ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸੋਹਾਣਾ ਤੋਂ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ 10 ਵਜੇ ਅਰਦਾਸ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਸ਼ੁਰੂ ਹੋਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਫੁੱਲਾਂ ਨਾਲ ਬਹੁਤ ਵਧੀਆ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸਨ। ਫੌਜੀ ਬੈਂਡ ਅਤੇ ਹੋਰ ਕਈ ਕਿਸਮ ਦੇ ਬੈਂਡ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਨ ਵਾਲੀਆਂ ਧੁਨਾਂ ਵਜਾ ਰਹੇ ਸਨ ਅਤੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ।
ਇਲਾਕਾ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਥਾਂ-ਥਾਂ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਦੌਰਾਨ ਰਾਗੀ, ਢਾਡੀ, ਕੀਰਤਨੀ ਜਥਿਆਂ ਨੇ ਸਿੱਖ ਇਤਿਹਾਸ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਨਾਲ ਸਬੰਧਤ ਵਾਰਾਂ ਗਾ ਕੇ ਸੰਗਤ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਰਸਤੇ ਵਿੱਚ ਸੰਗਤ ਵੱਲੋਂ ਬ੍ਰੈੱਡ ਪਕੌੜਿਆਂ, ਬਿਸਕੁਟ, ਦੁੱਧ, ਕੜਾਹ ਪ੍ਰਸ਼ਾਦ ਦਾ ਅਤੁੱਟ ਲੰਗਰ ਵਰਤਾਇਆ ਗਿਆ। ਨਗਰ ਕੀਰਤਨ ਵਿੱਚ ਸੰਗਤਾਂ ਨੇ ਸਕੂਟਰਾਂ, ਮੋਟਰ ਸਾਈਕਲਾਂ, ਕਾਰਾਂ, ਜੀਪਾਂ, ਟਰੈਕਟਰਾਂ, ਬੱਸਾਂ ਰਾਹੀਂ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਮਲੀਨ ਬ੍ਰਹਮ-ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਹਰ ਸਾਲ ਸ਼ਹੀਦਾਂ ਨੂੰ ਸਿੱਜਦਾ ਕਰਨ ਲਈ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 31 ਦਸੰਬਰ ਨੂੰ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜੀ। ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ, ਕਵੀਸ਼ਰੀ, ਸਿੱਖ ਵਿਦਵਾਨ ਸੰਗਤ ਨੂੰ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …