇ ਖੋਲੇ ਟਾਇਰ ਛੱਡ ਕੇ ਵਿਚਕਾਰੋਂ ਹੀ ਭੱਜ ਗਏ।
ਜਿਸ ਦੀ ਸੀਸੀਟੀਵੀ ਫੁਟੇਜ ਬਲਵਿੰਦਰ ਕੁੰਭੜਾ ਨੇ ਮੀਡੀਆ ਦਿਖਾਉਂਦੇ ਹੋਏ ਕਿਹਾ ਕਿ ਪਹਿਲਾਂ ਵੀ ਕਈ ਮਹੀਨੇ ਤੋਂ ਕਈ ਪੀੜਤ ਪਰਿਵਾਰ ਥਾਣਾ ਫੇਸ 8 ਵਿੱਚ ਲਿਖਤੀ ਦਰਖਾਸਤ ਦੇ ਚੁੱਕੇ ਹਨ। ਪਰ ਪੁਲਿਸ ਵੱਲੋਂ ਚੋਰਾਂ ਦੀ ਕੋਈ ਰੋਕਥਾਮ ਨਹੀਂ ਕੀਤੀ ਗਈ। ਪਿੰਡ ਕੁੰਭੜਾ ਵਿੱਚ ਚੋਰਾਂ ਨੇ ਆਤੰਕ ਮਚਾ ਰੱਖਿਆ ਹੈ। ਪਰ ਅੱਜ ਤੱਕ ਨਾ ਤਾਂ ਕੋਈ ਚੋਰ ਫੜਿਆ ਗਿਆ ਹੈ ਤੇ ਨਾ ਹੀ ਚੋਰੀ ਹੋਈਆਂ ਗੱਡੀਆਂ ਜਾਂ ਹੋਰ ਵਹੀਕਲ ਬਰਾਮਦ ਹੋਏ ਹਨ। ਜਦ ਕਿ ਪੀਸੀਆਰ ਦੇ ਮੁਲਾਜ਼ਮਾਂ ਦੀ ਹਰ ਸੈਕਟਰ, ਹਰ ਚੁਰਾਹੇ ਤੇ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਚਾਹੇ ਤਾਂ ਕੈਮਰਿਆਂ ਦੀਆਂ ਫੁਟੇਜ ਚੈੱਕ ਕਰਕੇ ਚੋਰ ਫੜੇ ਜਾ ਸਕਦੇ ਹਨ ਪਰ ਪੁਲੀਸ ਅੱਖਾਂ ਬੰਦ ਕਰਕੇ ਆਰਾਮ ਫਰਮਾ ਰਹੀ ਹੈ। ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਜਦਕਿ ਕੁੰਭੜਾ ਪਿੰਡ ਕਰਾਈਮ ਦਾ ਅੱਡਾ ਬਣ ਚੁੱਕਿਆ ਹੈ। ਕੁੰਭੜਾ ਨੇ ਮੌਕੇ ਤੇ ਪੀੜਿਤ ਲੋਕਾਂ ਵੱਲੋਂ ਦਿੱਤੀਆਂ ਦਰਖਾਸਤਾਂ ਵੀ ਪ੍ਰੈਸ ਨੂੰ ਦਿਖਾਈਆਂ।
ਇਸ ਸਮੇਂ ਇੱਕ ਹੋਰ ਪੀੜਤ ਸੁਰਿੰਦਰ ਸਿੰਘ ਵਾਸੀ ਕੁੰਭੜਾ ਨੇ ਕਿਹਾ ਕਿ 17 ਜੁਲਾਈ 2024 ਨੂੰ ਉਸ ਦੀ ਮਾਰੂਤੀ ਕਾਰ ’ਚੋਂ ਇੱਕ ਬੈਟਰੀ ਚੋਰੀ ਹੋ ਗਈ ਸੀ। ਜਿਸ ਬਾਰੇ ਸੀਸੀਟੀਵੀ ਦੀ ਫੁਟੇਜ਼ ਤੋਂ ਚੋਰ ਦੀ ਸ਼ਨਾਖ਼ਤ ਕਰਕੇ ਪੁਲੀਸ ਨੂੰ ਦੱਸਿਆ ਪਰ ਕੋਈ ਕਾਰਵਾਈ ਨਹੀਂ ਹੋਈ। ਦੂਜੇ ਦਿਨ ਉਸਦੀ ਮੇਰੀ ਹੋਂਡਾ ਸਿਟੀ ਕਾਰ ਚੋਰੀ ਹੋ ਗਈ। ਉਸ ਨੇ ਦੋਵੇਂ ਚੋਰੀਆਂ ਬਾਰੇ ਪੁਲੀਸ ਨੂੰ ਲਿਖਤੀ ਦਰਖ਼ਾਸਤਾਂ ਦਿੱਤੀਆਂ ਸਨ ਪਰ 6 ਮਹੀਨੇ ਬੀਤ ਜਾਣ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।