Nabaz-e-punjab.com

ਮੁਹਾਲੀ ਤੋਂ ਐਤਵਾਰ ਨੂੰ ਸਵੇਰੇ 8 ਵਜੇ ਅਗਲੇ ਪੜਾਅ ਲਈ ਜਵਾਨਾ ਹੋਵੇਗਾ ਵਿਸ਼ਾਲ ਨਗਰ ਕੀਰਤਨ

ਐਸਜੀਪੀਸੀ ਨੇ ਐਡਵਾਂਸ ਪਾਲਕੀ ਸਾਹਿਬ ਭੇਜੀ, ਸੇਵਾਦਾਰਾਂ ਵੱਲੋਂ ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਸਜਾਉਣ ਦਾ ਕੰਮ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਹੋਇਆ ਅੰਤਰਰਾਸ਼ਟਰੀ ਵਿਸ਼ਾਲ ਨਗਰ ਕੀਰਤਨ ਸ਼ਨੀਵਾਰ ਨੂੰ ਦੇਰ ਰਾਤ ਜਾਂ ਤੜਕੇ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਇੱਥੇ ਇਹ ਦੱਸਣਯੋਗ ਇਹ ਨਗਰ ਕੀਰਤਨ ਬੀਤੀ 7 ਅਗਸਤ ਨੂੰ ਮੁਹਾਲੀ ਪਹੁੰਚਣਾ ਸੀ ਲੇਕਿਨ ਪੰਜਾਬ ਭਰ ਵਿੱਚ ਸਿੱਖ ਸੰਗਤ ਦੇ ਭਾਰੀ ਉਤਸ਼ਾਹ ਅਤੇ ਥਾਂ ਥਾਂ ਭਰਵਾਂ ਸਵਾਗਤ ਕੀਤੇ ਜਾਣ ਕਰਕੇ ਨਗਰ ਕੀਰਤਨ ਮੁਹਾਲੀ ਵਿੱਚ ਤੈਅ ਪ੍ਰੋਗਰਾਮ ਅਨੁਸਾਰ ਇੱਥੇ ਨਹੀਂ ਪਹੁੰਚ ਸਕਿਆ। ਅੱਜ ਸਵੇਰ ਤੋਂ ਹੀ ਨਗਰ ਕੀਰਤਨ ਦੀ ਉਡੀਕੀ ਹੋ ਰਹੀ ਹੈ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਸੰਗਤ ਰਾਹ ਵਿੱਚ ਅੱਖੀਆਂ ਵਿਛਾ ਕੇ ਬੈਠੀ ਹੋਈ ਹੈ।
ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ਼ਾਮ ਐਡਵਾਂਸ ਵਿੱਚ ਇਕ ਪਾਲਕੀ ਸਾਹਿਬ ਵਾਲੇ ਵਾਹਨ ਨੂੰ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਭੇਜਿਆ ਗਿਆ ਹੈ। ਇਸ ਵਾਹਨ ਨੂੰ ਸੇਵਾਦਾਰਾਂ ਵੱਲੋਂ ਤਾਜ਼ੇ ਫੁੱਲਾਂ ਨਾਲ ਸਜਾਉਣ ਤੋਂ ਪਹਿਲਾਂ ਸਾਫ਼ ਸਫ਼ਾਈ ਕੀਤੀ ਗਈ। ਐਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਪਾਲਕੀ ਸਾਹਿਬ ਰਾਹੀਂ ਨਗਰ ਕੀਰਤਨ ਨੂੰ ਸਵੇਰੇ 8 ਵਜੇ ਅਗਲੇ ਪੜਾਅ ਲਈ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਨਾਲ ਇਸ ਸਮੇਂ ਚਲ ਰਹੀ ਪਾਲਕੀ ਸਾਹਿਬ ਵਾਲੇ ਵਾਹਨ ’ਤੇ ਲਗਾਏ ਫੁੱਲ ਤੇਜ਼ ਧੁੱਪ ਕਾਰਨ ਮੁਰਝਾ ਜਾਂਦੇ ਹਨ ਅਤੇ ਪਾਲਕੀ ਸਾਹਿਬ ਵਾਹਨ ਦੀ ਤਿਆਰੀ ਕਰਨ ਲਈ ਘੱਟੋ ਘੱਟ 56 ਘੰਟੇ ਲੱਗ ਜਾਂਦੇ ਹਨ। ਜਿਸ ਕਾਰਨ ਐਸਜੀਪੀਸੀ ਵੱਲੋਂ ਐਡਵਾਂਸ ਪਾਲਕੀ ਸਾਹਿਬ ਵਾਲਾ ਵਾਹਨ ਭੇਜਿਆ ਗਿਆ ਹੈ।
ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਅੱਜ ਦੇਰ ਰਾਤ ਨਗਰ ਕੀਰਤਨ ਦਾ ਗੁਰਦੁਆਰਾ ਅੰਬ ਸਾਹਿਬ ਪਹੁੰਚਣ ’ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ (ਜਿੱਥੋਂ ਨਗਰ ਕੀਰਤਨ ਨੇ ਲੰਘਣਾ ਹੈ) ਸੜਕਾਂ ਕਿਨਾਰੇ ਕੇਸਰੀ ਰੰਗ ਦੀਆਂ ਝੰਡੀਆਂ ਲਗਾ ਕੇ ਸਜਾਇਆ ਗਿਆ ਹੈ। ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦੀ ਸੁਵਿਧਾ ਲਈ ਵੱਖ ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਇਲਾਕੇ ਦੀ ਸੰਗਤ ਵੱਲੋਂ ਥਾਂ ਥਾਂ ’ਤੇ ਸਵਾਗਤੀ ਗੇਟ ਅਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸੰਗਤ ਵਿੱਚ ਨਗਰ ਕੀਰਤਨ ਦੀ ਆਮਦ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਭਾਈ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਕੁਰਾਲੀ ਅਤੇ ਖਰੜ ਦੇ ਰਸਤੇ ਤੋਂ ਲਾਂਡਰਾਂ ਅਤੇ ਸੋਹਾਣਾ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਵਿੱਚ ਪਹੁੰਚੇਗਾ ਅਤੇ ਇੱਥੇ ਰਾਤ ਨੂੰ ਵਿਸ਼ਰਾਮ ਕਰਨ ਉਪਰੰਤ ਭਲਕੇ ਐਤਵਾਰ ਨੂੰ ਸਵੇਰੇ ਅੱਠ ਵਜੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ’ਚੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿੱਚ ਪਹੁੰਚੇਗਾ ਅਤੇ ਰਾਤ ਦੇ ਵਿਸ਼ਰਾਮ ਉਪਰੰਤ ਇਹ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…