Naaz-e-punjab.com

ਦੋ ਬੱਚਿਆਂ ਦੇ ਅਗਵਾ ਬਾਰੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦਾ ਸੱਚ ਆਇਆ ਸਾਹਮਣੇ

ਆਪਣੇ ਬੱਚਿਆਂ ਨਾਲ ਮੀਡੀਆ ਦੇ ਸਾਹਮਣੇ ਆਇਆ ਪਿਤਾ, ਕਿਹਾ ‘ਬੱਚਿਆਂ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ

ਦੂਜੇ ਪਤੀ ਮਨੀਸ਼ ਕੁਮਾਰ ਲਾਲੜੂ ਨੇ ਵੀ ਬੱਚਿਆਂ ਦੀ ਮਾਂ ’ਤੇ ਲਾਇਆ ਬਲੈਕਮੇਲ ਕਰਨ ਦਾ ਦੋਸ਼, ਪੁਲੀਸ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਟਰਾਈਸਿਟੀ ਵਿੱਚ ਦੋ ਬੱਚਿਆਂ ਨੂੰ ਕਾਰ ਸਵਾਰਾਂ ਵੱਲੋਂ ਕਥਿਤ ਤੌਰ ’ਤੇ ਅਗਵਾ ਕੀਤੇ ਜਾਣ ਸਬੰਧੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਦੀ ਅੱਜ ਉਸ ਸਮੇਂ ਸਚਾਈ ਸਾਹਮਣੇ ਆ ਗਈ ਜਦੋਂ ਪਿੰਡ ਗੀਗੇਮਾਜਰਾ ਦਾ ਵਸਨੀਕ ਗੁਰਪ੍ਰੀਤ ਸਿੰਘ ਆਪਣੇ ਦੋਵੇਂ ਬੱਚੇ ਲੈ ਕੇ ਪ੍ਰੈੱਸ ਕਲੱਬ ਪਹੁੰਚ ਗਿਆ। ਉਨ੍ਹਾਂ ਬੱਚਿਆਂ ਨੂੰ ਅਗਵਾ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਉਸ ਤੋਂ ਅਲੱਗ ਰਹਿ ਰਹੀ ਆਪਣੀ ਪਤਨੀ ਰਮਨਦੀਪ ਕੌਰ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਬੱਚਿਆਂ ਨੇ ਵੀ ਆਪਣੀ ਮਾਂ ’ਤੇ ਉਨ੍ਹਾਂ ਉੱਤੇ ਕੀਤੇ ਜਾਂਦੇ ਅੱਤਿਆਚਾਰਾਂ ਬਾਰੇ ਦੱਸਿਆ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੇ ਅਗਵਾ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ, ਉਹ ਉਸਦੇ ਆਪਣੇ ਬੱਚੇ ਹਨ, ਜਿਨ੍ਹਾਂ ਨੂੰ ਉਹ ਆਪਣੇ ਨਾਲ ਘਰ ਲੈ ਕੇ ਗਿਆ ਸੀ। ਉਸ ਦੀ ਪਤਨੀ ਨੇ ਜਾਣਬੁੱਝ ਕੇ ਇਸ ਗੱਲ ਨੂੰ ਰਗਲਤ ਰੰਗਤ ਦਿੰਦਿਆਂ ਬੱਚਿਆਂ ਨੂੰ ਅਗਵਾ ਕਰਨ ਦੀ ਅਫ਼ਵਾਹ ਫੈਲਾ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਨੇ ਲਾਲੜੂ ਵਿੱਚ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾ ਚੁੱਕੀ ਸੀ।
ਉਧਰ, ਪ੍ਰੈਸ ਕਾਨਫ਼ਰੰਸ ਵਿੱਚ ਮੌਜੂਦ ਉਕਤ ਅੌਰਤ ਦੇ ਦੂਜੇ ਪਤੀ ਮਨੀਸ਼ ਕੁਮਾਰ ਵਾਸੀ ਲਾਲੜੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਬੱਚਿਆਂ ਦੀ ਮਾਂ ਨੇ ਉਸ ਨਾਲ ਇਹ ਕਹਿ ਕੇ ਵਿਆਹ ਕੀਤਾ ਸੀ ਕਿ ਇਹ ਦੋਵੇਂ ਬੱਚੇ ਉਸ ਦੀ ਭੈਣ ਦੇ ਸਨ। ਜਿਸ ਦਾ ਗੁਰਪ੍ਰੀਤ ਸਿੰਘ ਨਾਂ ਦੇ ਕਿਸੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਅਤੇ ਹੁਣ ਬੱਚੇ ਉਹ ਰੱਖ ਰਹੀ ਹੈ। ਮੁਨੀਸ਼ ਨੇ ਦੱਸਿਆ ਕਿ ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਸ ਅੌਰਤ ਨੇ ਉਸ ਦੇ ਨਾਲ ਵਿਆਹ ਕੀਤਾ ਹੈ, ਉਹ ਤਾਂ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸੀ। ਇਹ ਬੱਚੇ ਵੀ ਉਸ ਦੇ ਹੀ ਹਨ। ਹੁਣ ਉਸ ਦੀ ਪਤਨੀ ਬਣ ਚੁੱਕੀ ਇਹ ਅੌਰਤ ਉਸ ਨੂੰ ਝੂਠੇ ਕੇਸ ਵਿੱਚ ਫਸਾ ਦੇਣ ਦੀ ਧਮਕੀ ਦੇ ਕੇ ਬਲੈਕਮੇਲਿੰਗ ਕਰ ਰਹੀ ਹੈ ਅਤੇ ਉਸ ਤੋਂ 25 ਲੱਖ ਰੁਪਏ ਮੰਗ ਕੀਤੀ ਜਾ ਰਹੀ ਹੈ। ਮਨੀਸ਼ ਕੁਮਾਰ ਨੇ ਦੱਸਿਆ ਕਿ ਇਸ ਬਲੈਕਮੇਲਿੰਗ ਸਬੰਧੀ ਐਸਐਸਪੀ ਨੂੰ ਉਕਤ ਅੌਰਤ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਦੇ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਪ੍ਰੰਤੂ ਉਸ ਦੀ ਪਤਨੀ ਉਸ ਦੇ ਬੇਟੇ ਅਤੇ ਬੇਟੀ ਨੂੰ ਆਪਣੇ ਨਾਲ ਲੈ ਗਈ ਸੀ, ਜੋ ਬੱਚਿਆਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਸੀ। ਬੱਚਿਆਂ ਨੂੰ ਰਾਤ ਨੂੰ ਜ਼ਬਰਦਸਤੀ ਛੇਤੀ ਸੌਣ ਲਈ ਸ਼ਰਾਬ ਪਿਲਾਈ ਜਾਂਦੀ ਸੀ ਅਤੇ ਰੋਟੀ ਤੋਂ ਭੁੱਖਾ ਰੱਖਿਆ ਜਾਂਦਾ ਸੀ। ਰੋਟੀ ਮੰਗਣ ’ਤੇ ਉਨ੍ਹਾਂ ਨੂੰ ਵਾਸ਼ਿੰਗ ਮਸ਼ੀਨ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਅਜਿਹੇ ਹਾਲਾਤਾਂ ਵਿੱਚ ਮਾਂ ਤੋਂ ਤੰਗ ਆਏ ਬੱਚੇ ਉਸ ਦੇ ਚੁੰਗਲ ਤੋਂ ਬਾਹਰ ਨਿਕਲਣਾ ਚਾਹੁੰਦੇ ਸਨ।
(ਬੱਚਿਆਂ ਦੀ ਮਾਂ ਰਮਨਦੀਪ ਕੌਰ ਦਾ ਪੱਖ)
ਉਧਰ, ਰਮਨਦੀਪ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਦੋਵੇਂ ਬੱਚਿਆਂ ਨੂੰ ਅਗਵਾ ਕਰ ਕੇ ਲੈ ਗਿਆ ਹੈ। ਉਸ ਦਾ ਆਪਣੇ ਪਤੀ ਨਾਲ ਪਿਛਲੇ ਚਾਰ ਸਾਲ ਤੋਂ ਅਦਾਲਤ ਵਿੱਚ ਤਿੰਨ ਕੇਸ ਚਲ ਰਹੇ ਹਨ ਅਤੇ ਪੁਲੀਸ ਵੀ ਜਾਂਚ ਕਰ ਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਨੇ ਕਦੇ ਵੀ ਆਪਣੇ ਬੱਚਿਆਂ ਨੂੰ ਨਾ ਕਦੇ ਭੁੱਖਾ ਰੱਖਿਆ ਅਤੇ ਨਾ ਹੀ ’ਤੇ ਉਨ੍ਹਾਂ ਉੱਤੇ ਅਤਿਆਚਾਰ ਕੀਤਾ ਹੈ। ਗੁਰਪ੍ਰੀਤ ਝੂਠ ਬੋਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਬੱਚੇ ਉਸ ਦੇ ਸਪੁਰਦ ਕੀਤੇ ਜਾਣ, ਉਹ ਆਪਣੇ ਬੱਚਿਆਂ ਤੋਂ ਬਿਨਾਂ ਇਕ ਪਲ ਵੀ ਨਹੀਂ ਰਹਿ ਸਕਦੀ ਹੈ। ਜਦੋਂ ਰਮਨਦੀਪ ਨੂੰ ਲਾਲੜੂ ਦੇ ਮਨੀਸ਼ ਕੁਮਾਰ ਨਾਲ ਦੂਜਾ ਵਿਆਹ ਕਰਵਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਨੇ ਕਦੇ ਵੀ ਮਨੀਸ਼ ਨਾਲ ਵਿਆਹ ਨਹੀਂ ਕੀਤਾ ਹੈ। ਇਹ ਵੀ ਗੁਰਪ੍ਰੀਤ ਸਿੰਘ ਦਾ ਹੀ ਬੰਦਾ ਹੈ। ਜੋ ਹੁਣ ਆਪਸ ਵਿੱਚ ਮਿਲ ਕੇ ਉਸ ’ਤੇ ਝੂਠੇ ਦੋਸ਼ ਲਗਾ ਰਹੇ ਹਨ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…